ਕਰਤਾਰਪੁਰ ਕਾਰੀਡੋਰ ਕਾਰਪੋਰੇਸ਼ਨ ਸੰਸਥਾ ਵਲੋਂ ਲਾਂਘੇ ਲਈ ਅਰਦਾਸ

Monday, Oct 14, 2019 - 04:49 PM (IST)

ਕਰਤਾਰਪੁਰ ਕਾਰੀਡੋਰ ਕਾਰਪੋਰੇਸ਼ਨ ਸੰਸਥਾ ਵਲੋਂ ਲਾਂਘੇ ਲਈ ਅਰਦਾਸ

ਡੇਰਾ ਬਾਬਾ ਨਾਨਕ (ਵਤਨ) : ਕਰਤਾਰਪੁਰ ਕਾਰੀਡੋਰ ਕਾਰਪੋਰੇਸ਼ਨ ਨਾਂ ਦੀ ਸੰਸਥਾ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਪਹੁੰਚ ਕੇ ਮਹੀਨਾਵਾਰ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਕਾਰਪੋਰੇਸ਼ਨ ਦੇ ਮੁਖੀ ਰਘਬੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਮੁਸਲਿਮ ਭਾਈਚਾਰੇ ਨੂੰ ਹੱਜ 'ਤੇ ਜਾਣ ਲਈ ਹੱਜ ਯਾਤਰੀਆਂ ਨੂੰ ਸਾਲਾਨਾ 100 ਕਰੋੜ ਦੀ ਹਵਾਈ ਸਫਰ ਲਈ ਸਬਸਿਡੀ ਦਿੰਦੀ ਹੈ ਅਤੇ ਇਸੇ ਤਰ੍ਹਾਂ ਕੈਲਾਸ਼ ਮਾਨਸਰੋਵਰ ਦੀ ਯਾਤਰਾ ਲਈ ਹਿੰਦੂ ਭਾਈਚਾਰੇ ਨੂੰ 50 ਹਜ਼ਾਰ ਰੁਪਏ ਨਕਦ ਦਿੰਦੀ ਹੈ ਅਤੇ ਇਕੱਲੇ ਯੂ. ਪੀ. ਵਿਚ ਇਲਾਹਾਬਾਦ ਦੇ ਕੁੰਭ ਮੇਲੇ ਲਈ 4200 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇਕ ਗਰੀਬ ਮੁਲਕ ਹੈ ਪਰ ਫਿਰ ਵੀ ਉਸ ਨੇ ਸਿੱਖ ਭਾਈਚਾਰੇ ਦੀਆਂ ਧਾਰਮਕ ਭਾਵਨਾਵਾਂ ਦੀ ਕਦਰ ਕਰਦਿਆਂ ਜਿਥੇ ਲਾਂਘੇ ਲਈ ਨਿਰਮਾਣ ਕਾਰਜ ਸ਼ੁਰੂ ਕਰਨ ਵਿਚ ਪਹਿਲ ਦਿਖਾਈ, ਉਥੇ ਹੀ ਇਸ ਲਾਂਘੇ ਲਈ 1000 ਕਰੋੜ ਰੁਪਏ ਦਾ ਬਜਟ ਵੀ ਮਨਜ਼ੂਰ ਕੀਤਾ।

ਉਨ੍ਹਾਂ ਕਿਹਾ ਕਿ ਉਹ ਹਰਗਿਜ਼ ਨਹੀਂ ਚਾਹੁੰਦੇ ਕਿ ਲਾਂਘੇ ਦੌਰਾਨ ਪਾਕਿਸਤਾਨ ਸਰਕਾਰ 'ਤੇ ਹੋਰ ਬੋਝ ਪਵੇ, ਇਸ ਲਈ ਉਹ ਲਾਂਘੇ ਦੀ 1400 ਰੁਪਏ ਦੀ ਫੀਸ ਪਾਕਿਸਤਾਨ ਤੋਂ ਮੁਆਫ ਕਰਵਾਉਣ ਦੀ ਬਜਾਏ ਭਾਰਤ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਹ ਇਸ ਲਾਂਘੇ ਦੀ ਫੀਸ ਲਈ ਬਾਕੀ ਫਿਰਕਿਆਂ ਦੀ ਤਰਜ 'ਤੇ ਸਿੱਖ ਭਾਈਚਾਰੇ ਨੂੰ ਸਬਸਿਡੀ ਦੇਵੇ। ਇਸ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਧਾਰਮਕ ਸੰਸਥਾਵਾਂ ਵੀ ਸਿੱਖ ਭਾਈਚਾਰੇ ਦੇ ਲੋਕਾਂ ਲਈ ਅੱਗੇ ਆਉਣ, ਤਾਂ ਜੋ ਸੰਗਤਾਂ ਆਪਣੇ ਤੋਂ ਵਿਛੋੜੇ ਗਏ ਗੁਰਧਾਮ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰ ਸਕਣ।


author

Baljeet Kaur

Content Editor

Related News