ਸਿਹਤ ਵਿਭਾਗ ਨੇ ਚੁੱਕਿਆ ਕਰਤਾਰਪੁਰ ਲਾਂਘੇ ''ਚ ਕੰਮ ਰਹੇ ਕਰਮਚਾਰੀਆਂ ਦੀ ਸਿਹਤ ਸੰਭਾਲ ਦਾ ਬੀੜਾ

10/16/2019 10:59:04 AM

ਡੇਰਾ ਬਾਬਾ ਨਾਨਕ (ਵਤਨ) : ਡੇਰਾ ਬਾਬਾ ਨਾਨਕ ਨਾਲ ਲਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣ ਰਹੇ ਕਰਤਾਰਪੁਰ ਲਾਂਘੇ ਵਿਚ ਦੇਸ਼ 'ਚੋਂ ਆਏ ਕਰਮਚਾਰੀਆਂ ਦੀ ਸਿਹਤ ਸੰਭਾਲ ਦਾ ਬੀੜਾ ਪੰਜਾਬ ਦੇ ਸਿਹਤ ਵਿਭਾਗ ਨੇ ਚੁੱਕ ਲਿਆ ਹੈ। ਸਿਹਤ ਵਿਭਾਗ ਵਲੋਂ ਅੱਜ ਡਾ. ਪ੍ਰਭਜੋਤ ਕੌਰ ਦੀ ਅਗਵਾਈ ਵਾਲੀ ਟੀਮ ਨੇ ਕਰਤਾਰਪੁਰ ਯਾਤਰੀ ਟਰਮੀਨਲ ਅਤੇ ਨੈਸ਼ਨਲ ਹਾਈਵੇ ਦੇ ਨਿਰਮਾਣ ਕਰ ਰਹੇ ਕਰਮਚਾਰੀਆਂ ਦੀ ਸਿਹਤ ਸੰਭਾਲ ਸਬੰਧੀ ਜਾਂਚ ਕੀਤੀ ਅਤੇ 28 ਕਰਮਚਾਰੀਆਂ ਦੇ ਖੂਨ ਦੇ ਸੈਂਪਲ ਵੀ ਲਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਲਾਂਘਾ ਖੁੱਲ੍ਹਣ ਅਤੇ ਟਰਮੀਨਲ ਦਾ ਕੰਮ ਚਲਦੇ ਰਹਿਣ ਤੱਕ ਸਿਹਤ ਵਿਭਾਗ ਦੀ ਸਮੁੱਚੀ ਟੀਮ ਇਸ ਸਥਾਨ 'ਤੇ ਡਿਊਟੀ ਕਰ ਕੇ ਕਰਮਚਾਰੀਆਂ ਦੀ ਸਿਹਤ ਸੰਭਾਲ ਕਰੇਗੀ, ਉਨ੍ਹਾਂ ਦਾ ਲਗਾਤਾਰ ਚੈੱਕਅਪ ਹੋਵੇਗਾ ਅਤੇ ਉਨ੍ਹਾਂ ਦਾ ਇਲਾਜ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡੇਂਗੂ, ਮਲੇਰੀਆ ਆਦਿ ਬੀਮਾਰੀਆਂ ਤੋਂ ਇਨ੍ਹਾਂ ਕਰਮਚਾਰੀਆਂ ਨੂੰ ਬਚਾਉਣਾ ਜ਼ਰੂਰੀ ਹੈ, ਜਿਸ ਲਈ ਫਾਗਿੰਗ ਮਸ਼ੀਨ ਰਾਹੀਂ ਸਪਰੇਅ ਕੀਤੀ ਗਈ ਹੈ ਅਤੇ ਉਨ੍ਹਾਂ ਨਗਰ ਕੌਂਸਲ ਨੂੰ ਹਦਾਇਤ ਵੀ ਜਾਰੀ ਕੀਤੀ ਕਿ 15 ਦਿਨ ਬਾਅਦ ਮੁੜ ਤੋਂ ਸਪਰੇਅ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦਾ ਅਮਲਾ ਸਾਰਾ ਦਿਨ ਲਾਂਘੇ ਵਾਲੇ ਸਥਾਨ 'ਤੇ ਰਹਿ ਕੇ ਕਰਮਚਾਰੀਆਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗਾ।


Baljeet Kaur

Content Editor

Related News