ਉਪ ਮੁੱਖ ਮੰਤਰੀ OP ਸੋਨੀ ਨੇ ਪ੍ਰੈੱਸ ਕਲੱਬ ਨੂੰ ਸ਼ੁਰੂ ਕਰਨ ਲਈ 10 ਲੱਖ ਰੁਪਏ ਦੇਣ ਦਾ ਕੀਤਾ ਐਲਾਨ

Sunday, Oct 03, 2021 - 09:58 PM (IST)

ਉਪ ਮੁੱਖ ਮੰਤਰੀ OP ਸੋਨੀ ਨੇ ਪ੍ਰੈੱਸ ਕਲੱਬ ਨੂੰ ਸ਼ੁਰੂ ਕਰਨ ਲਈ 10 ਲੱਖ ਰੁਪਏ ਦੇਣ ਦਾ ਕੀਤਾ ਐਲਾਨ

ਅੰਮ੍ਰਿਤਸਰ(ਕਮਲ,ਵਿਪਨ)- ਅੰਮ੍ਰਿਤਸਰ ਜ਼ਿਲ੍ਹੇ ਦੇ ਪੱਤਰਕਾਰਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਉਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਨਿਊ ਅੰਮ੍ਰਿਤਸਰ ਸਥਿਤ ਪ੍ਰੈੱਸ ਕਲੱਬ ਦੀਆਂ ਚਾਬੀਆਂ ਦਾ ਪ੍ਰੈੱਸ ਕਲੱਬ ਆਫ ਅੰਮ੍ਰਿਤਸਰ ਦੇ ਅਹੁਦੇਦਾਰਾਂ ਨੂੰ ਸੌਂਪ ਦਿੱਤੀਆਂ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਪੱਤਰਕਾਰਾਂ ਨੂੰ ਅੱਜ ਉਨ੍ਹਾਂ ਦਾ ਆਪਣਾ ਘਰ ਤੇ ਦਫਤਰ ਦੋਵੇਂ ਮਿਲੇ ਹਨ, ਜਿੱਥੇ ਬੈਠ ਕੇ ਉਹ ਵਿਹਲੇ ਸਮੇਂ ਦਾ ਆਨੰਦ ਵੀ ਮਾਣ ਸਕਦੇ ਹਨ ਅਤੇ ਕੰਮ ਵੇਲੇ ਉਥੇ ਬੈਠ ਕੇ ਆਪਣਾ ਕੰਮ ਵੀ ਪੂਰਾ ਕਰ ਸਕਦੇ ਹਨ। ਸੋਨੀ ਨੇ ਕਿਹਾ ਕਿ ਪੱਤਰਕਾਰਾਂ ਦਾ ਫਰਜ਼ ਹੈ ਕਿ ਉਹ ਜਿੱਥੇ ਸਰਕਾਰੀ ਪ੍ਰਬੰਧ ਦੀਆਂ ਖਾਮੀਆਂ ਸਾਡੇ ਸਾਹਮਣੇ ਲਿਆਉਣ, ਉਥੇ ਸਰਕਾਰ ਵੱਲੋਂ ਲੋਕਾਂ ਲਈ ਸ਼ੁਰੂ ਕੀਤੀਆਂ ਵੱਖ-ਵੱਖ ਯੋਜਨਾਵਾਂ ਦਾ ਪ੍ਰਚਾਰ-ਪ੍ਰਸਾਰ ਵੀ ਕਰਨ, ਤਾਂ ਕਿ ਇਹ ਸਕੀਮਾਂ ਤੋਂ ਲੋਡ਼ਵੰਦ ਲੋਕ ਲਾਭ ਲੈ ਸਕਣ।

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਘਟਨਾ ’ਤੇ ਬੋਲੇ ਨਵਜੋਤ ਸਿੱਧੂ, ਕਿਹਾ-ਕਿਸਾਨਾਂ ਦੇ ਕਾਤਲਾਂ ਨੂੰ ਜਲਦ ਕੀਤਾ ਜਾਵੇ ਗ੍ਰਿਫ਼ਤਾਰ

ਉਨਾਂ ਅੰਮ੍ਰਿਤਸਰ ਜ਼ਿਲੇ ਦੇ ਸਮੁੱਚੇ ਪੱਤਰਕਾਰਾਂ ਨੂੰ ਇਸ ਪ੍ਰੈੱਸ ਕਲੱਬ ਦੇ ਬਤੌਰ ਮੈਂਬਰ ਵਧਾਈ ਦਿੰਦੇ ਕਿਹਾ ਕਿ ਮੇਰੀ ਕੋਸ਼ਿਸ਼ ਹੋਵੇਗੀ ਕਿ ਤੁਹਾਡਾ ਕਲੱਬ ਤਰੱਕੀ ਕਰੇ ਅਤੇ ਤੁਸੀਂ ਇਸ ਸਥਾਨ ਨੂੰ ਚੰਗੇ ਪ੍ਰਬੰਧਾਂ ਨਾਲ ਵਧੀਆ ਸਥਾਨ ਵਜੋਂ ਵਿਕਸਤ ਕਰੋ, ਜਿੱਥੇ ਆ ਕੇ ਕੋਈ ਵੀ ਆਦਮੀ ਆਪਣੀ ਗੱਲ ਤੁਹਾਡੇ ਰਾਹੀਂ ਲੋਕਾਂ ਨਾਲ ਸਾਂਝੀ ਕਰ ਸਕੇ। ਉਨ੍ਹਾਂ ਪ੍ਰੈੱਸ ਕਲੱਬ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪ੍ਰੈੱਸ ਕਲੱਬ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਰਾਜੇਸ਼ ਗਿੱਲ ਨੇ ਪ੍ਰੈਸ ਕਲੱਬ ਦੀ ਇਮਾਰਤ ਸੌਂਪਣ ਲਈ ਸੋਨੀ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਾ ਧੰਨਵਾਦ ਕਰਦੇ ਕਿਹਾ ਕਿ ਤੁਹਾਡੇ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ। ਉਨ੍ਹਾਂ ਅੰਮ੍ਰਿਤਸਰ ਦੀ ਸਮੁੱਚੀ ਪ੍ਰੈੱਸ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਮੌਕੇ ਵਧੀਕ ਕਮਿਸ਼ਨਰ ਸੰਦੀਪ ਰਿਸ਼ੀ, ਵਿਕਾਸ ਸੋਨੀ, ਐਕਸੀਅਨ ਸ. ਇੰਦਰਜੀਤ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।


author

Bharat Thapa

Content Editor

Related News