ਸਰਕਾਰੀ ਕਣਕ ਨੂੰ ਮਹਿੰਗੇ ਰੇਟ ''ਤੇ ਵੇਚਣ ਕਾਰਨ ਡਿਪੂ ਹੋਲਡਰ ਸਸਪੈਂਡ

Thursday, Aug 24, 2017 - 05:46 AM (IST)

ਸਰਕਾਰੀ ਕਣਕ ਨੂੰ ਮਹਿੰਗੇ ਰੇਟ ''ਤੇ ਵੇਚਣ ਕਾਰਨ ਡਿਪੂ ਹੋਲਡਰ ਸਸਪੈਂਡ

ਅੰਮ੍ਰਿਤਸਰ,   (ਅਗਨੀਹੋਤਰੀ)-  ਫੂਡ ਐਂਡ ਸਿਵਲ ਸਪਲਾਈ ਵਿਭਾਗ ਅੰਮ੍ਰਿਤਸਰ ਅਧੀਨ ਛੇਹਰਟਾ ਸਥਿਤ ਡਿਪੂ ਨੰ. ਪੀ. ਪੀ. ਡੀ. ਐੱਸ.-46 ਦੇ ਡਿਪੂ ਹੋਲਡਰ ਰਾਜ ਕੁਮਾਰ ਵੱਲੋਂ ਸਰਕਾਰ ਦੁਆਰਾ ਗਰੀਬੀ ਰੇਖਾ ਤੋਂ ਹੇਠਾਂ ਆਉਂਦੇ (ਨੀਲੇ ਕਾਰਡਧਾਰਕਾਂ) ਲੋਕਾਂ ਤੋਂ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਣ ਵਾਲੀ ਕਣਕ ਦੇ 2.50 ਰੁਪਏ ਪ੍ਰਤੀ ਕਿਲੋ ਨਾਲ ਪੈਸੇ ਵਸੂਲੇ ਜਾ ਰਹੇ ਸਨ। ਮਾਮਲਾ ਆਮ ਆਦਮੀ ਪਾਰਟੀ ਦੇ ਨਵ-ਨਿਯੁਕਤ ਜ਼ਿਲਾ ਪ੍ਰਧਾਨ ਸੁਰੇਸ਼ ਕੁਮਾਰ ਸ਼ਰਮਾ ਦੇ ਧਿਆਨ ਵਿਚ ਆਉਣ 'ਤੇ ਉਨ੍ਹਾਂ ਵੱਲੋਂ ਉਕਤ ਮਾਮਲਾ ਡੀ. ਐੱਫ. ਐੱਸ. ਸੀ. ਅੰਮ੍ਰਿਤਪਾਲ ਸਿੰਘ ਦੇ ਧਿਆਨ ਵਿਚ ਲਿਆਉਣ 'ਤੇ ਵਿਭਾਗੀ ਕਾਰਵਾਈ ਕਰਦਿਆਂ ਏ. ਐੱਫ. ਐੱਸ. ਓ. ਛੇਹਰਟਾ ਸ਼ਿਵਰਾਜ ਖੰਨਾ ਵੱਲੋਂ ਉਪਰੋਕਤ ਡਿਪੂ ਦੇ ਕਣਕ ਸਬੰਧੀ ਰਿਕਾਰਡ ਰਜਿਸਟਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ।
ਉਪਰੋਕਤ ਜਾਣਕਾਰੀ ਦਿੰਦਿਆਂ ਸ਼ਰਮਾ ਨੇ ਦੱਸਿਆ ਕਿ ਵਿਭਾਗੀ ਅਫਸਰ ਵੱਲੋਂ ਕਾਰਡ ਹੋਲਡਰਾਂ ਦੇ ਬਿਆਨ ਲਏ ਗਏ ਹਨ। ਮਾਮਲੇ 'ਚ ਡਿਪੂ ਹੋਲਡਰ ਦੋਸ਼ੀ ਪਾਏ ਜਾਣ 'ਤੇ ਵਿਭਾਗ ਦੁਆਰਾ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ। ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਸਰਕਾਰ ਤੋਂ ਬਾਅਦ ਕਾਂਗਰਸ ਨੂੰ ਸੱਤਾ 'ਚ ਲਿਆ ਕੇ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਪਛਤਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ 'ਚ ਲੋਕਾਂ ਨੂੰ ਸਰਕਾਰੀ ਅਦਾਰਿਆਂ 'ਚੋਂ ਇਨਸਾਫ ਨਹੀਂ ਮਿਲ ਰਿਹਾ ਤੇ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਭਾਵੇਂ ਪੰਜਾਬ 'ਚ ਉਨ੍ਹਾਂ ਦੀ ਸਰਕਾਰ ਨਹੀਂ ਬਣੀ, ਫਿਰ ਵੀ ਉਹ ਕਿਸੇ ਵੀ ਮਜਬੂਰ ਵਿਅਕਤੀ ਨਾਲ ਧੱਕਾ ਨਹੀਂ ਹੋਣ ਦੇਣਗੇ।
ਸਾਜ਼ਿਸ਼ ਤਹਿਤ ਹੋਈ ਕਾਰਵਾਈ : ਡਿਪੂ ਹੋਲਡਰ
ਇਸ ਸਬੰਧੀ ਜਦ ਡਿਪੂ ਹੋਲਡਰ ਰਾਜ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਕਾਰਵਾਈ ਸਾਜ਼ਿਸ਼ ਤਹਿਤ ਹੋਈ ਹੈ ਤੇ ਮੇਰੇ ਵੱਲੋਂ ਕਿਸੇ ਵੀ ਨੀਲੇ ਕਾਰਡਧਾਰਕਾਂ ਕੋਲੋਂ ਸਰਕਾਰੀ ਰੇਟ ਤੋਂ ਵੱਧ ਪੈਸੇ ਨਹੀਂ ਵਸੂਲੇ ਗਏ। ਮੇਰੀ ਸ਼ਿਕਾਇਤ ਸ਼ਿਵਨਾਥ ਪੁਰੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਗਈ ਹੈ। ਸ਼ਿਵਨਾਥ ਪੁਰੀ ਦੇ ਸਾਂਢੂ ਸੱਭਰਵਾਲ ਨਾਲ ਮੇਰਾ ਪਿਛਲੇ ਕਈ ਸਾਲਾਂ ਤੋਂ 36 ਦਾ ਅੰਕੜਾ ਹੈ ਤੇ ਉਕਤ ਕਾਰਵਾਈ ਰੰਜਿਸ਼ ਤਹਿਤ ਹੋਈ ਹੈ। ਡਿਪੂ ਹੋਲਡਰ ਨੇ ਕਿਹਾ ਕਿ ਸ਼ਿਵਨਾਥ ਪੁਰੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੈ, ਉਸ ਦੇ ਦੋਵੇਂ ਲੜਕਿਆਂ ਦੇ ਨੀਲੇ ਕਾਰਡ ਬਣੇ ਹਨ, ਉਹ ਪ੍ਰਾਈਵੇਟ ਨੌਕਰੀਆਂ ਕਰਦੇ ਹਨ ਜੋ ਗਰੀਬੀ ਰੇਖਾ ਹੇਠ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਸ਼ਿਵ ਪੁਰੀ ਵੱਲੋਂ ਹੀ ਮੇਰੀ ਸ਼ਿਕਾਇਤ ਕੀਤੀ ਗਈ ਹੈ। ਇਸ ਮੌਕੇ ਜਸਮੀਤ ਸਿੰਘ ਕੱਪੜੇ ਵਾਲੇ, ਸਤੀਸ਼ ਸੱਭਰਵਾਲ, ਜਗਦਰਸ਼ਨ ਸਿੰਘ ਖਾਲਸਾ ਆਦਿ ਹਾਜ਼ਰ ਸਨ।


Related News