ਜਲੰਧਰ ਦੇ ਡਿਪਟੀ ਕਤਲ ਕਾਂਡ ’ਚ ਪੋਸਟਮਾਰਟਮ ਦੌਰਾਨ ਵੱਡਾ ਖ਼ੁਲਾਸਾ

06/22/2021 10:30:03 PM

ਜਲੰਧਰ (ਸੁਧੀਰ) : ਸਥਾਨਕ ਗੋਪਾਲ ਨਗਰ ਨੇੜੇ ਪੈਂਦੀ ਨਵੀਂ ਦਾਣਾ ਮੰਡੀ ਨਜ਼ਦੀਕ ਦਿਨ-ਦਿਹਾੜੇ ਮਿੱਕੀ ਅਗਵਾ ਕਾਂਡ ਵਿਚ ਨਾਮਜ਼ਦ ਰਹੇ ਕਾਂਗਰਸ ਦੇ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਕਤਲ ਕਾਂਡ ਵਿਚ ਕਮਿਸ਼ਨਰੇਟ ਪੁਲਸ ਨੇ ਮੁਲਜ਼ਮਾਂ ਵੱਲੋਂ ਵਾਰਦਾਤ ਵਿਚ ਵਰਤੀ ਸਵਿਫਟ ਕਾਰ ਬਰਾਮਦ ਕਰ ਲਈ ਹੈ। ਦੂਜੇ ਪਾਸੇ ਪੁਲਸ ਦਾਅਵਾ ਕਰ ਰਹੀ ਹੈ ਕਿ ਵਾਰਦਾਤ ਵਿਚ ਵਰਤੀ ਗਈ ਸਵਿਫਟ ਕਾਰ ’ਤੇ ਮੁਲਜ਼ਮਾਂ ਨੇ ਜਾਅਲੀ ਨੰਬਰ ਲਾਇਆ ਹੋਇਆ ਸੀ, ਜਿਸ ਦੀ ਭਾਲ ਜਾਰੀ ਹੈ। ਇਹ ਵੀ ਚਰਚਾ ਹੈ ਕਿ ਕਮਿਸ਼ਨਰੇਟ ਪੁਲਸ ਨੇ ਇਸ ਕਤਲ ਕਾਂਡ ਦੀ ਗੁੱਥੀ ਸੁਲਝਾਉਣ ਲਈ ਕਈ ਲੋਕਾਂ ਨੂੰ ਪੁੱਛਗਿੱਛ ਲਈ ਰਾਊਂਡਅਪ ਕੀਤਾ ਹੈ, ਜਿਨ੍ਹਾਂ ਕੋਲੋਂ ਕਈ ਅਹਿਮ ਸੁਰਾਗ ਮਿਲੇ ਹਨ ਪਰ ਫਿਲਹਾਲ ਪੁਲਸ ਨੇ ਇਸ ਮਾਮਲੇ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ।

ਇਹ ਵੀ ਪੜ੍ਹੋ : ਦੂਜੇ ਦਿਨ ਜਲੰਧਰ ’ਚ ਫਿਰ ਵਾਰਦਾਤ, ਦੋਸਤਾਂ ਨੂੰ ਦਿਖਾਉਣ ਲਈ ਕੱਢਿਆ ਦੇਸੀ ਕੱਟਾ, ਗੋਲ਼ੀ ਚੱਲਣ ਨਾਲ ਨੌਜਵਾਨ ਦੀ ਮੌਤ

ਸੋਮਵਾਰ ਦੁਪਹਿਰ 3 ਵਜੇ ਪੋਸਟਮਾਰਟਮ ਤੋਂ ਬਾਅਦ ਡਿਪਟੀ ਦਾ ਹਰਨਾਮਦਾਸਪੁਰਾ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਕਾਂਗਰਸ ਦੇ ਵਿਧਾਇਕ ਬਾਵਾ ਹੈਨਰੀ ਸਮੇਤ ਵੱਡੀ ਗਿਣਤੀ ਵਿਚ ਲੋਕ ਡਿਪਟੀ ਦੀ ਅੰਤਿਮ ਯਾਤਰਾ ਵਿਚ ਸ਼ਾਮਲ ਹੋਏ। ਡਿਪਟੀ ਦੇ ਪਿਤਾ ਅਤੇ ਉਸਦੇ ਛੋਟੇ ਬੇਟੇ ਨੇ ਉਸ ਦੀ ਚਿਖਾ ਨੂੰ ਅਗਨੀ ਦਿੱਤੀ। ਵਰਣਨਯੋਗ ਵਿਚ ਬੀਤੇ ਦਿਨੀਂ ਸਥਾਨਕ ਨਵੀਂ ਦਾਣਾ ਮੰਡੀ ਨੇੜੇ ਇਕ ਸਵੀਟ ਸ਼ਾਪ ਨਜ਼ਦੀਕ ਜਿਉਂ ਹੀ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਆਪਣੇ ਬੁਲੇਟ ਮੋਟਰਸਾਈਕਲ ’ਤੇ ਪੁੱਜਾ ਤਾਂ ਸਵਿਫਟ ਕਾਰ ਵਿਚ ਸਵਾਰ ਮੁਲਜ਼ਮਾਂ ਨੇ ਉਸਨੂੰ ਟੱਕਰ ਮਾਰ ਕੇ ਹੇਠਾਂ ਸੁੱਟ ਦਿੱਤਾ। ਉਪਰੰਤ ਕਾਰ ਸਵਾਰ 3 ਮੁਲਜ਼ਮਾਂ ਨੇ ਸੜਕ ਦੇ ਵਿਚਾਲੇ ਦਿਨ-ਦਿਹਾੜੇ ਡਿਪਟੀ ’ਤੇ ਤਾਬੜਤੋੜ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਲੋਕ ਦਹਿਸ਼ਤ ਵਿਚ ਸੜਕਾਂ ’ਤੇ ਇਧਰ-ਉਧਰ ਭੱਜਣ ਲੱਗੇ। ਡਿਪਟੀ ਦੇ ਕੁਝ ਜਾਣਕਾਰਾਂ ਨੇ ਉਸਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਇਹ ਵੀ ਪੜ੍ਹੋ : ਕੋਟਕਪੂਰਾ ਵਿਚ ਜ਼ਬਰਦਸਤ ਗੈਂਗਵਾਰ, ਅੰਨ੍ਹੇਵਾਹ ਚੱਲੀਆਂ ਗੋਲ਼ੀਆਂ, ਇਕ ਨੌਜਵਾਨ ਦੀ ਮੌਤ

ਪੋਸਟਮਾਰਟਮ ਦੌਰਾਨ ਡਿਪਟੀ ਦੇ ਸਰੀਰ ’ਚੋਂ ਨਿਕਲੀਆਂ 5 ਗੋਲੀਆਂ
ਸਿਵਲ ਹਸਪਤਾਲ ਵਿਚ ਦੁਪਹਿਰ ਸਮੇਂ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਦੇ ਸਰੀਰ ਵਿਚੋਂ 5 ਗੋਲ਼ੀਆਂ ਨਿਕਲੀਆਂ। ਡਾਕਟਰਾਂ ਦੇ 3 ਮੈਂਬਰੀ ਬੋਰਡ ਨੇ ਡਿਪਟੀ ਦੀ ਲਾਸ਼ ਦਾ ਪੋਸਟਮਾਰਟਮ ਕੀਤਾ। ਹਾਲਾਂਕਿ ਉਸਨੂੰ ਲੱਗੀਆਂ ਗੋਲ਼ੀਆਂ ਮਿਲ ਨਹੀਂ ਰਹੀਆਂ ਸਨ, ਜਿਸ ਕਾਰਨ ਡਿਪਟੀ ਦੇ ਸਰੀਰ ਦੀ ਸੀ. ਟੀ. ਸਕੈਨ ਅਤੇ ਐਕਸਰੇ ਵੀ ਕਰਵਾਏ ਗਏ। ਹਸਪਤਾਲ ਦੇ ਸੂਤਰਾਂ ਤੋਂ ਪਤਾ ਲੱਗਾ ਕਿ ਡਿਪਟੀ ਦੇ ਸਿਰ ਵਿਚੋਂ ਇਕ ਗੋਲ਼ੀ, ਚੂਲੇ ਵਿਚੋਂ 2, ਲੱਤ ਅਤੇ ਛਾਤੀ ਵਿਚੋਂ 1-1 ਗੋਲੀ ਨਿਕਲੀ ਹੈ। ਹਾਲਾਂਕਿ ਉਸਦੇ ਸਰੀਰ ਵਿਚੋਂ ਲਗਭਗ 2-3 ਗੋਲੀਆਂ ਆਰ-ਪਾਰ ਹੋ ਚੁੱਕੀਆਂ ਸਨ।

ਇਹ ਵੀ ਪੜ੍ਹੋ : ਕੈਪਟਨ ਦੀ ਕੋਠੀ ਨੇੜਿਓਂ ਮਿਲੀ ਨੌਜਵਾਨ ਦੀ ਲਾਸ਼, ਧੜ ਤੋਂ ਵੱਖ ਹੋਇਆ ਸਿਰ ਦੇਖ ਕੰਬੇ ਲੋਕ

ਪੁਲਸ ਕਰ ਸਕਦੀ ਹੈ ਜਲਦ ਖੁਲਾਸਾ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਹੱਤਿਆ ਕਾਂਡ ਨੂੰ ਸੁਲਝਾਉਣ ਲਈ ਪੁਲਸ ਮੁਲਜ਼ਮਾਂ ਦੇ ਨੇੜੇ ਪਹੁੰਚ ਚੁੱਕੀ ਹੈ ਅਤੇ ਉਸਨੇ ਕੁਝ ਮੁਲਜ਼ਮਾਂ ਨੂੰ ਹਿਰਾਸਤ ਵਿਚ ਵੀ ਲਿਆ ਹੈ। ਇਸ ਗੱਲ ਦੀ ਅਜੇ ਕਮਿਸ਼ਨਰੇਟ ਪੁਲਸ ਨੇ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਜਲਦ ਇਸ ਮਾਮਲੇ ਵਿਚ ਪੁਲਸ ਪ੍ਰੈੱਸ ਕਾਨਫਰੰਸ ਕਰ ਕੇ ਖੁਲਾਸਾ ਕਰ ਸਕਦੀ ਹੈ। ਘਟਨਾ ਤੋਂ ਬਾਅਦ ਕਮਿਸ਼ਨਰੇਟ ਪੁਲਸ ਇਸ ਮਾਮਲੇ ਨੂੰ ਪੂਰੀ ਰਾਤ ਸੁਲਝਾਉਣ ਵਿਚ ਲੱਗੀ ਰਹੀ। ਪੁਲਸ ਨੇ ਡਿਪਟੀ ਦੇ ਕਈ ਨਜ਼ਦੀਕੀਆਂ ਨੂੰ ਵੀ ਪੁੱਛਗਿੱਛ ਲਈ ਥਾਣੇ ਬੁਲਾਇਆ। ਇਸ ਦੇ ਨਾਲ ਹੀ ਇਹ ਵੀ ਚਰਚਾ ਹੈ ਕਿ ਪੁਲਸ ਨੇ ਇਸ ਮਾਮਲੇ ਵਿਚ 4 ਲੋਕਾਂ ਨੂੰ ਪੁੱਛਗਿੱਛ ਲਈ ਰਾਊਂਡਅਪ ਕੀਤਾ ਹੈ ਅਤੇ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਢਵਾ ਕੇ ਮੁਲਜ਼ਮਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਕਾਬੂ ਲੋਕਾਂ ਕੋਲੋਂ ਕਤਲ ਦੇ ਕਾਰਨਾਂ ਬਾਰੇ ਜਾਣਕਾਰੀ ਹਾਸਲ ਕਰ ਰਹੀ ਹੈ ਕਿ ਆਖਿਰ ਅਜਿਹੀ ਕੀ ਰੰਜਿਸ਼ ਸੀ, ਜਿਸ ਕਾਰਨ ਡਿਪਟੀ ਦੀ ਸ਼ਰੇਆਮ ਕਤਲ ਕਰ ਦਿੱਤਾ ਸੀ ਪਰ ਫਿਲਹਾਲ ਪੁਲਸ ਨੇ ਇਸ ਗੱਲ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ।

ਇਹ ਵੀ ਪੜ੍ਹੋ : ਨਵਾਂਸ਼ਹਿਰ ’ਚ ਵੱਡੀ ਘਟਨਾ, ਬੈਂਕ ’ਚ ਪੈਨਸ਼ਨ ਲੈਣ ਆਈ ਬੀਬੀ ਦੇ ਲੱਗੀ ਗੋਲ਼ੀ

ਦੂਜੇ ਪਾਸੇ ਭਾਜਪਾ ਦੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਦੋਸ਼ ਲਾਇਆ ਕਿ ਸ਼ਹਿਰ ਵਿਚ ਦਿਨ-ਦਿਹਾੜੇ ਗੋਲੀਆਂ ਚੱਲਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਦੱਸਿਆ ਕਿ ਅਜੇ ਕੁਝ ਸਮਾਂ ਪਹਿਲਾਂ ਹੀ ਸੋਢਲ ਇਲਾਕੇ ਵਿਚ ਵੀ ਗੋਲ਼ੀਆਂ ਮਾਰ ਕੇ ਟਿੰਕੂ ਨਾਂ ਦੇ ਨੌਜਵਾਨ ਦਾ ਸ਼ਰੇਆਮ ਕਤਲ ਕਰ ਦਿੱਤਾ ਸੀ। ਡਿਪਟੀ ਦੇ ਕਤਲ ਨੂੰ ਅਜੇ ਇਕ ਦਿਨ ਵੀ ਨਹੀਂ ਹੋਇਆ ਕਿ ਸੋਮਵਾਰ ਨੂੰ ਕਿਸ਼ਨਪੁਰਾ ਵਿਚ ਇਕ ਨੌਜਵਾਨ ਦੀ ਫਿਰ ਗੋਲੀ ਲੱਗਣ ਕਾਰਣ ਮੌਤ ਹੋ ਗਈ। ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਰ ਵਿਚ ਸ਼ਰੇਆਮ ਗੋਲੀਆਂ ਚੱਲਣੀਆਂ ਆਮ ਗੱਲ ਹੋ ਗਈ ਹੈ, ਜਿਸ ਕਾਰਨ ਸ਼ਹਿਰ ਵਾਸੀ ਖੌਫਜ਼ਦਾ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਪਰਾਧੀਆਂ ਦੀ ਨਕੇਲ ਕੱਸ ਕੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।

ਇਹ ਵੀ ਪੜ੍ਹੋ : ਨਾਭਾ ਸਕਿਓਰਟੀ ਜੇਲ੍ਹ ’ਚ ਮੋਬਾਈਲ ਸਪਲਾਈ ਕਰਨ ਵਾਲਾ ਥਾਣੇਦਾਰ ਗ੍ਰਿਫ਼ਤਾਰ

ਜੇਲ ’ਚੋਂ ਪੈਰੋਲ ’ਤੇ ਆਏ ਅਪਰਾਧੀਆਂ ਦੀ ਜਾਣਕਾਰੀ ਇਕੱਠੀ ਕਰਨ ’ਚ ਲੱਗੀ ਪੁਲਸ
ਦੂਜੇ ਪਾਸੇ ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਮਿੱਕੀ ਅਗਵਾ ਤੇ ਫਿਰੌਤੀ ਕਾਂਡ ਵਿਚ ਕਾਫੀ ਸਮਾਂ ਜੇਲ ਵਿਚ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਸਦੀ ਜੇਲ ਵਿਚ ਕਈ ਲੋਕਾਂ ਨਾਲ ਵੀ ਰੰਜਿਸ਼ ਦੀ ਗੱਲ ਸਾਹਮਣੇ ਆ ਰਹੀ ਹੈ। ਦੂਜੇ ਪਾਸੇ ਕਮਿਸ਼ਨਰੇਟ ਪੁਲਸ ਜੇਲ ਵਿਚ ਡਿਪਟੀ ਦੇ ਨਾਲ ਸੰਪਰਕ ਵਿਚ ਰਹਿਣ ਵਾਲੇ ਲੋਕਾਂ ਬਾਰੇ ਵੀ ਜਾਣਕਾਰੀ ਇਕੱਠੀ ਕਰ ਰਹੀ ਹੈ ਕਿ ਉਸ ਦੀ ਕਿਹੜੇ-ਕਿਹੜੇ ਲੋਕਾਂ ਨਾਲ ਰੰਜਿਸ਼ ਸੀ ਅਤੇ ਉਨ੍ਹਾਂ ਵਿਚੋਂ ਕੋਈ ਪੈਰੋਲ ’ਤੇ ਬਾਹਰ ਤਾਂ ਨਹੀਂ ਆਇਆ।

ਇਹ ਵੀ ਪੜ੍ਹੋ : ਖੰਨਾ ’ਚ ਗੁਰਦੁਆਰਾ ਮੰਜੀ ਸਾਹਿਬ ਨੇੜੇ ਵੱਡਾ ਹਾਦਸਾ, ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਮਾਮਲੇ ਨੂੰ ਸੁਲਝਾਉਣ ਲਈ ਅਧਿਕਾਰੀ ਕਰਦੇ ਰਹੇ ਸਾਰਾ ਦਿਨ ਮੀਟਿੰਗ
ਕਮਿਸ਼ਨਰੇਟ ਪੁਲਸ ਦੇ ਅਧਿਕਾਰੀ ਇਸ ਮਾਮਲੇ ਨੂੰ ਸੁਲਝਾਉਣ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਹੁਕਮਾਂ ਮੁਤਾਬਕ ਡੀ. ਸੀ. ਪੀ. ਗੁਰਮੀਤ ਿਸੰਘ, ਏ. ਡੀ. ਸੀ. ਪੀ. ਜਗਜੀਤ ਸਿੰਘ ਸਰੋਆ, ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਸ਼ੇਤਰਾ ਅਤੇ ਥਾਣਾ ਨੰਬਰ 2 ਦੇ ਇੰਚਾਰਜ ਸੁਖਬੀਰ ਸਿੰਘ ਅਤੇ ਹੋਰ ਟੀਮਾਂ ਇਸ ਸਨਸਨੀਖੇਜ਼ ਮਾਮਲੇ ਨੂੰ ਸੁਲਝਾਉਣ ਲਈ ਦਿਨ-ਰਾਤ ਲੱਗੀਆਂ ਹੋਈਆਂ ਹਨ। ਡੀ. ਸੀ. ਪੀ. ਗੁਰਮੀਤ ਸਿੰਘ ਦੀ ਅਗਵਾਈ ਵਿਚ ਕੁਝ ਟੀਮਾਂ ਘਟਨਾ ਸਥਾਨ ਦੇ ਆਲੇ-ਦੁਆਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਢਵਾ ਰਹੀਆਂ ਹਨ, ਜਦੋਂ ਕਿ ਘਟਨਾ ਸਥਾਨ ਨੇੜਲਾ ਡੰਪ ਡਾਟਾ ਕਢਵਾ ਕੇ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਬੱਚਿਆਂ ਨਾਲ ਸਬੰਧਤ ਨਗਨ ਵੀਡੀਓ ਵੇਖਣ ਅਤੇ ਅਦਾਨ-ਪ੍ਰਦਾਨ ਕਰਨ ਵਾਲਿਆਂ ’ਤੇ ਵੱਡੀ ਕਾਰਵਾਈ

ਡਿਪਟੀ ਦੇ ਪਿਤਾ ਦੇ ਬਿਆਨਾਂ ’ਤੇ ਪੁਲਸ ਨੇ ਦਰਜ ਕੀਤਾ ਮਾਮਲਾ
ਕਮਿਸ਼ਨਰੇਟ ਪੁਲਸ ਨੇ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਦੀ ਹੱਤਿਆ ਦੇ ਮਾਮਲੇ ਵਿਚ ਉਸਦੇ ਪਿਤਾ ਜਰਨੈਲ ਸਿੰਘ ਨਿਵਾਸੀ ਮਕਾਨ ਨੰਬਰ 967 ਸਾਵਨ ਨਗਰ ਦੇ ਬਿਆਨਾਂ ’ਤੇ ਹੱਤਿਆ ਦਾ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਡਿਪਟੀ ਦੇ ਪਿਤਾ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਬੇਟੇ ਨਾਲ ਘਰ ਵਿਚ ਬੈਠੇ ਚਾਹ ਪੀ ਰਹੇ ਸਨ। ਸ਼ਾਮੀਂ ਲਗਭਗ 5.15 ਵਜੇ ਡਿਪਟੀ ਨੂੰ ਕਿਸੇ ਦਾ ਫੋਨ ਆਇਆ, ਜਿਸ ਤੋਂ ਬਾਅਦ ਉਸਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਹ ਕਿਸੇ ਦੇ ਜਨਮ ਦਿਨ ਦਾ ਕੇਕ ਕੱਟਣ ਲਈ ਜਾ ਰਿਹਾ ਹੈ ਅਤੇ ਕੁਝ ਹੀ ਸਮੇਂ ਬਾਅਦ ਵਾਪਸ ਆ ਜਾਵੇਗਾ। ਉਨ੍ਹਾਂ ਦੱਸਿਆ ਕਿ ਘਰੋਂ ਜਾਣ ਦੇ ਲਗਭਗ 4-5 ਮਿੰਟਾਂ ਬਾਅਦ ਹੀ ਉਨ੍ਹਾਂ ਨੂੰ ਸਤਬੀਰ ਪੁੱਤਰ ਵਜ਼ੀਰ ਸਿੰਘ ਨੇ ਦੱਸਿਆ ਕਿ ਮਾਈ ਬਾਪ ਸਵੀਟ ਸ਼ਾਪ ਨੇੜੇ ਚਿੱਟੇ ਰੰਗ ਦੀ ਸਵਿਫਟ ਕਾਰ, ਜਿਸ ਦਾ ਨੰਬਰ ਪੀ ਬੀ 08 ਸੀ ਜ਼ੈੱਡ-7336 ਸੀ, ਵਿਚ ਸਵਾਰ 4-5 ਅਣਪਛਾਤੇ ਨੌਜਵਾਨਾਂ ਨੇ ਡਿਪਟੀ ’ਤੇ ਤਾਬੜਤੋੜ ਗੋਲੀਆਂ ਚਲਾ ਕੇ ਉਸਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਡਿਪਟੀ ਗੰਭੀਰ ਜ਼ਖ਼ਮੀ ਹਾਲਤ ਵਿਚ ਮੋਟਰਸਾਈਕਲ ਸਮੇਤ ਜ਼ਮੀਨ ’ਤੇ ਡਿੱਗਿਆ ਪਿਆ ਹੈ।
ਸੂਚਨਾ ਮਿਲਦੇ ਹੀ ਉਹ ਆਪਣੇ ਭਤੀਜੇ ਹਰਪ੍ਰੀਤ ਸਿੰਘ ਨਾਲ ਘਟਨਾ ਸਥਾਨ ’ਤੇ ਪੁੱਜੇ ਅਤੇ ਡਿਪਟੀ ਨੂੰ ਹਸਪਤਾਲ ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਡਿਪਟੀ ਦੀ ਮੌਤ ਦੀ ਖ਼ਬਰ ਸੁਣਦੇ ਹੀ ਉਸਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ ਕਿ ‘ਫਾਦਰਜ਼ ਡੇਅ’ ਦੇ ਮੌਕੇ ’ਤੇ ਡਿਪਟੀ ਆਪਣੇ ਪਿਤਾ ਤੇ ਪਰਿਵਾਰਕ ਮੈਂਬਰਾਂ ਨਾਲ ਘਰ ਵਿਚ ਬੈਠਾ ਚਾਹ ਪੀ ਰਿਹਾ ਸੀ ਕਿ ਕੁਝ ਹੀ ਮਿੰਟਾਂ ਵਿਚ ਉਸ ਦੀ ਸ਼ਰੇਆਮ ਗੋਲੀਆਂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ ਗਈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News