ਪਾਕਿ ਸਰਕਾਰ ਵਲੋਂ ਪਾਸਪੋਰਟ ਦੀ ਸ਼ਰਤ ਨੂੰ ਖਤਮ ਕਰਨ ਦੇ ਐਲਾਨ ਨਾਲ ਸੰਗਤਾਂ ਨੂੰ ਚੜ੍ਹਿਆ ਚਾਅ

Friday, Nov 01, 2019 - 06:13 PM (IST)

ਪਾਕਿ ਸਰਕਾਰ ਵਲੋਂ ਪਾਸਪੋਰਟ ਦੀ ਸ਼ਰਤ ਨੂੰ ਖਤਮ ਕਰਨ ਦੇ ਐਲਾਨ ਨਾਲ ਸੰਗਤਾਂ ਨੂੰ ਚੜ੍ਹਿਆ ਚਾਅ

ਡੇਰਾ ਬਾਬਾ ਨਾਨਕ (ਵਤਨ) : ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ 9 ਨਵੰਬਰ ਨੂੰ ਲਾਂਘਾ ਰਸਮੀ ਤੌਰ 'ਤੇ ਖੁੱਲਣ ਜਾ ਰਿਹਾ ਹੈ। ਸੰਗਤ ਇਸ ਸੁਭਾਗੇ ਦਿਨ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਜਿਉਂ-ਜਿਉਂ ਇਹ ਦਿਨ ਨਜ਼ਦੀਕ ਆਉਂਦਾ ਜਾ ਰਿਹਾ ਹੈ ਤਾਂ ਦੋਹਾਂ ਸਰਕਾਰਾਂ ਵਲੋਂ ਸੰਗਤਾਂ ਦੀ ਸਹੂਲਤ ਲਈ ਤਜਵੀਜ਼ਾਂ ਨੂੰ ਸੁਧਾਰਿਆ ਜਾ ਰਿਹਾ ਹੈ। ਇਸੇ ਲੜੀ ਹੇਠ ਪਾਕਿਸਤਾਨ ਸਰਕਾਰ ਨੇ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦਿਆਂ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਐਲਾਨ ਕੀਤਾ ਗਿਆ ਹੈ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਨੂੰ ਖਤਮ ਕਰ ਦਿੱਤੀ ਗਈ ਹੈ ਅਤੇ ਗੁਰਪੁਰਬ ਵਾਲੇ ਦੋ ਦਿਨਾਂ ਲਈ ਸੰਗਤ ਦੀ ਫੀਸ ਵੀ ਮੁਆਫ ਕਰ ਦਿੱਤੀ ਹੈ।

ਇਸ ਸਬੰਧੀ ਜਦੋਂ ਪੱਤਰਕਾਰਾਂ ਵਲੋਂ ਦੂਰਬੀਨ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਪਰਤ ਰਹੇ ਮਲਕੀਅਤ ਸਿੰਘ ਰਾਣਾ ਨੇ ਦੱਸਿਆ ਕਿ ਉਹ ਆਪਣੇ ਪੂਰੇ ਪਰਿਵਾਰ ਸਮੇਤ ਇਥੇ ਆਏ ਸਨ ਅਤੇ ਉਹ ਚਾਰ ਸਾਲ ਪਹਿਲਾਂ ਵੀ ਇਸ ਸਥਾਨ 'ਤੇ ਪਹੁੰਚ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਇਸ ਲਈ ਵਧਾਈ ਦੀ ਪਾਤਰ ਹੈ ਕਿ ਉਨ੍ਹਾਂ ਇੰਨੀਆਂ ਇਮਾਰਤਾਂ ਦਾ ਨਿਰਮਾਣ ਕੀਤਾ ਹੈ। ਇਸੇ ਤਰ੍ਹਾਂ ਰਮਿੰਦਰ ਸਿੰਘ ਲਾਡੀ ਜੋ ਕਿ ਉਤਰਾਖੰਡ ਦੇ ਸਾਬਕਾ ਕੈਬਨਿਟ ਮੰਤਰੀ ਵੀ ਹਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਪਹਿਲੀ ਵਾਰ ਇਸ ਸਥਾਨ 'ਤੇ ਆਏ ਹਨ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਪ੍ਰਸੰਨ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਗੁਰੂ ਨਾਨਕ ਨਾਮ ਲੇਵਾ ਸੰਗਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਫੀਸ ਨਹੀਂ ਦੇ ਸਕਦੀ, ਉਨ੍ਹਾਂ ਦੀ ਫੀਸ ਨੂੰ ਮੁਆਫ ਕਰ ਦੇਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਸੰਗਤ ਦਰਸ਼ਨਾਂ ਤੋਂ ਵਾਂਝੇ ਨਾ ਰਹਿ ਜਾਣ।
 


author

Baljeet Kaur

Content Editor

Related News