ਡਿਪਟੀ ਕਮਿਸ਼ਨਰ ਵੱਲੋਂ ਆਕਸੀਜਨ ਭੰਡਾਰ, ਹਸਪਤਾਲ ਅਤੇ ਕੰਟਰੋਲ ਰੂਮ ਦੀ ਅਚਨਚੇਤ ਜਾਂਚ
Monday, Apr 26, 2021 - 10:06 PM (IST)
ਅੰਮ੍ਰਿਤਸਰ (ਵਿਪਨ ਅਰੋੜਾ)- ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਬੀਤੀ ਰਾਤ ਕੋਰੋਨਾ ਮਰੀਜ਼ਾਂ ਦੇ ਇਲਾਜ, ਆਕਸੀਜਨ ਭੰਡਾਰ ਦੀ ਸਪਲਾਈ ਚੇਨ ਤੇ ਵੰਡ, ਕੋਵਿਡ ਕੰਟਰੋਲ ਰੂਮ ਤੋਂ ਦਿੱਤੀ ਜਾ ਰਹੀ ਸਹਾਇਤਾ ਆਦਿ ਦਾ ਨਿਰੀਖਣ ਕਰਨ ਲਈ ਦੇਰ ਰਾਤ ਉਕਤ ਸਥਾਨਾਂ ਦੀ ਜਾਂਚ ਕੀਤੀ ਗਈ। ਖਹਿਰਾ ਨੇ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਸਪਲਾਈ ਕਰ ਰਹੀ ਅੰਮਿ੍ਤਸਰ ਦੀ ਮੁੱਖ ਗੈਸ ਨਿਰਮਾਤਾ ਭੁੱਲਰ ਗੈਸ ਦਾ ਵੀ ਦੌਰਾ ਕੀਤਾ। ਇਸ ਮੌਕੇ ਉਥੋਂ ਹੋ ਰਹੀ ਸਪਲਾਈ ਅਤੇ ਉਤਪਾਦਨ ਨੂੰ ਵਾਚਿਆ। ਖਹਿਰਾ ਨੇ ਦੱਸਿਆ ਕਿ ਆਕਸੀਜਨ ਦੀ ਸਪਲਾਈ ਘੱਟ ਆਉਣ ਕਾਰਨ ਅਸੀਂ ਰੋਜ਼ਾਨਾ ਦੀ ਲੋੜ ਹੀ ਪੂਰੀ ਕਰ ਰਹੇ ਹਾਂ, ਸੁਰੱਖਿਅਤ ਭੰਡਾਰ ਨਾਂਹ ਦੇ ਬਰਾਬਰ ਹੈ।
ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਹਸਪਤਾਲ ਵਿੱਚ ਆਕਸੀਜਨ ਭੰਡਾਰ ਲਈ ਵੱਡਾ ਸਾਧਨ ਮੌਜੂਦ ਹੈ ਪਰ ਕਈ ਵਾਰ ਤਰਲ ਆਕਸੀਜਨ ਦੀ ਸਪਲਾਈ ਸਮੇਂ ਸਿਰ ਨਾ ਆਉਣ ਕਾਰਨ ਸਾਨੂੰ ਸਿਲੰਡਰ ਵੀ ਵਰਤਣੇ ਪੈ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਲੋੜਵੰਦ ਹਸਪਤਾਲ ਤੱਕ ਸਪਲਾਈ ਚੱਲਦੀ ਰਹੇ। ਉਨ੍ਹਾਂ ਦੱਸਿਆ ਕਿ ਕੋਵਿਡ ਕੰਟਰੋਲ ਰੂਮ ਤੋਂ ਅਸੀਂ ਜ਼ਿਲਾ ਵਾਸੀਆਂ ਦੀ ਪੁੱਛਗਿੱਛ, ਸਹਾਇਤਾ, ਸ਼ਿਕਾਇਤਾਂ ਦਾ ਨਿਪਟਾਰਾ ਕਰ ਰਹੇ ਹਾਂ ਅਤੇ ਅੱਜ ਮੈਂ ਮੌਕੇ ਉੱਤੇ ਆ ਕੇ ਇੱਥੇ ਕੰਮ ਜਾ ਜਾਇਜ਼ਾ ਲਿਆ ਹੈ। ਖਹਿਰਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜੇਕਰ ਮਰੀਜ਼ਾਂ ਦੀ ਗਿਣਤੀ ਹੋਰ ਵੱਧਦੀ ਹੈ ਤਾਂ ਉਸ ਲਈ ਕੀ ਸਾਡੀਆਂ ਲੋੜਾਂ ਰਹਿਣਗੀਆਂ ਉਹ ਵੀ ਅੱਜ ਮੌਕੇ ਉੱਤੇ ਜਾ ਕੇ ਵੇਖੀਆਂ। ਖਹਿਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਾਲਤ ਦੇ ਮੱਦੇਨਜ਼ਰ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਧਿਆਨ ਰੱਖਦੇ ਹੋਏ ਘਰ ਤੋਂ ਬਾਹਰ ਨਿਕਲੇ। ਖਹਿਰਾ ਨਾਲ ਇਸ ਮੌਕੇ ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਸਹਾਇਕ ਕਮਿਸ਼ਨਰ ਸ੍ਰੀ ਮਤੀ ਅਲਕਾ ਕਾਲੀਆ, ਪਿ੍ੰਸੀਪਲ ਸ੍ਰੀ ਰਾਜੀਵ ਦੇਵਗਨ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।