ਡਿਪਟੀ ਕਮਿਸ਼ਨਰ ਵੱਲੋਂ ''ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ'' ਦਾ ਜਾਇਜ਼ਾ

Thursday, Nov 23, 2017 - 02:09 AM (IST)

ਡਿਪਟੀ ਕਮਿਸ਼ਨਰ ਵੱਲੋਂ ''ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ'' ਦਾ ਜਾਇਜ਼ਾ

ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)- ਜ਼ਿਲਾ ਸੰਗਰੂਰ 'ਚ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਜ਼ਮੀਨੀ ਪੱਧਰ 'ਤੇ ਸਰਵੇਖਣ ਕਰ ਕੇ ਲੋੜਵੰਦਾਂ ਨੂੰ ਲਾਭ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਅਮਰਪ੍ਰਤਾਪ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਹੋਈ।
ਸ਼੍ਰੀ ਵਿਰਕ ਨੇ ਸਮੂਹ ਐੱਸ. ਡੀ. ਐੱਮਜ਼ ਨੂੰ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਹਰੇਕ ਤਹਿਸੀਲ ਅੰਦਰ ਪਿੰਡ ਪੱਧਰ 'ਤੇ ਗਠਿਤ ਕਮੇਟੀਆਂ ਨੂੰ ਫਾਰਮ ਭਰਨ ਦੀ ਸਿਖਲਾਈ ਮੁਹੱਈਆ ਕਰਵਾਈ ਜਾਵੇ ਅਤੇ ਬਕਾਇਦਾ ਕਮੇਟੀ 'ਚ ਸ਼ਾਮਲ ਸਬੰਧਤ ਅਧਿਕਾਰੀਆਂ ਦੀ ਹਰ ਘਰ ਤੱਕ ਪਹੁੰਚ ਨੂੰ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਸਰਕਾਰ ਦੀਆਂ ਯੋਜਨਾਵਾਂ ਬਾਰੇ ਸਰਵੇਖਣ ਕਰਨ ਵਾਲੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਫਾਰਮ ਨੂੰ ਦਰੁੱਸਤ ਅਤੇ ਤਸੱਲੀ ਨਾਲ ਭਰਿਆ ਜਾਵੇ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਭਲਾਈ ਸਕੀਮਾਂ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਿਸ਼ੇਸ਼ ਤੌਰ 'ਤੇ ਸਰਵੇ ਕਰਵਾਉਣ ਦਾ ਮਕਸਦ ਯੋਗ ਲਾਭਪਾਤਰੀਆਂ ਨੂੰ ਭਵਿੱਖ ਅੰਦਰ ਸਰਕਾਰੀ ਯੋਜਨਾਵਾਂ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਸਮੂਹ ਐੱਸ. ਡੀ. ਐੱਮਜ਼ ਨੂੰ ਹਦਾਇਤ ਕੀਤੀ ਕਿ 15 ਦਸੰਬਰ ਤੱਕ ਸਰਵੇ ਦੇ ਕੰਮ ਨੂੰ 50 ਫ਼ੀਸਦੀ ਅਤੇ 31 ਦਸੰਬਰ ਤੱਕ 100 ਫ਼ੀਸਦੀ ਮੁਕੰਮਲ ਕਰਵਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ  ਆਸ਼ੀਰਵਾਦ (ਸ਼ਗਨ) ਸਕੀਮ, ਆਟਾ-ਦਾਲ, ਪੈਨਸ਼ਨਾਂ, ਐੱਸ. ਸੀ./ਬੀ. ਸੀ. ਕਰਜ਼ਾ ਯੋਜਨਾ, ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਸਕੀਮ, ਮੁਦਰਾ ਰਿਣ, ਪੋਸਟ ਮੈਟ੍ਰਿਕ ਸਕਾਲਰਸ਼ਿਪ, ਬੇਘਰਿਆਂ ਨੂੰ ਪਲਾਟ ਤੇ ਆਵਾਸ ਯੋਜਨਾ ਤਹਿਤ ਘਰ ਦੇਣ ਦੀ ਸਕੀਮ, ਕੈਂਸਰ ਤੇ ਹੋਰ ਬੀਮਾਰੀਆਂ ਦਾ ਇਲਾਜ, ਸਕਿੱਲ ਡਿਵੈੱਲਪਮੈਂਟ ਸਿਖਲਾਈ ਦੀ ਜਾਣਕਾਰੀ, ਮਨਰੇਗਾ ਤਹਿਤ ਰਜਿਸਟ੍ਰੇਸ਼ਨ, ਪਖਾਨਿਆਂ ਦਾ ਨਿਰਮਾਣ ਆਦਿ ਸਕੀਮਾਂ ਸ਼ਾਮਲ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਜਿੰਦਰ ਸਿੰਘ ਬੱਤਰਾ, ਐੱਸ. ਡੀ. ਐੱਮ. ਲਹਿਰਾ ਬਿਕਰਮਜੀਤ ਸਿੰਘ ਸ਼ੇਰਗਿੱਲ, ਐੱਸ. ਡੀ. ਐੱਮ. ਧੂਰੀ ਅਮਰੇਸ਼ਵਰ ਸਿੰਘ, ਐੱਸ. ਡੀ. ਐੱਮ. ਭਵਾਨੀਗੜ੍ਹ ਗੀਤਿਕਾ ਸਿੰਘ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਪਾਲ ਸਿੰਘ, ਏ. ਪੀ. ਓ. ਸ਼੍ਰੀ ਆਰ. ਕੇ. ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਮੁਖੀ ਵੀ ਹਾਜ਼ਰ ਸਨ।


Related News