ਡੇਰਾ ਬਾਬਾ ਨਾਨਕ ਉਤਸਵ ਦੇ ਆਖਰੀ ਦਿਨ ਵੀ ਚੱਲਿਆ ਗੁਰਬਾਣੀ, ਕੀਰਤਨ ਦਾ ਪ੍ਰਵਾਹ

Monday, Nov 11, 2019 - 05:27 PM (IST)

ਡੇਰਾ ਬਾਬਾ ਨਾਨਕ ਉਤਸਵ ਦੇ ਆਖਰੀ ਦਿਨ ਵੀ ਚੱਲਿਆ ਗੁਰਬਾਣੀ, ਕੀਰਤਨ ਦਾ ਪ੍ਰਵਾਹ

ਡੇਰਾ ਬਾਬਾ ਨਾਨਕ (ਵਤਨ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਡੇਰਾ ਬਾਬਾ ਨਾਨਕ ਵਿਖੇ ਕਰਵਾਏ ਜਾ ਰਹੇ ਸ੍ਰੀ ਗੁਰੂ ਨਾਨਕ ਉਤਸਵ ਦੇ ਚੌਥੇ ਤੇ ਆਖਰੀ ਦਿਨ ਵੀ ਸੁਰ ਮੰਡਲ ਭਾਈ ਮਰਦਾਨਾ ਰਾਗ ਦਰਬਾਰ ਵਿਖੇ ਗੁਰੂ ਦੀ ਇਲਾਹੀ ਬਾਣੀ ਦੀ ਕਥਾ ਅਤੇ ਕੀਰਤਨ ਦਾ ਪ੍ਰਵਾਹ ਚੱਲਿਆ। ਜਿਸ 'ਚ ਪ੍ਰਸਿੱਧ ਕਥਾਵਾਚਕਾਂ ਨੇ ਗੁਰੂ ਦੀ ਬਾਣੀ ਦੀ ਕਥਾ ਅਤੇ ਕੀਰਤਨੀ ਜਥਿਆਂ ਨੇ ਪੁਰਾਤਨ ਤੰਤੀ ਸਾਜ਼ਾਂ ਨਾਲ ਰੱਬੀ ਬਾਣੀ ਦਾ ਗਾਇਨ ਕਰ ਕੇ ਪੂਰਾ ਦਿਨ ਗੁਰਬਾਣੀ ਦਾ ਪ੍ਰਵਾਹ ਚਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਇਸਤਰੀ ਸੰਮੇਲਨ, ਗੁਰਮਤਿ ਵਿਚਾਰ ਅਤੇ ਕਵੀਸ਼ਰੀ ਦਰਬਾਰ ਵੀ ਕਰਵਾਇਆ ਗਿਆ। ਇਸ ਮੌਕੇ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਵਲੋਂ ਕਥਾ ਰਾਹੀਂ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਗਿਆ। ਜਵੱਦੀ ਟਕਸਾਲ ਦੇ ਜਥੇ ਵਲੋਂ ਤੰਤੀ ਸਾਜ਼ਾਂ ਨਾਲ ਗੁਰਬਾਣੀ ਦੇ ਸ਼ਬਦ 'ਗੁਰ ਬਿਨ ਘੋਰ ਅੰਧਾਰ', 'ਜਾਹਰ ਪੀਰ ਜਗਤ ਗੁਰੂ ਬਾਬਾ' ਅਤੇ 'ਧੰਨ ਨਾਨਕ ਤੇਰੀ ਵੱਡੀ ਕਮਾਈ' ਦਾ ਗਾਇਨ ਕੀਤਾ ਗਿਆ। ਸੰਤ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਦੇ ਜਥੇ ਵਲੋਂ ਵੀ ਕੀਰਤਨ ਰਾਹੀਂ ਆਪਣੀ ਹਾਜ਼ਰੀ ਲਵਾਈ ਗਈ। ਸੰਤ ਹਰੀ ਸਿੰਘ ਰੰਧਾਵੇ ਵਾਲਿਆ ਵਲੋਂ ਕਥਾ ਰਾਹੀਂ ਗੁਰੂ ਦੀ ਬਾਣੀ ਦਾ ਗੁਣਗਾਨ ਕੀਤਾ ਗਿਆ। ਇਸ ਦੌਰਾਨ ਹੋਏ ਇਸਤਰੀ ਸੰਮੇਲਨ ਮੌਕੇ ਪ੍ਰਸਿੱਧ ਲੇਖਿਕਾਂ ਅਤੇ ਵਿਦਵਾਨ ਡਾ. ਹਰਸ਼ਿੰਦਰ ਕੌਰ ਦੀ ਕਿਤਾਬ 'ਗੁਰੂ ਨਾਨਕ ਦੀਆਂ ਮਾਨਵ ਕਲਿਆਣਕਾਰੀ ਸਿੱਖਿਆਵਾਂ' ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸੰਤ ਸਮਾਜ ਦੇ ਮੁਖੀ ਸਰਬਜੋਤ ਸਿੰਘ ਬੇਦੀ ਅਤੇ ਸੰਤ ਮਹਾਂਪੁਰਸ਼ਾਂ ਵਲੋਂ ਰਿਲੀਜ਼ ਕੀਤੀ ਗਈ।

PunjabKesariਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਸਾਨੂੰ ਅੱਜ ਵੀ ਬਾਬੇ ਨਾਨਕ ਦੀ ਬਾਣੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਅੱਜ ਵੀ ਸਮਾਜ 'ਚ ਬਰਾਬਰਤਾ, ਸਮਾਨਤਾ ਦਾ ਅਧਿਕਾਰ ਮਿਲਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀਆਂ ਸਿੱਖਿਆਵਾਂ ਅਨੁਸਾਰ ਸਾਨੂੰ ਔਰਤ ਪ੍ਰਤੀ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ। ਗੁਰੂ ਨਾਨਕ ਦੇਵ ਜੀ ਨੇ ਬਾਣੀ 'ਚ ਇਸਤਰੀ ਨੂੰ ਬਹੁਤ ਉੱਚਾ ਸਥਾਨ ਬਖਸ਼ਿਸ਼ ਕੀਤਾ ਹੈ ਅਤੇ ਸਾਨੂੰ ਔਰਤ ਦੇ ਹਰ ਰਿਸ਼ਤੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਭਰੂਣ ਹੱਤਿਆ ਸਮੇਤ ਸਮਾਜ 'ਚ ਫੈਲੀਆਂ ਵੱਖ-ਵੱਖ ਕੁਰੀਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਇਨ੍ਹਾਂ ਦੇ ਖਾਤਮੇ ਲਈ ਇਕਜੁੱਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ। ਇਸ ਮੌਕੇ ਆਪਣੇ ਸੰਬੋਧਨ 'ਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾਂ ਸੰਗਤਾਂ ਦੀਆਂ ਲੰਮੇ ਸਮੇਂ ਤੋਂ ਕੀਤੀਆਂ ਅਰਦਾਸਾਂ ਦਾ ਫਲ ਹੈ। ਉਨ੍ਹਾਂ ਡੇਰਾ ਬਾਬਾ ਨਾਨਕ ਉਤਸਵ 'ਚ ਪੁੱਜੀਆਂ ਸਮੂਹ ਸ਼ਖਸੀਅਤਾਂ, ਸੰਤ ਮਹਾਪੁਰਸ਼ਾਂ, ਕੀਰਤਨੀ ਜਥਿਆਂ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।

PunjabKesariਇਸ ਮੌਕੇ ਪ੍ਰਧਾਨ ਸੰਤ ਸਮਾਜ ਬਾਬਾ ਸਰਬਜੋਤ ਸਿੰਘ ਬੇਦੀ, ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਸੰਤ ਜਗਜੀਤ ਸਿੰਘ ਹਰਖੋਵਾਲ, ਸੰਤ ਸੁਰਿੰਦਰ ਸਿੰਘ ਮੋਹਾਲੀ, ਸੰਤ ਹਰਜਿੰਦਰ ਸਿੰਘ ਜੌਹਲਾਂ, ਗਿਆਨੀ ਨਛੱਤਰ ਸਿੰਘ ਭਿੰਡਰਾਂ, ਵੀਰ ਜੈਵਿੰਦਰ ਸਿੰਘ ਜੀ ਚੀਮਾ ਸਾਹਿਬ, ਸੰਤ ਬਾਬਾ ਸੁੱਧ ਸਿੰਘ ਟੂਸੇ, ਬਾਬਾ ਪਾਲ ਸਿੰਘ ਲੋਹੀਆਂ, ਸੰਤ ਗੁਰਮੀਤ ਸਿੰਘ ਖੋਸਾ ਕੋਟਲਾ, ਭਾਈ ਅਨਭੋਲ ਸਿੰਘ ਦੀਵਾਨਾ, ਬਾਬਾ ਜਸਬੀਰ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਤ ਮਹਾਪੁਰਸ਼ਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਹੀ ਬਾਣੀ ਦਾ ਗੁਣਗਾਨ ਸਰਵਣ ਕਰਨ ਆਈ ਸੰਗਤ ਹਾਜ਼ਰ ਸੀ। ਸਟੇਜ ਸੰਚਾਲਨ ਦੀ ਸੇਵਾ ਬਲਵਿੰਦਰ ਸਿੰਘ ਵੱਲੋਂ ਬਾਖ਼ੂਬੀ ਨਿਭਾਈ ਗਈ।


author

Baljeet Kaur

Content Editor

Related News