ਸਰਕਾਰੀ ਕਣਕ ਵੇਚਣ ਜਾਂਦੇ ਡਿਪੂ ਹੋਲਡਰ ਨੂੂੰ ਪਿੰਡ ਵਾਸੀਆਂ ਨੇ ਦਬੋਚਿਅਾ
Thursday, Aug 30, 2018 - 03:17 AM (IST)
ਅਜਨਾਲਾ, (ਰਮਨਦੀਪ)- ਇਥੋਂ ਨੇਡ਼ਲੇ ਪਿੰਡ ਛੋਟਾ ਫੱਤੇਵਾਲ ਦੇ ਇਕ ਡਿਪੂ ਹੋਲਡਰ ਨੇ ਸਰਕਾਰ ਵੱਲੋਂ ਲੋਡ਼ਵੰਦ ਲੋਕਾਂ ਨੂੰ ਆਟਾ-ਦਾਲ ਸਕੀਮ ਤਹਿਤ ਦਿੱਤੀ ਜਾ ਰਹੀ ਕਣਕ ਲਾਭਪਾਤਰੀਆਂ ਨੂੰ ਦੇਣ ਦੀ ਬਜਾਏ ਰਾਤ ਸਮੇਂ ਬਾਜ਼ਾਰ ਵਿਚ ਵੇਚਣ ਲਈ ਲਿਜਾ ਰਹੀ ਕਣਕ ਦੀ ਭਰੀ ਗੱਡੀ ਨੂੰ ਪਿੰਡ ਵਾਸੀਆਂ ਵੱਲੋਂ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਗੱਡੀ ਚਾਲਕ ਅਤੇ ਡਿਪੂ ਹੋਲਡਰ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਕੁਲਵੰਤ ਸਿੰਘ, ਕਾਰਜ ਸਿੰਘ, ਭਗਵੰਤ ਸਿੰਘ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਡਿਪੂ ਹੋਲਡਰ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਕਣਕ ਨਹੀਂ ਦਿੰਦਾ ਸੀ ਅਤੇ ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਨੂੰ ਮਿਲਣ ਵਾਲੀ ਕਣਕ ਬਾਜ਼ਾਰ ਵਿਚ ਮਹਿੰਗੇ ਭਾਅ ’ਤੇ ਵੇਚ ਦਿੰਦਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਬੀਤੀ ਰਾਤ 11 ਵਜੇ ਦੇ ਕਰੀਬ ਡਿਪੂ ਹੋਲਡਰ ਬਲਵਿੰਦਰ ਸਿੰਘ ਇਕ ਟਾਟਾ 407 ਵਾਹਨ ’ਤੇ ਭਾਰੀ ਮਾਤਰਾ ’ਚ ਕਣਕ ਆਪਣੇ ਘਰ ਤੋਂ ਲੱਦ ਕੇ ਬਾਜ਼ਾਰ ਵਿਚ ਵੇਚਣ ਲਈ ਲਿਜਾ ਰਿਹਾ ਸੀ ਜਿਸ ਨੂੰ ਅਸੀਂ ਰੋਕ ਲਿਆ ਅਤੇ ਇਸ ਸਬੰਧੀ ਥਾਣਾ ਅਜਨਾਲਾ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ।
ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਇਸ ਡਿਪੂ ਹੋਲਡਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਜਦ ਡਿਪੂ ਹੋਲਡਰ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਇਹ ਮੈਂ ਆਪਣੀ ਘਰੇਲੂ ਕਣਕ ਬਾਜ਼ਾਰ ਵੇਚਣ ਲਈ ਲਿਜਾ ਰਿਹਾ ਸੀ ਤਾਂ ਪਿੰਡ ਵਾਲਿਆਂ ਵੱਲੋਂ ਜਾਣਬੁੱਝ ਕੇ ਸਿਆਸੀ ਰੰਜਿਸ਼ ਤਹਿਤ ਮੇਰੇ ਉੱਪਰ ਇਲਜ਼ਾਮ ਲਾਏ ਜਾ ਰਹੇ ਹਨ।
ਇਸ ਸਬੰਧੀ ਜਦ ਡੀ.ਐੱਫ.ਐੱਸ.ਓ. ਅਮਰਿੰਦਰ ਸਿੰਘ ਮਾਹਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿਚ ਹੈ ਅਤੇ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
