ਸਮਾਗਮਾਂ ਸਬੰਧੀ ਡੇਰਾ ਬਾਬਾ ਨਾਨਕ ਨੂੰ 8 ਸੈਕਟਰਾਂ ''ਚ ਵੰਡਿਆ ਗਿਆ
Saturday, Oct 12, 2019 - 10:47 AM (IST)

ਡੇਰਾ ਬਾਬਾ ਨਾਨਕ (ਵਤਨ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਨੂੰ ਮਨਾਉਣ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੀ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਵਲੋਂ ਟੈਂਟ ਸਿਟੀ ਦੇ ਕੰਮਾਂ ਦੀ ਸਮੀਖਿਆ ਸਬੰਧੀ ਉਚ ਪੱਧਰੀ ਮੀਟਿੰਗ ਸੱਦੀ ਗਈ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਸ਼ਤਾਬਦੀ ਸਮਾਗਮਾਂ ਅਤੇ ਲਾਂਘੇ ਸਬੰਧੀ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਲਈ ਡੇਰਾ ਬਾਬਾ ਨਾਨਕ ਨੂੰ ਅੱਠ ਸੈਕਟਰਾਂ ਵਿਚ ਵੰਡਿਆ ਗਿਆ ਹੈ, ਜਿਸ ਤਹਿਤ ਹਰ ਸੈਕਟਰ ਦਾ ਅਧਿਕਾਰੀ ਸੰਗਤ ਲਈ ਸਫਾਈ, ਸੁਰੱਖਿਆ ਆਦਿ ਦੇ ਪ੍ਰਬੰਧਾਂ ਦੀ ਅਗਵਾਈ ਕਰੇਗਾ। ਉਨ੍ਹਾਂ ਦੱਸਿਆ ਕਿ ਕਸਬੇ 'ਚ ਪੰਜ ਥਾਵਾਂ ਤੇ ਪਾਰਕਿੰਗ ਦਾ ਇੰਤਜ਼ਾਮ ਕੀਤਾ ਗਿਆ, ਜਿਸ ਅਧੀਨ 70 ਤੋਂ 75 ਏਕੜ ਜ਼ਮੀਨ ਨੂੰ ਐਕਵਾਇਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤ ਦੇ ਆਉਣ ਕਾਰਨ ਟਰੈਫਿਕ ਦੇ ਰੋਡ ਮੈਪ ਤਿਆਰ ਕੀਤੇ ਗਏ ਹਨ ਤਾਂ ਕਿ ਸੰਗਤ ਕਿਸੇ ਵੀ ਭੀੜ ਜਾਂ ਧੱਕੇ ਮੁੱਕੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਲੰਗਰ ਕਮੇਟੀ ਦੇ ਪ੍ਰਬੰਧਕਾਂ ਨਾਲ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਲੰਗਰ ਵਾਲੀਆਂ ਸੰਸਥਾਵਾਂ ਨੂੰ ਥਾਵਾਂ 'ਤੇ ਵੰਡ ਕੀਤੀ ਜਾ ਸਕੇ । ਇਸ ਮੀਟਿੰਗ ਵਿਚ ਐੱਸ.ਐੱਸ.ਪੀ ਬਟਾਲਾ ਉਪਿੰਦਰਜੀਤ ਸਿੰਘ , ਏ. ਡੀ. ਸੀ. ਤਜਿਦਰਪਾਲ ਸਿੰਘ, ਏ. ਡੀ. ਸੀ. ਰਮਨ ਕੋਛੜ, ਐੱਸ. ਡੀ. ਐੱਮ. ਗੁਰਸਿਮਰਨ ਸਿੰਘ ਢਿੱਲੋਂ, ਐੱਸ. ਡੀ. ਐੱਮ. ਸਕੱਤਰ ਸਿੰਘ ਬੱਲ, ਕਾਰਜ ਸਾਧਕ ਅਫਸਰ ਅਨਿਲ ਮਹਿਤਾ, ਤਹਿਸੀਲਦਾਰ ਕੁਲਦੀਪ ਸਿੰਘ, ਨਾਇਬ ਤਹਿਸੀਲਦਾਰ ਨਵਕੀਰਤ ਸਿੰਘ, ਐਕਸੀਅਨ ਮੋਹਤਮ ਸਿੰਘ, ਬੀ. ਡੀ. ਪੀ. ਓ. ਜਸਬੀਰ ਸਿੰਘ ਢਿੱਲੋਂ, ਐੱਸ. ਡੀ. ਓ. ਗੁਰਨਾਮ ਸਿੰਘ ਆਦਿ ਹਾਜ਼ਰ ਸਨ।