ਅਧਿਕਾਰੀ ਲੋਕ ਹਿਤ ਦੇ ਕੰਮਾਂ ਨੂੰ ਪਹਿਲ ਦੇ ਆਧਾਰ ''ਤੇ ਨੇਪਰੇ ਚਾੜ੍ਹਨ : ਡਿਪਟੀ ਕਮਿਸ਼ਨਰ
Thursday, Feb 08, 2018 - 11:43 AM (IST)

ਮੋਗਾ (ਗਰੋਵਰ, ਗੋਪੀ) - ਜ਼ਿਲੇ ਦੇ ਸਮੂਹ ਅਧਿਕਾਰੀ ਲੋਕ ਹਿਤ ਦੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ। ਇਹ ਪ੍ਰੇਰਨਾ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਨੇ ਅੱਜ ਸਥਾਨਕ ਮੀਟਿੰਗ ਹਾਲ ਵਿਖੇ ਵਿਭਾਗਾਂ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸੱਦੀ ਜ਼ਿਲਾ ਵਿਕਾਸ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲੇ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਤਹਿ ਨਿਯਮਾਂ ਤੇ ਸ਼ਰਤਾਂ ਮੁਤਾਬਕ ਵਿਕਾਸ ਕਾਰਜ ਨੇਪਰੇ ਚਾੜ੍ਹੇ ਜਾਣ। ਉਨ੍ਹਾਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਵਿਕਾਸ ਦੇ ਕੰਮਾਂ ਲਈ ਪ੍ਰਾਪਤ ਗ੍ਰਾਂਟਾਂ ਨੂੰ ਜਲਦੀ ਖਰਚ ਕਰ ਕੇ ਉਨ੍ਹਾਂ ਦੇ ਵਰਤੋਂ ਸਰਟੀਫਿਕੇਟ ਸਰਕਾਰ ਨੂੰ ਭੇਜਣ ਦੀ ਹਦਾਇਤ ਕੀਤੀ। ਉਨ੍ਹਾਂ ਦੂਸਰੇ ਵਿਭਾਗਾਂ ਨੂੰ ਵੀ ਜ਼ਿਲੇ ਵਿਚ ਚੱਲ ਰਹੇ ਵਿਕਾਸ ਕੰਮਾਂ ਨੂੰ ਮੁਕੰਮਲ ਕਰ ਕੇ ਵਰਤੋਂ ਸਰਟੀਫਿਕੇਟ ਸਬੰਧਿਤ ਵਿਭਾਗ ਨੂੰ ਭੇਜੇ ਜਾਣ ਦੇ ਹੁਕਮ ਦਿੱਤੇ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜੇਸ਼ ਤ੍ਰਿਪਾਠੀ, ਐੱਸ. ਡੀ. ਐੱਮ. ਮੋਗਾ ਸੁਖਹਰਪ੍ਰੀਤ ਸਿੰਘ ਸਿੱਧੂ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਲਖਵਿੰਦਰ ਸਿੰਘ ਰੰਧਾਵਾ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਹਾਜ਼ਰ ਸਨ।