ਡਿਪਟੀ ਕਮਿਸ਼ਨਰ ਵੱਲੋਂ ''ਸਾਂਝੀ ਰਸੋਈ'' ਦੁਬਾਰਾ ਸ਼ੁਰੂ ਕਰਨ ਦਾ ਐਲਾਨ
Tuesday, Jan 07, 2020 - 10:58 AM (IST)
ਮੋਗਾ (ਗੋਪੀ ਰਾਊਕੇ): ਨਗਰ ਨਿਗਮ ਮੋਗਾ 'ਚ ਚੱਲ ਰਹੀ 'ਸਾਂਝੀ ਰਸੋਈ' ਦੇ ਦੋ ਮਹੀਨੇ ਪਹਿਲਾਂ ਬੰਦ ਹੋਣ ਦੇ ਮਾਮਲੇ ਨੂੰ 'ਜਗ ਬਾਣੀ' ਵੱਲੋਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੇ ਜਾਣ ਉਪਰੰਤ ਹਰਕਤ ਆਉਂਦਿਆਂ ਡਿਪਟੀ ਕਮਿਸ਼ਨਰ ਮੋਗਾ ਕਮ ਪ੍ਰਧਾਨ ਜ਼ਿਲਾ ਰੈੱਡ ਕ੍ਰਾਸ ਸੋਸਾਇਟੀ ਸੰਦੀਪ ਹੰਸ ਨੇ ਰੈੱਡ ਕ੍ਰਾਸ ਸੋਸਾਇਟੀ ਦੀ ਮੀਟਿੰਗ ਬੁਲਾ ਕੇ ਜਲਦ ਸਸਤਾ ਭੋਜਨ ਮੁਹੱਈਆ ਕਰਵਾਉਣ ਲਈ 'ਸਾਂਝੀ ਰਸੋਈ' ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕੀਤਾ। ਮੀਟਿੰਗ 'ਚ ਵਧੀਕ ਡਿਪਟੀ ਕਮਿਸ਼ਨਰ (ਜ) ਅਨੀਤਾ ਦਰਸ਼ੀ, ਉੱਪ ਮੰਡਲ ਮੈਜਿਸਟ੍ਰੇਟ ਮੋਗਾ ਸਤਵੰਤ ਸਿੰਘ, ਉੱਪ ਮੰਡਲ ਮੈਜਿਸਟ੍ਰੇਟ ਧਰਮਕੋਟ ਨਰਿੰਦਰ ਸਿੰਘ, ਉੱਪ ਮੰਡਲ ਮੈਜਿਸਟ੍ਰੇਟ ਬਾਘਾਪੁਰਾਣਾ ਸਵਰਨਜੀਤ ਕੌਰ ਅਤੇ ਸੈਕਟਰੀ ਰੈੱਡ ਕ੍ਰਾਸ (ਵਾਧੂ ਚਾਰਜ) ਡਾ. ਚੇਤਨਾ ਹੰਸ ਸ਼ਾਮਲ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸੁਖਪ੍ਰੀਤ ਸਿੰਘ ਬਰਾੜ, ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਜਸਪਾਲ ਸਿੰਘ ਔਲਖ ਅਤੇ ਕਾਰਜਕਾਰੀ ਕਮੇਟੀ ਮੈਂਬਰ ਰਵਿੰਦਰ ਗੋਇਲ, ਦਵਿੰਦਰ ਪਾਲ ਸਿੰਘ ਰਿੰਪੀ, ਤੁਸ਼ਾਰ ਗੋਇਲ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਆਮ ਲੋਕਾਂ ਨੂੰ 10 ਰੁਪਏ 'ਚ ਮਿਲਦੈ ਖਾਣਾ
ਜ਼ਿਕਰਯੋਗ ਹੈ ਕਿ 'ਸਾਂਝੀ ਰਸੋਈ' ਆਮ ਲੋਕਾਂ ਨੂੰ 10 ਰੁਪਏ 'ਚ ਖਾਣਾ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਸੀ, ਜੋ ਕੁਝ ਦੇਰ ਤੋਂ ਠੇਕੇਦਾਰ ਦੇ ਅਚਨਚੇਤ ਕੰਮ ਛੱਡ ਜਾਣ ਨਾਲ ਬੰਦ ਪਈ ਸੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਂਝੀ ਰਸੋਈ ਜਲਦ ਹੀ ਕਿਸੇ ਚੰਗੇ ਐੱਨ. ਜੀ. ਓ. ਜਾਂ ਔਰਤਾਂ ਵੱਲੋਂ ਚਲਾਏ ਜਾ ਰਹੇ ਸੈਲਫ ਹੈਲਪ ਗਰੁੱਪ ਨੂੰ ਸੌਂਪੀ ਜਾਵੇਗੀ ਤਾਂ ਜੋ ਆਮ ਲੋਕਾਂ ਨੂੰ ਸਸਤਾ ਅਤੇ ਵਧੀਆ ਖਾਣਾ ਮਿਲਦਾ ਰਹੇ।
ਡਾਕਟਰ ਮਰੀਜ਼ਾਂ ਨੂੰ ਉਹੀ ਦਵਾਈ ਲਿਖਣ, ਜੋ ਔਸ਼ਧੀ ਸੈਂਟਰ 'ਚੋਂ ਮਿਲਣ
ਡਿਪਟੀ ਕਮਿਸ਼ਨਰ ਨੇ ਸਬੰਧਤ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਉਹ ਮਰੀਜ਼ਾਂ ਨੂੰ ਉਹੀ ਦਵਾਈ ਲਿਖਣ, ਜੋ ਕਿ ਸਿਵਲ ਹਸਪਤਾਲ ਵਿਖੇ ਰੈੱਡ ਕ੍ਰਾਸ ਵੱਲੋਂ ਚਲਾਏ ਜਾ ਰਹੇ ਜਨ ਔਸ਼ਧੀ ਸੈਂਟਰ 'ਚੋਂ ਉਪਲੱਬਧ ਹੋਵੇ, ਤਾਂ ਜੋ ਹਰ ਵਰਗ ਦਾ ਵਿਅਕਤੀ ਆਪਣਾ ਇਲਾਜ ਆਸਾਨੀ ਨਾਲ ਕਰਵਾ ਸਕੇ।