ਡੇਰੇ ਦੀ ਗੱਦੀ ਦੇ ਵਿਵਾਦ ਨੂੰ ਲੈ ਕੇ ਡੇਰਾ ਮੁਖੀ ਤੇ ਪਿੰਡ ਵਾਸੀ ਆਹਮੋ-ਸਾਹਮਣੇ

Friday, Jul 03, 2020 - 10:59 AM (IST)

ਡੇਰੇ ਦੀ ਗੱਦੀ ਦੇ ਵਿਵਾਦ ਨੂੰ ਲੈ ਕੇ ਡੇਰਾ ਮੁਖੀ ਤੇ ਪਿੰਡ ਵਾਸੀ ਆਹਮੋ-ਸਾਹਮਣੇ

ਜੋਗਾ (ਗੋਪਾਲ): ਪਿੰਡ ਰੱਲਾ ਵਿਖੇ ਪਿੰਡ 'ਚ ਬਣੇ ਡੇਰਾ ਬਾਬਾ ਮਸਤ ਰਾਮ 'ਚ ਡੇਰਾ ਮੁਖੀ ਗੋਪਾਲ ਦਾਸ ਵਲੋਂ ਆਪਣੇ ਕਰੀਬੀ ਨੂੰ ਡੇਰੇ ਦੀ ਗੱਦੀ ਦੇਣ ਅਤੇ ਮਹੰਤ ਸੁਰਮੁੱਖ ਦਾਸ ਨੂੰ ਡੇਰੇ 'ਚੋਂ ਬਾਹਰ ਕੱਢਣ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਰੋਸ ਵਜੋਂ ਡੇਰੇ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਵਿਵਾਦ ਨੂੰ ਲੈ ਕੇ ਪਿੰਡ ਵਾਸੀ ਤੇ ਡੇਰਾ ਮੁਖੀ ਆਹਮੋ-ਸਾਹਮਣੇ ਹੋ ਗਏ ਹਨ। ਪੁਲਸ ਵਲੋਂ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪਿੰਡ ਨੂੰ ਛਾਉਣੀ 'ਚ ਤਬਦੀਲ ਕਰ ਦਿੱਤਾ ਹੈ, ਜਿਸ ਨਾਲ ਪਿੰਡ ਵਾਸੀ ਕਾਫ਼ੀ ਸਹਿਮੇ ਹੋਏ ਹਨ। ਪਿੰਡ ਵਾਸੀ ਤੇ ਯੂਥ ਆਗੂ ਰੁਪਿੰਦਰ ਸਿੰਘ ਲਾਲੀ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਡੇਰਾ ਮੁਖੀ ਦੀ ਅਗਲੀ ਗੱਦੀ ਦੇਣ ਨੂੰ ਲੈ ਕੇ ਵਿਵਾਦ ਚੱਲਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਰੇ 'ਚ ਪਿੰਡ ਦੇ ਜੰਮਪਲ ਪਿਛਲੇ ਲਗਭਗ 40 ਸਾਲਾਂ ਤੋਂ ਮਹੰਤ ਸੁਰਮੁੱਖ ਦਾਸ ਡੇਰੇ ਦੀ ਤਨ-ਮਨ ਨਾਲ ਸੇਵਾ ਕਰਦੇ ਆ ਰਹੇ ਹਨ ਪਰ ਡੇਰਾ ਮੁਖੀ ਗੋਪਾਲ ਦਾਸ ਆਪਣੀ ਮਨਮਰਜ਼ੀ ਨਾਲ ਪਿੰਡ ਵਾਸੀਆਂ ਦਾ ਸਾਂਝਾ ਧਾਰਮਕ ਸਥਾਨ ਹੋਣ ਕਰ ਕੇ ਨਗਰ ਦੀ ਸਹਿਮਤੀ ਤੋਂ ਬਿਨਾਂ ਮਹੰਤ ਸੁਰਮੁੱਖ ਦਾਸ ਨੂੰ ਡੇਰੇ 'ਚੋਂ ਬਾਹਰ ਕੱਢ ਕੇ ਆਪਣੇ ਕਰੀਬੀ ਬਾਹਰੋਂ ਲਿਆਂਦੇ ਨੌਜਵਾਨ ਮਹੰਤ ਨੂੰ ਡੇਰੇ ਦੀ ਗੱਦੀ 'ਤੇ ਬਿਠਾਉਣਾ ਚਾਹੁੰਦੇ ਹਨ, ਜਿਸਦਾ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ।

ਇਹ ਵੀ ਪੜ੍ਹੋ: ਆਈਸੋਲੇਸ਼ਨ ਵਾਰਡ 'ਚ ਤਾਇਨਾਤ ਨਰਸ ਰਾਤ ਸਮੇਂ ਆਪਣੇ ਪਤੀ ਨੂੰ ਮਿਲਣ ਕਾਰਨ ਵਿਵਾਦਾਂ 'ਚ ਘਿਰੀ

ਉਨ੍ਹਾਂ ਕਿਹਾ ਕਿ ਪਿਛਲੇ ਸਮੇਂ 'ਚ ਮਹੰਤ ਸੁਰਮੁੱਖ ਦਾਸ ਨੂੰ ਅਗਲੀ ਗੱਦੀ ਦੇਣ ਦਾ ਲਿਖਤੀ ਸਮਝੌਤਾ ਹੋਇਆ ਸੀ, ਜਿਸ 'ਤੇ ਡੇਰਾ ਮੁਖੀ ਖਰੇ ਨਹੀਂ ਉੱਤਰੇ ਪਰ ਹੁਣ ਬੀਤੇ ਕੱਲ ਸੰਤ ਸਮਾਜ ਮੰਡਲੀਆਂ ਵੱਲੋਂ ਗੱਲਬਾਤ ਕਰਨ ਤੋਂ ਬਾਅਦ ਅਗਲੀ ਗੱਦੀ ਮਹੰਤ ਸੁਰਮੁੱਖ ਦਾਸ ਨੂੰ ਦੇਣ ਦੇ ਫ਼ੈਸਲੇ 'ਤੇ ਸਹਿਮਤੀ ਜਤਾਈ ਗਈ ਸੀ ਪਰ ਡੇਰਾ ਮੁਖੀ ਉਸ ਸਮੇਂ ਤਾਂ ਰਾਜੀ ਹੋ ਗਏ ਤੇ ਬਾਅਦ 'ਚ ਰਾਤ ਸਮੇਂ ਉਸ ਫ਼ੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।ਸਰਪੰਚ ਮਨਜੀਤ ਸਿੰਘ ਤੇ ਪਿੰਡ ਵਾਸੀਆਂ ਕਿਹਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਿੰਡ ਦੇ ਸਾਂਝੇ ਧਾਰਮਕ ਸਥਾਨ ਲਈ ਬਿਨਾਂ ਭੇਦਭਾਵ ਤੋਂ ਹੱਕ ਦੀ ਲੜਾਈ ਲੜੀ ਜਾ ਰਹੀ ਹੈ ਪਰ ਪੁਲਸ ਵਲੋਂ ਪਿੰਡ ਵਾਸੀਆਂ ਤੇ ਹੋਰਨਾਂ 'ਤੇ ਮਾਮਲਾ ਦਰਜ ਕਰ ਕੇ ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਮਲੂਕਪੁਰਾ 'ਚ ਖਾਲਿਸਤਾਨ ਸਮਰਥਕ ਪੋਸਟਰ ਲੱਗਣ ਕਾਰਨ ਮਚੀ ਹਫੜਾ-ਦਫੜੀ

ਕਿਸਾਨ ਯੂਨੀਅਨ ਅਤੇ ਪਿੰਡ ਵਾਸੀਆਂ ਨੇ ਬਣਾਈ 17 ਮੈਂਬਰੀ ਕਮੇਟੀ
ਕਿਸਾਨ ਯੂਨੀਅਨ ਆਗੂਆਂ ਤੇ ਪਿੰਡ ਵਾਸੀਆਂ ਨੇ 17 ਮੈਂਬਰੀ ਕਮੇਟੀ ਬਣਾਉਣ 'ਤੇ ਫੈਸਲਾ ਲੈਂਦਿਆਂ ਕਿਹਾ ਜੇਕਰ ਡੇਰੇ ਦੀ ਅਗਲੀ ਗੱਦੀ ਮਹੰਤ ਸੁਰਮੁਖ ਦਾਸ ਨੂੰ ਨਾ ਦੇਣ ਦਾ ਫ਼ੈਸਲਾ ਲਿਆ ਗਿਆ, ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਉੱਧਰ ਇਸ ਵਿਵਾਦ ਨੂੰ ਲੈ ਕੇ ਦਿੱਤੇ ਜਾ ਰਹੇ ਰੋਸ ਧਰਨੇ 'ਤੇ ਪਿੰਡ ਵਾਸੀਆਂ ਤੇ ਕਿਸਾਨ ਯੂਨੀਅਨ ਡਕੌਂਦਾ ਗੁੱਟ ਦੇ ਵਰਕਰਾਂ 'ਤੇ ਜੋਗਾ ਪੁਲਸ ਵਲੋਂ ਮਾਮਲਾ ਦਰਜ ਕਰ ਕੇ ਕੁੱਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸਦਾ ਜਥੇਬੰਦੀਆਂ ਵਲੋਂ ਵਿਰੋਧ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ।

ਕੀ ਕਹਿੰਦੇ ਹਨ ਡੀ. ਐੱਸ. ਪੀ.
ਇਸ ਸਬੰਧੀ ਡੀ. ਐੱਸ. ਪੀ. ਮਾਨਸਾ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੁਲਸ ਕਾਨੂੰਨ ਮੁਤਾਬਕ ਆਪਣਾ ਕੰਮ ਕਰ ਰਹੀ ਹੈ। ਡੇਰੇ ਦੀ ਗੱਦੀ ਸਬੰਧੀ ਫ਼ੈਸਲਾ ਮਾਣਯੋਗ ਅਦਾਲਤ 'ਚ ਚੱਲ ਰਿਹਾ ਹੈ, ਇਸ ਸਬੰਧੀ ਜੋ ਫ਼ੈਸਲਾ ਕਰਨਾ ਹੈ, ਉਹ ਅਦਾਲਤ ਹੀ ਕਰੇਗੀ।

ਕੀ ਕਹਿੰਦੇ ਹਨ ਡੇਰਾ ਮੁਖੀ
ਇਸ ਸਬੰਧੀ ਡੇਰਾ ਮੁਖੀ ਗੋਪਾਲ ਦਾਸ ਦਾ ਕਹਿਣਾ ਹੈ ਕਿਹਾ ਉਨ੍ਹਾਂ 'ਤੇ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ, ਜੋ ਸੱਚਾਈ ਹੈ, ਜਲਦ ਸਾਰਿਆਂ ਸਾਹਮਣੇ ਪੇਸ਼ ਕਰ ਦਿੱਤੀ ਜਾਵੇਗੀ।


author

Shyna

Content Editor

Related News