ਲੁਟੇਰਿਆਂ 'ਤੇ ਭਾਰੀ ਪੈਣ ਵਾਲੀ ਕੁਡ਼ੀ ਨੂੰ ਮਿਲੇਗਾ 51 ਹਜ਼ਾਰ ਰੁਪਏ ਦਾ ਇਨਾਮ

09/01/2020 9:06:24 PM

ਜਲੰਧਰ-(ਵਿਕਰਮ ਸਿੰਘ ਕੰਬੋਜ਼) ਜ਼ਿਲ੍ਹੇ ਦੇ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ 15 ਸਾਲਾ ਕੁਸੁਮ ਜਿਸ ਨੇ ਇਕ ਦੋਸ਼ੀ ਵਲੋਂ ਉਸ 'ਤੇ ਹਮਲਾ ਕਰਕੇ ਉਸ ਦੇ ਗੁੱਟ ਨੂੰ ਗੰਭੀਰ ਜਖ਼ਮੀ ਕਰ ਦਿੱਤਾ ਸੀ ਉਸਦੇ ਬਾਵਜੂਦ ਉਸਨੇ ਲਾਮਿਸਾਲ ਹੌਸਲੇ ਅਤੇ ਬਹਾਦਰੀ ਨਾਲ ਮੋਬਾਇਲ ਖੋਹਣ ਵਾਲਿਆਂ ਦੀ ਕੋਸ਼ਿਸ਼ ਨੂੰ ਅਸਫ਼ਲ ਕਰ ਦਿੱਤਾ ਸੀ ਉਸ ਦੀ ਇਸ ਬਹਾਦਰੀ ਨੂੰ ਦੇਖਦੇ ਹੋਏ 51 ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ। 
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਪ੍ਰਸ਼ਾਸਨ ਵਲੋਂ ਦੂਸਰੀਆਂ ਲੜਕੀਆਂ ਨੂੰ ਪ੍ਰੇਰਿਤ ਕਰਨ ਲਈ ਕੁਸੁਮ ਦੇ ਨਾਮ ਨੂੰ ਬੇਟੀ ਬਚਾਓ,ਬੇਟੀ ਪੜਾਓ ਪ੍ਰੋਗਰਾਮ ਤਹਿਤ ਵਰਤਿਆ ਜਾਵੇਗਾ ਅਤੇ 'ਡੈਡੀ ਕੀ ਲਾਡਲੀ' ਆਨਲਾਈਨ ਮੁਕਾਬਲਾ ਵੀ ਕਰਵਾਇਆ ਜਾਵੇਗਾ ਤਾਂ ਜੋ ਨੌਜਵਾਨ ਲੜਕੀਆਂ ਇਸ ਵਿੱਚ ਸ਼ਮੂਲੀਅਤ ਕਰਕੇ ਇਹ ਦੱਸ ਸਕਣ ਕਿ ਕਿਵੇਂ ਉਨ੍ਹਾਂ ਦੀਆਂ ਦਾਦੀ ਮਾਵਾਂ ਉਨ੍ਹਾਂ ਨੂੰ ਅੱਗੇ ਵੱਧਣ ਲਈ ਹੌਸਲਾ ਅਫ਼ਜਾਈ ਕਰ ਰਹੀਆਂ ਹਨ।  
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 3 ਲੜਕੀਆਂ ਨੂੰ 10000 ਰੁਪਏ, 5000 ਰੁਪਏ ਅਤੇ 2000 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। 
ਉਨ੍ਹਾਂ ਕਿਹਾ ਕਿ ਕੁਸੁਮ ਨੇ ਜਲੰਧਰ ਦੇ ਮਾਣ ਨੂੰ ਵਧਾਇਆ ਹੈ ਅਤੇ ਉਹ ਸਮਾਜ ਲਈ ਇਕ ਮਾਰਗ ਦਰਸ਼ਕ ਬਣ ਗਈ ਹੈ। 'ਕੁਸੁਮ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜੇਕਰ ਲੜਕੀਆਂ ਨੂੰ ਅਗੇ ਵੱਧਣ ਦੇ ਮੌਕੇ ਪ੍ਰਦਾਨ ਕੀਤੇ ਜਾਣ ਤਾਂ ਉਹ ਹਰ ਸਫ਼ਲਤਾ ਨੂੰ ਪ੍ਰਾਪਤ ਕਰ ਸਕਦੀਆਂ ਹਨ'। ਕੁਸੁਮ ਨੇ ਕਿਹਾ ਕਿ ਉਸ ਦੇ ਪਰਿਵਾਰ ਨੇ ਉਸ ਨੂੰ ਐਨ.ਸੀ.ਸੀ. ਅਤੇ ਤਾਇਕਵਾਂਡੋ ਲਈ ਪ੍ਰੇਰਿਤ ਕੀਤਾ ਜਿਸ ਸਦਕਾ ਉਸ ਵਿੱਚ ਵਿਸ਼ਵਾਸ਼ ਪੈਦਾ ਹੋਇਆ ਅਤੇ ਉਹ ਗੁੱਟ ਤੋਂ ਗੰਭੀਰ ਜਖ਼ਮੀ ਹੋਣ ਦੇ ਬਾਵਜੂਦ ਮਜਬੂਤ ਹੌਸਲੇ ਦਾ ਪ੍ਰਦਰਸ਼ਨ ਕਰ ਸਕੀ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁਸੁਮ ਨੂੰ ਨਕਦ ਇਨਾਮ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਫੰਡ ਵਿਚੋਂ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਸ਼ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਵਿੱਚ ਮਹਿਲਾ ਸਸ਼ਕਤੀਕਰਨ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਸਚਮੁੱਚ ਇਹ ਦੇਸ਼ ਅਤੇ ਖਾਸ ਕਰਕੇ ਔਰਤਾਂ ਦੀ ਕਿਸਮਤ ਬਦਲਣ ਵਿੱਚ ਸਹਾਈ ਸਿੱਧ ਹੋਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਲੋਕਾਂ ਵਿੱਚ ਲੜਕੀ ਅਤੇ ਲੜਕੇ ਦੇ ਫ਼ਰਕ ਨੂੰ ਮਿਟਾਉਣ ਲਈ ਜਾਗਰੂਕਤਾ ਪੈਦਾ ਕਰਨ ਵਿੱਚ ਬਹੁਤ ਮਦਦਗਾਰ ਸਾਬਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸੰਜੀਦਾ ਯਤਨ ਕੀਤੇ ਜਾ ਰਹੇ ਹਨ। 
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਬਹਾਦੁਰ ਕੁਸੁਮ ਦੇ ਨਾਮ ਦਾ ਵਾਲੇ ਸੁਭੰਕਰ (ਮਸਕਟ) ਦੀ ਵਰਤੋਂ ਕਰਨ ਲਈ ਜਲਦ ਐਲਾਨ ਕਰ ਦਿੱਤਾ ਜਾਵੇਗਾ, ਕਿਉਂਕਿ ਵਿਭਾਗ ਦੀ ਟੀਮ ਉਸ ਦੇ ਪਰਿਵਾਰ ਨਾਲ ਗੱਲਬਾਤ ਕਰ ਰਹੀ ਹੈ। 
ਉਨ੍ਹਾਂ ਕਿਹਾ ਕਿ ਦਾਦੀ ਕੀ ਲਾਡਲੀ ਆਨਲਾਈਨ ਮੁਕਾਬਲੇ ਕਰਵਾਏ ਜਾਣਗੇ ਜਿਸ ਵਿੱਚ ਹੋਰ ਨੌਜਵਾਨ ਲੜਕੀਆਂ ਸਿਰਕਤ ਕਰ ਸਕਣਗੀਆਂ। ਉਨ੍ਹਾਂ ਕਿਹਾ ਕਿ ਮੁਕਾਬਲਿਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਆਉਣ ਵਾਲੇ ਕੁਝ ਦਿਨਾਂ ਦੌਰਾਨ ਸਾਂਝੀ ਕੀਤੀ ਜਾਵੇਗੀ। 


Bharat Thapa

Content Editor

Related News