ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਰੇਤ ਡੀਲਰਾਂ ਨੂੰ ਨਿਰਧਾਰਿਤ ਫ਼ੀਸ ਵਸੂਲਣ ਦੇ ਨਿਰਦੇਸ਼
Tuesday, Nov 16, 2021 - 01:45 PM (IST)

ਹੁਸ਼ਿਆਰਪੁਰ (ਘੁੰਮਣ) : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ‘ਪੰਜਾਬ ਸਟੇਟ ਸੈਂਡ ਐਂਡ ਗਰੈਵਲ ਮਾਈਨਿੰਗ ਪਾਲਿਸੀ-2021’ ਤਹਿਤ ਲੋਕਾਂ ਨੂੰ ਰੇਤ ਘੱਟ ਤੋਂ ਘੱਟ ਵਾਜ਼ਬ ਰੇਟਾਂ ’ਤੇ ਮੁਹੱਈਆ ਕਰਵਾਉਣ ਸਬੰਧੀ ਮਨਜ਼ੂਰੀ ਜਾਰੀ ਕਰ ਦਿੱਤੀ ਗਈ ਹੈ। ਇਸ ਤਹਿਤ ਹੁਣ ਜ਼ਿਲ੍ਹੇ ਦੀਆਂ ਨਿਰਧਾਰਿਤ ਖੱਡਾਂ ’ਚ ਰੇਤ 5.50 ਰੁਪਏ ਪ੍ਰਤੀ ਕਿਊਬਕ ਫੁੱਟ ਦੀ ਕੀਮਤ ’ਤੇ ਖ਼ਪਤਕਾਰਾਂ ਨੂੰ ਮੁਹੱਈਆ ਕਰਵਾਈ ਜਾਵੇਗੀ, ਜਿਸ ਵਿਚ ਲੋਡਿੰਗ ਦਾ ਖ਼ਰਚਾ ਵੀ ਸ਼ਾਮਲ ਹੈ, ਜਦੋਂ ਕਿ ਟਰਾਂਸਪੋਰਟ ਦਾ ਖ਼ਰਚ ਖ਼ਪਤਕਾਰ ਨੂੰ ਦੇਣਾ ਪਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਆਉਣ ਵਾਲੇ ਦਿਨਾਂ ਵਿਚ ਤੱਖਣੀ ਤੇ ਰੜਾ ਦੀ ਖੱਡ ਤੋਂ ਲੋਕਾਂ ਨੂੰ ਰੇਤ ਉਪਲਬੱਧ ਕਰਵਾਈ ਜਾਵੇਗੀ।
ਉਨ੍ਹਾਂ ਰੇਤ ਡੀਲਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਨਿਰਧਾਰਿਤ ਕੀਤੀਆਂ ਗਈਆਂ ਖੱਡਾਂ ਤੋਂ ਸਰਕਾਰ ਵੱਲੋਂ ਤੈਅ ਕੀਤੇ ਗਏ ਰੇਟ ’ਤੇ ਹੀ ਲੋਕਾਂ ਨੂੰ ਰੇਤ ਮੁਹੱਈਆ ਕਰਵਾਉਣ। ਉਨ੍ਹਾਂ ਕਿਹਾ ਕਿ ਨਿਰਧਾਰਿਤ ਕੀਮਤ ਤੋਂ ਵੱਧ ਵਸੂਲਣ ਵਾਲੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਪਣਾਈ ਜਾਵੇਗੀ। ਅਪਨੀਤ ਰਿਆਤ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਨਿਰਧਾਰਿਤ ਕੀਮਤ ਤੋਂ ਵੱਧ ਕੀਮਤ ਵਸੂਲ ਕਰਦਾ ਹੈ ਤਾਂ ਖ਼ਪਤਕਾਰ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਸ਼ਿਕਾਇਤ ਨੰਬਰਾਂ ’ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕ 01882-220302 ’ਤੇ ਫੋਨ ਕਰਕੇ ਅਤੇ ਮੋਬਾਇਲ ਨੰਬਰ 94781-83865 ’ਤੇ ਵਟਸਐਪ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।