ਡੇਰਾ ਪ੍ਰੇਮੀਆਂ ਕੀਤੀ ਸਿੱਖ ਪੰਥ ''ਚ ਵਾਪਸੀ, ਇੰਸਾਂ ਦੇ ਚਿੰਨ੍ਹ ਤੇ ਲੌਕਟ ਉਤਾਰ ਕੇ ਮਿੱਟੀ ''ਚ ਕੀਤੇ ਦਫ਼ਨ
Friday, Sep 01, 2017 - 07:06 AM (IST)

ਗੁਰੂ ਕਾ ਬਾਗ/ ਚੇਤਨਪੁਰਾ/ ਰਾਜਾਸਾਂਸੀ (ਨਿਰਵੈਲ/ ਭੱਟੀ/ ਬਾਠ) - ਡੇਰਾ ਸੱਚਾ ਸੌਦਾ (ਸਿਰਸਾ) ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ ਵੱਲੋਂ ਵੱਖ-ਵੱਖ ਕੇਸਾਂ 'ਚ ਸਜ਼ਾ ਸੁਣਾਏ ਜਾਣ ਅਤੇ ਸੱਚ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਤਹਿਸੀਲ ਅਜਨਾਲਾ ਅਧੀਨ ਆਉਂਦੇ ਪਿੰਡ ਕਿਆਮਪੁਰ ਜ਼ਿਲਾ ਅੰਮ੍ਰਿਤਸਰ ਦੇ ਡੇਰਾ ਸੱਚਾ ਸੌਦਾ (ਸਿਰਸਾ) ਦੇ ਪ੍ਰੇਮੀ ਮੁੜ ਸਿੱਖ ਪੰਥ 'ਚ ਸ਼ਾਮਿਲ ਹੋਣ ਵਾਲੇ 5 ਪਰਿਵਾਰਾਂ ਦੇ ਮੁਖੀ ਹਰਪਾਲ ਸਿੰਘ, ਰਣਜੀਤ ਸਿੰਘ, ਮਹਿਤਾਬ ਸਿੰਘ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਆਦਿ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਚਾਰਜ ਭਾਈ ਕਰਮਬੀਰ ਸਿੰਘ ਕਿਆਮਪੁਰ ਤੇ ਸਿੱਖੀ ਪ੍ਰਚਾਰ ਸੇਵਾ ਸੁਸਾਇਟੀ ਅਜਨਾਲਾ ਦੇ ਸਰਪ੍ਰਸਤ ਭਾਈ ਮਨਜੀਤ ਸਿੰਘ ਬਾਠ, ਪ੍ਰਧਾਨ ਨਰਿੰਦਰਪਾਲ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਭਾਈ ਕਾਬਲ ਸਿੰਘ ਸ਼ਾਹਪੁਰ ਆਦਿ ਵੱਲੋਂ ਗੁਰੂ ਜੀ ਦੀ ਬਖਸ਼ਿਸ਼ ਸਿਰਪਾਓ ਦੇ ਸਨਮਾਨਿਤ ਕੀਤਾ ਗਿਆ।ਇਨ੍ਹਾਂ ਪਰਿਵਾਰਾਂ ਨੂੰ ਸਿੱਖ ਪੰਥ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਜਾਮੇ ਇੰਸਾਂ ਦੇ ਚਿੰਨ੍ਹ, ਲੌਕਟ ਉਤਾਰ ਕੇ ਕੂੜੇ ਵਾਲੀ ਟੋਕਰੀ ਵਿਚ ਪਾ ਕੇ ਮਿੱਟੀ ਵਿਚ ਦਫ਼ਨਾ ਦਿੱਤੇ ਗਏ। ਇਸ ਮੌਕੇ ਸਿੱਖ ਪੰਥ ਵਿਚ ਵਾਪਸ ਆਉਣ ਵਾਲੇ ਹਰਪਾਲ ਸਿੰਘ, ਮਹਿਤਾਬ ਸਿੰਘ ਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਪਰਿਵਾਰਾਂ ਸਮੇਤ ਡੇਰਾ ਸੱਚਾ ਸੌਦਾ (ਸਿਰਸਾ) ਵਿਖੇ ਜਾ ਰਹੇ ਸਨ ਪਰ ਗੁਰਮੀਤ ਰਾਮ ਰਹੀਮ ਵੱਲੋਂ ਆਪਣੇ ਡੇਰੇ 'ਚ ਸਾਧਵੀਆਂ ਨਾਲ ਕੀਤੇ ਜਬਰ-ਜ਼ਨਾਹ ਦੇ ਮਾਮਲੇ 'ਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਹ ਹੁਣ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਾਜ਼ਰੀ ਵਿਚ ਅਰਦਾਸ ਬੇਨਤੀ ਕਰਨ ਉਪਰੰਤ ਗੁਰੂ ਜੀ ਦੀ ਸ਼ਰਨ ਵਿਚ ਵਾਪਸ ਆਏ ਹਨ। ਉਨ੍ਹਾਂ ਦੱਸਿਆ ਕਿ ਜਦ ਵੀ ਅਸੀਂ ਡੇਰਾ ਸੱਚਾ ਸੌਦਾ ਜਾਂਦੇ ਸੀ ਤਾਂ ਸਾਨੂੰ ਕਦੇ ਵੀ ਗੁਰਮੀਤ ਰਾਮ ਰਹੀਮ ਕੋਲ ਨਹੀਂ ਜਾਣ ਦਿੱਤਾ ਜਾਂਦਾ ਸੀ।
ਉਨ੍ਹਾਂ ਕਿਹਾ ਕਿ ਕੁਝ ਪਰਿਵਾਰ ਹੋਰ ਵੀ ਸਾਡੇ ਸੰਪਰਕ ਵਿਚ ਹਨ, ਉਨ੍ਹਾਂ ਨੂੰ ਵੀ ਜਲਦ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਆ ਜਾਵੇਗਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਆਪਣੀ ਭੁੱਲ ਬਖਸ਼ਾ ਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਗੇ।ਇਸ ਮੌਕੇ ਗੱਲਬਾਤ ਕਰਦਿਆਂ ਸਿੱਖੀ ਪ੍ਰਚਾਰ ਸੇਵਾ ਸੁਸਾਇਟੀ ਅਜਨਾਲਾ ਦੇ ਸਰਪ੍ਰਸਤ ਮਨਜੀਤ ਸਿੰਘ ਬਾਠ, ਪ੍ਰਧਾਨ ਨਰਿੰਦਰਪਾਲ ਸਿੰਘ ਢਿੱਲੋਂ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਕਾਬਲ ਸਿੰਘ ਸ਼ਾਹਪੁਰ ਨੇ ਸਾਂਝੇ ਤੌਰ 'ਤੇ ਕਿਹਾ ਕਿ ਹੋਰ ਲੋਕ ਜੋ ਵੱਖ-ਵੱਖ ਅਖੌਤੀ ਬਾਬਿਆਂ ਦੇ ਡੇਰਿਆਂ 'ਤੇ ਜਾ ਰਹੇ ਹਨ, ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ। ਇਸ ਮੌਕੇ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੂਬਾ ਪ੍ਰਧਾਨ ਕਾਰਜਵਿੰਦਰ ਸਿੰਘ ਬੁੱਟਰ, ਸੁਸਾਇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਬਾਜਵਾ, ਡਾ. ਕੁਲਵੰਤ ਸਿੰਘ ਨਿੱਝਰ, ਪਰਮਜੀਤ ਸਿੰਘ ਸ਼ਾਹਪੁਰ, ਜਗਤਾਰ ਸਿੰਘ ਜੱਜ, ਕੁਲਦੀਪ ਸਿੰਘ, ਗੁਲਜ਼ਾਰ ਸਿੰਘ ਕੋਟਲੀ, ਬਾਬਾ ਕੁਲਦੀਪ ਸਿੰਘ, ਜਸਮੇਰ ਸਿੰਘ, ਗੁਰਦੇਵ ਸਿੰਘ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਬੀਰ ਸਿੰਘ, ਬਲਬੀਰ ਸਿੰਘ, ਗੁਰਪ੍ਰਤਾਪ ਸਿੰਘ ਆਦਿ ਹਾਜ਼ਰ ਸਨ।