ਡਿਪਟੀ ਕਮਿਸ਼ਨਰ ਵੱਲੋਂ ਪ੍ਰਾਇਮਰੀ ਸਕੂਲਾਂ ਦੀ ਚੈਕਿੰਗ

Thursday, Aug 24, 2017 - 11:20 AM (IST)

ਡਿਪਟੀ ਕਮਿਸ਼ਨਰ ਵੱਲੋਂ ਪ੍ਰਾਇਮਰੀ ਸਕੂਲਾਂ ਦੀ ਚੈਕਿੰਗ

ਹੁਸ਼ਿਆਰਪੁਰ(ਘੁੰਮਣ)— ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਬੁੱਧਵਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਅਚਨਚੇਤ ਚੈਕਿੰਗ ਕਰਦਿਆਂ ਕਿਹਾ ਕਿ ਪ੍ਰਾਇਮਰੀ ਸਿੱਖਿਆ ਵਿਚ ਕੋਈ ਕਮੀ-ਪੇਸ਼ੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਧਿਆਪਕ ਪੂਰੀ ਮਿਹਨਤ ਅਤੇ ਲਗਨ ਨਾਲ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ। ਉਨ੍ਹਾਂ ਕਿਹਾ ਕਿ ਇਹ ਨੰਨ੍ਹੇ ਹੀ ਦੇਸ਼ ਦਾ ਭਵਿੱਖ ਹਨ ਅਤੇ ਇਨ੍ਹਾਂ ਨੂੰ ਸਿੱਖਿਅਤ ਬਣਾਉਣ 'ਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਜ਼ਿਲੇ ਦੇ 1256 ਪ੍ਰਾਇਮਰੀ ਸਕੂਲਾਂ ਵਿਚ ਪਹਿਲੀ ਤੋਂ ਪੰਜਵੀਂ ਕਲਾਸ ਤੱਕ 53,435 ਬੱਚੇ ਪੜ੍ਹ ਰਹੇ ਹਨ। ਹੁਸ਼ਿਆਰਪੁਰ ਸਬ-ਡਵੀਜ਼ਨ ਦੇ 373 ਸਕੂਲਾਂ ਵਿਚ 21,516 ਬੱਚੇ, ਦਸੂਹਾ ਦੇ 314 ਸਕੂਲਾਂ ਵਿਚ 11,746, ਗੜ੍ਹਸ਼ੰਕਰ ਦੇ 273 ਸਕੂਲਾਂ ਵਿਚ 11, 098 ਅਤੇ ਮੁਕੇਰੀਆਂ ਦੇ 296 ਸਕੂਲਾਂ 'ਚ 9,075 ਨੰਨ੍ਹੇ ਵਿਦਿਆਰਥੀ ਪੜ੍ਹ ਰਹੇ ਹਨ। 
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਿੱਡ-ਡੇ ਮੀਲ ਤਹਿਤ ਸਕੂਲਾਂ 'ਚ ਬੱਚਿਆਂ ਨੂੰ ਹਰ ਰੋਜ਼ ਵੱਖ-ਵੱਖ ਤਰ੍ਹਾਂ ਦਾ ਪੌਸ਼ਟਿਕ ਆਹਾਰ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ 'ਚ ਵਾਧਾ ਹੋ ਸਕੇ। ਉਨ੍ਹਾਂ ਨੇ ਮੇਘੋਵਾਲ ਅਤੇ ਮਹਿੰਗਰੋਵਾਲ ਪ੍ਰਾਇਮਰੀ ਸਕੂਲਾਂ ਦੀ ਚੈਕਿੰਗ ਦੌਰਾਨ ਬੱਚਿਆਂ ਕੋਲੋਂ ਸਵਾਲ-ਜਵਾਬ ਵੀ ਪੁੱਛੇ। ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿਚ ਬੱਚਿਆਂ ਨਾਲ ਦੋਸਤਾਨਾ ਮਾਹੌਲ ਸਥਾਪਤ ਕੀਤਾ ਜਾਵੇ ਤਾਂ ਜੋ ਬੱਚੇ ਖੁਸ਼ੀ ਤੇ ਉਤਸ਼ਾਹ ਨਾਲ ਸਕੂਲ ਆਉਣ ਅਤੇ ਪੂਰੀ ਰੁਚੀ ਨਾਲ ਪੜ੍ਹਾਈ ਵੱਲ ਧਿਆਨ ਦੇਣ।
ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਵਿਚ ਪੜ੍ਹਾਈ ਪ੍ਰਤੀ ਲਗਨ ਅਤੇ ਰੁਚੀ ਪੈਦਾ ਕੀਤੀ ਜਾਵੇ ਤਾਂ ਜੋ ਉਨ੍ਹਾਂ ਦਾ ਮੁੱਢ ਤੋਂ ਹੀ ਪੜ੍ਹਾਈ ਦਾ ਪੱਧਰ ਮਜ਼ਬੂਤ ਹੋ ਸਕੇ ਅਤੇ ਉਹ ਕੋਈ ਵੀ ਮੰਜ਼ਿਲ ਸਰ ਕਰ ਸਕਣ। ਉਨ੍ਹਾਂ ਕਿਹਾ ਕਿ ਸਕੂਲਾਂ ਦੀ ਚੈਕਿੰਗ ਭਵਿੱਖ ਵਿਚ ਵੀ ਜਾਰੀ ਰਹੇਗੀ, ਇਸ ਲਈ ਅਧਿਆਪਕ ਪੂਰੀ ਮਿਹਨਤ ਅਤੇ ਲਗਨ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ।


Related News