ਡੇਰਾ ਮੁਖੀ ਵਿਵਾਦ ਤੋਂ ਬਾਅਦ ਹੌਲੀ-ਹੌਲੀ ਰੇਲ ਹੀ ਨਹੀਂ ਹਾਲਾਤ ਵੀ ਆਏ ਪਟੜੀ ''ਤੇ

08/30/2017 6:32:18 AM

ਸੁਲਤਾਨਪੁਰ ਲੋਧੀ, (ਧੀਰ)- ਡੇਰਾ ਸੱਚਾ ਸੌਦਾ ਮੁਖੀ ਨੂੰ ਕੋਰਟ ਵਲੋਂ ਸਜ਼ਾ ਸੁਣਾਉਣ ਉਪਰੰਤ ਪੂਰੇ ਸੂਬੇ 'ਚ ਪੈਦਾ ਹੋਈ ਡਰ ਤੇ ਤਨਾਓ ਵਾਲੀ ਸਥਿਤੀ ਨੂੰ ਵੇਖਦਿਆਂ ਹੋਇਆਂ ਅਸਤ-ਵਿਅਸਤ ਹੋਇਆ ਜਨ-ਜੀਵਨ ਹੌਲੀ-ਹੌਲੀ ਹੁਣ ਆਮ ਵਾਂਗ ਹੁੰਦਾ ਜਾ ਰਿਹਾ ਹੈ। ਸਰਕਾਰ ਵਲੋਂ ਪ੍ਰਸ਼ਾਸਨ ਨੂੰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣ ਦੇ ਹੁਕਮਾਂ 'ਤੇ ਪੁਲਸ ਵਲੋਂ ਪੂਰੀ ਮੁਸਤੈਦੀ ਨਾਲ ਚੱਪੇ-ਚੱਪੇ 'ਤੇ ਨਾਕੇ ਲਗਾ ਕੇ ਵਾਹਨਾਂ ਦੀ ਰੋਕ ਕੇ ਤਲਾਸ਼ੀ ਲਈ ਗਈ। ਬਾਜ਼ਾਰਾਂ 'ਚ ਅੱਜ ਕਾਫੀ ਦਿਨਾਂ ਬਾਅਦ ਰੌਣਕ ਲੱਗ ਰਹੀ ਸੀ।
ਰੇਲਵੇ ਵਿਭਾਗ ਨੇ ਵੀ ਚਾਲੂ ਕੀਤੀਆਂ ਟਰੇਨਾਂ- ਹਾਲਾਤ ਨੂੰ ਆਮ ਹੁੰਦਿਆਂ ਵੇਖ ਕੇ ਅੱਜ ਚਾਰ ਦਿਨਾਂ ਤੋਂ ਬੰਦ ਪਏ ਫਿਰੋਜ਼ਪੁਰ ਜਲੰਧਰ ਸੈਕਸ਼ਨ 'ਤੇ ਕੁਝ ਟਰੇਨਾਂ ਚਾਲੂ ਹੋਣ ਕਾਰਨ ਲੋਕਾਂ ਨੇ ਰਾਹਤ ਦੀ ਸਾਹ ਲਈ। ਹਾਲਾਂਕਿ ਰੇਲਵੇ ਸਟੇਸ਼ਨ 'ਤੇ ਅੱਜ ਮੁਸਾਫਿਰਾਂ ਦੀ ਗਿਣਤੀ ਘੱਟ ਸੀ ਤੇ ਟਰੇਨਾਂ ਵੀ ਖਾਲੀ ਹੀ ਗਈਆਂ, ਕਿਉਂਕਿ ਜ਼ਿਆਦਾ ਮੁਸਾਫਿਰਾਂ ਨੂੰ ਟਰੇਨਾਂ ਦੇ ਸ਼ੁਰੂ ਹੋਣ ਦਾ ਪਤਾ ਨਹੀਂ ਸੀ। ਇਸ ਮੌਕੇ 'ਜਗ ਬਾਣੀ' ਨੇ ਰੇਲਵੇ ਸਟੇਸ਼ਨ ਦਾ ਦੌਰਾ ਕਰਨ 'ਤੇ ਰੇਲਵੇ ਸਟੇਸ਼ਨ ਮਾਸਟਰ ਮਨੋਹਰ ਲਾਲ ਨੇ ਦੱਸਿਆ ਕਿ ਫਿਰੋਜ਼ਪੁਰ ਰੇਲ ਮੰਡਲ ਵਲੋਂ ਅੱਜ ਸਿਰਫ 4 ਪੈਸੰਜਰ ਗੱਡੀਆਂ 74937, 74938, 74939, 74940 ਹੀ ਜਲੰਧਰ ਤਕ ਚਲਾਈਆਂ ਗਈਆਂ ਹਨ। 
ਉਨ੍ਹਾਂ ਦੱਸਿਆ ਕਿ ਜੰਮੂ ਤਵੀ-ਬਠਿੰਡਾ ਐਕਸਪ੍ਰੈੱਸ ਗੱਡੀ ਨੰਬਰ 19226 ਅੱਜ ਰਾਤ ਨੂੰ ਜੰਮੂ ਤੋਂ ਚਲੇਗੀ ਤੇ ਸਵੇਰੇ 5 ਵਜੇ ਸਾਡੇ ਕੋਲ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਸਾਡੇ ਕੋਲ ਹਾਲੇ ਸਿਰਫ ਇਨ੍ਹਾਂ ਗੱਡੀਆਂ ਦੇ ਚੱਲਣ ਦੀ ਸੂਚਨਾ ਆਈ ਹੈ ਬਾਕੀ ਹੋਰ ਵੀ ਰੱਦ ਹੋਈਆਂ ਟਰੇਨਾਂ ਹਾਲਾਤ ਨੂੰ ਆਮ ਵਾਂਗ ਹੁੰਦਿਆਂ ਵੇਖ ਚੱਲ ਪੈਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚਾਰ ਦਿਨਾਂ 'ਚ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਨੂੰ ਟਰੇਨਾਂ ਰੱਦ ਹੋਣ ਕਾਰਨ ਲੱਖਾਂ ਦਾ ਆਰਥਿਕ ਨੁਕਸਾਨ ਹੋਇਆ ਹੈ। 
ਪੁਲਸ ਵਲੋਂ ਲਾਏ ਨਾਕੇ ਅੱਜ ਵੀ ਰਹੇ ਬਰਕਰਾਰ- ਡੇਰਾ ਮੁਖੀ ਨੂੰ ਬੀਤੇ ਦਿਨ ਕੋਰਟ ਵਲੋਂ ਸਜ਼ਾ ਸੁਣਾਉਣ ਤੋਂ ਉਪਰੰਤ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਵਾਪਰਨ ਦੇ ਅੰਦੇਸ਼ੇ ਨਾਲ ਪੁਲਸ ਵਲੋਂ ਲਗਾਏ ਗਏ ਨਾਕੇ ਅੱਜ ਵੀ ਬਰਕਰਾਰ ਰਹੇ। ਇਸ ਸੰਬੰਧੀ ਗੱਲਬਾਤ ਕਰਦਿਆਂ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਚਾਹੇ ਪਹਿਲੇ ਨਾਲੋਂ ਹਾਲਤ ਅੱਜ ਹੋਰ ਸੁਧਰੇ ਹਨ ਪਰ ਪੁਲਸ ਇਸ ਸੰਬੰਧ 'ਚ ਕੋਈ ਵੀ ਰਿਸਕ ਨਹੀਂ ਉਠਾਵੇਗੀ। ਉਨ੍ਹਾਂ ਕਿਹਾ ਕਿ ਅੱਜ ਵੀ ਪੁਲਸ ਵਲੋਂ ਡਰ ਵਾਲੀਆਂ ਥਾਵਾਂ 'ਤੇ ਪੈਟਰੋਲਿੰਗ ਗਸ਼ਤ ਜਾਰੀ ਰਹੀ। ਤਲਵੰਡੀ ਪੁਲ ਚੌਕ, ਸ਼ਹੀਦ ਉੂਧਮ ਸਿੰਘ ਚੌਕ, ਲੋਹੀਆਂ ਚੂੰਗੀ ਰੋਡ, ਰੇਲਵੇ ਸਟੇਸ਼ਨ, ਚੌਕ ਚੇਲਿਆਂ ਆਦਿ 'ਚ ਪੁਲਸ ਤਾਇਨਾਤ ਰਹੀ ਤੇ ਹਰੇਕ ਸ਼ੱਕੀ ਵਾਹਨ ਦੀ ਰੋਕ ਕੇ ਬਕਾਇਦਾ ਤਲਾਸ਼ੀ ਵੀ ਲਈ ਗਈ। ਸੁਰੱਖਿਆ ਸਬੰਧੀ ਕਿਸੇ ਵੀ ਢਿੱਲ ਨੂੰ ਨਕਾਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ। ਇਸ ਮੌਕੇ ਏ. ਐੱਸ. ਆਈ. ਬਲਜਿੰਦਰ ਸਿੰਘ ਐੱਚ. ਸੀ. ਹਰੀਸ਼ ਕੁਮਾਰ, ਐੱਸ. ਸੀ. ਅਵਤਾਰ ਸਿੰਘ ਆਦਿ ਹਾਜ਼ਰ ਸਨ।
ਦੁਕਾਨਦਾਰਾਂ ਦੇ ਚਿਹਰਿਆਂ 'ਤੇ ਪਰਤੀ ਰੌਣਕ- ਹਾਲਾਂਕਿ ਅੱਜ ਕਰੀਬ ਸਾਰਾ ਦਿਨ ਮੀਂਹ ਪੈਂਦਾ ਰਿਹਾ ਪਰ ਲੋਕਾਂ ਦੀ ਬਾਜ਼ਾਰਾਂ 'ਚ ਹੋਈ ਚਹਿਲ ਪਹਿਲ ਨੇ ਦੁਕਾਨਦਾਰਾਂ ਦੇ ਚਿਹਰਿਆਂ 'ਤੇ ਰੌਣਕ ਲਿਆ ਦਿੱਤੀ। ਬੀਤੇ 4 ਦਿਨਾਂ ਤੋਂ ਮੰਦੇ ਦੀ ਮਾਰ ਝੱਲ ਰਹੇ ਦੁਕਾਨਦਾਰਾਂ ਨੇ ਕਿਹਾ ਕਿ ਪਹਿਲਾਂ ਤਾਂ ਸਾਰਾ ਦਿਨ ਖਾਲੀ ਬਤੀਤ ਹੀ ਨਹੀਂ ਹੋ ਰਿਹਾ ਸੀ ਪਰ ਅੱਜ ਗਾਹਕਾਂ ਵਲੋਂ ਕੀਤੀ ਖਰੀਦਦਾਰੀ ਨਾਲ ਹੌਸਲਾ ਵਧਿਆ ਹੈ।


Related News