ਟਰਾਂਸਪੋਰਟ ਵਿਭਾਗ ਦੀ ’ਹਾਈ ਸਕਿਓਰਿਟੀ’ ਨੰਬਰ ਪਲੇਟ ਨੀਤੀ ਤੋਂ ਚਾਲਕ ਪ੍ਰੇਸ਼ਾਨ

Sunday, Sep 25, 2022 - 06:19 PM (IST)

ਟਰਾਂਸਪੋਰਟ ਵਿਭਾਗ ਦੀ ’ਹਾਈ ਸਕਿਓਰਿਟੀ’ ਨੰਬਰ ਪਲੇਟ ਨੀਤੀ ਤੋਂ ਚਾਲਕ ਪ੍ਰੇਸ਼ਾਨ

ਮੋਗਾ (ਗੋਪੀ ਰਾਊਕੇ) : ਇਕ ਪਾਸੇ ਜਿੱਥੇ ਪੰਜਾਬ ਸਰਕਾਰ ਵਲੋਂ ਕੁੱਝ ਸਮਾਂ ਪਹਿਲਾ ਸੂਬੇ ਭਰ ਦੀਆਂ ਸਾਰੀਆਂ ਗੱਡੀਆਂ ’ਤੇ ਨਵੀਆਂ ’ਹਾਈ ਸਕਿਓਰਿਟੀ’ ਨੰਬਰ ਪਲੇਟਾਂ ਲਗਾਉਣ ਦੇ ਆਦੇਸ਼ ਦਿੱਤੇ ਹੋਏ ਹਨ,ਉੱਥੇ ਦੂਜੇ ਪਾਸੇ ਰਾਜ ਭਰ ਦੇ ਗੱਡੀ ਚਾਲਕਾਂ ਵਲੋਂ ਲਗਾਈਆਂ ਗਈਆਂ ਇਹ ਨੰਬਰ ਪਲੇਟਾਂ ਦਾ ’ਰੰਗ’ ਬਹੁਤ ਜਲਦੀ ’ਫਿੱਕਾ’ ਪੈਣ ਕਰਕੇ ਚਾਲਕ ਪ੍ਰੇਸ਼ਾਨ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਸਮੱਸਿਆ ਦੇ ਹੱਲ ਲਈ ਕਈ ਦਫ਼ਾ ਆਮ ਲੋਕਾਂ ਨੇ ਇਹ ਮਾਮਲਾ ਪੰਜਾਬ ਸਰਕਾਰ, ਟਰਾਸਪੋਰਟ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿਚ ਵੀ ਲਿਆਂਦਾ ਹੈ, ਪ੍ਰੰਤੂ ਸਮੱਸਿਆ ਫ਼ਿਰ ਵੀ ਜਿਉਂ ਦੀ ਤਿਉਂ ਹੈ ਜਿਸ ਕਰਕੇ ਚਾਲਕਾਂ ਤੇ ਥੋੜ੍ਹੇ ਸਮੇਂ ਮਗਰੋਂ ਨਵੀਆਂ ਨੰਬਰ ਪਲੇਟਾਂ ਲਗਾਉਣ ਨੂੰ ਲੈ ਕੇ ਨਵਾਂ ਵਿੱਤੀ ਬੋਝ ਪੈ ਰਿਹਾ ਹੈ ਪਰ ਇਸ ਸਮੱਸਿਆ ਦੇ ਹੱਲ ਲਈ ਹਾਲੇ ਤੱਕ ਵਿਭਾਗ ਜਾਂ ਨੰਬਰ ਪਲੇਟ ਲਗਾਉਣ ਵਾਲੀ ਸਬੰਧਿਤ ਕੰਪਨੀ ਨੇ ਕੋਈ ਠੋਸ ਕਦਮ ਨਹੀਂ ਚੁੱਕੇ ਹਨ।

’ਜਗ ਬਾਣੀ’ ਵਲੋਂ ਇਸ ਸਬੰਧ ਵਿਚ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਰਕਾਰੀ ਹੁਕਮਾਂ ’ਤੇ ਲੱਗ ਰਹੀ ਇੰਨ੍ਹਾਂ ਨੰਬਰ ਪਲੇਟਾਂ ਦੀ ਇੱਕ ਦਫ਼ਾ ਫ਼ੀਸ 566 ਰੁਪਏ ਹੈ। ਇੰਨ੍ਹਾਂ ਨਿਯਮਾਂ ਤਹਿਤ ਉਨ੍ਹਾਂ ਚਾਲਕਾਂ ਨੇ ਵੀ ਨੰਬਰ ਪਲੇਟਾਂ ਨਵੀਆਂ ਲਗਾਈਆਂ ਹਨ ਜਿੰਨ੍ਹਾਂ ਕੋਲ ਪੁਰਾਣੀਆਂ ਗੱਡੀਆਂ ਹਨ ’ਤੇ ਉਨ੍ਹਾਂ ਦੇ ਪਹਿਲਾਂ ਵੀ ਨੰਬਰ ਪਲੇਟਾਂ ਲੱਗੀਆਂ ਸਨ। ਪਤਾ ਲੱਗਾ ਹੈ ਕਿ ਜੇਕਰ ਚਾਲਕ ਨੇ ਆਪਣੀ ਗੱਡੀ ਤੇ ਘਰ ਨੰਬਰ ਪਲੇਟਾਂ ਲਗਾਉਣ ਦੀ ਸਰਵਿਸ ਲੈਣੀ ਹੈ ਤਾਂ ਚਾਲਕਾਂ ਨੂੰ 720 ਰੁਪਏ ਦੇਣੇ ਪੈਂਦੇ ਹਨ। ਮੋਗਾ ਨਿਵਾਸੀ ਚਾਲਕ ਵਿੱਕੀ ਸ਼ਰਮਾ ਦਾ ਦੱਸਣਾ ਸੀ ਕਿ ਸਰਕਾਰੀ ਨਿਯਮਾਂ ਤਹਿਤ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣ ਦੇ ਨਿਯਮਾਂ ਨੂੰ ਸੂਬੇ ਦੇ ਸਾਰੇ ਲੋਕ ਮੰਨ ਰਹੇ ਹਨ ਪ੍ਰੰਤੂ ਸਰਕਾਰ ਨੂੰ ਇਹ ਹਦਾਇਤ ਕਰਨੀ ਚਾਹੀਦੀ ਹੈ ਕਿ ਇੰਨ੍ਹਾਂ ਦੀ ਕੁਆਲਿਟੀ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਪਿੰਡ ਭਿੰਡਰ ਕਲਾਂ ਦੇ ਨੌਜਵਾਨ ਕੁਲਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਸਾਡੇ ਇਕੱਲੇ ਪਿੰਡ ਵਿਚ ਅਜਿਹੀਆਂ 50 ਤੋਂ ਵਧੇਰੇ ਗੱਡੀਆਂ ਅਜਿਹੀਆਂ ਹਨ ਜਿਨ੍ਹਾਂ ਦੀਆਂ ਗੱਡੀਆਂ ਦਾ ਰੰਗ ਹਾਈ ਸਕਿਓਰਿਟੀ ਨੰਬਰ ਪਲੇਟਾਂ ਲੱਗਣ ਤੋਂ 2 ਤੋਂ 3 ਸਾਲਾਂ ਦੇ ਦਰਮਿਆਨ ਉਤਰ ਗਿਆ ਹੈ। ਉਨ੍ਹਾਂ ਦੱਸਿਆ ਕਿ ਨਵੀਆਂ ਦੁਬਾਰਾ ਲਗਾਉਣੀਆਂ ਪੈ ਰਹੀਆਂ ਹਨ। ਗਿਆਨੀ ਪ੍ਰਿਤਪਾਲ ਸਿੰਘ ਦਾ ਕਹਿਣਾ ਸੀ ਕਿ ਹਾਈ ਸਕਿਓਰਿਟੀ ਨੰਬਰ ਪਲੇਟਾਂ ਦਾ ਰੰਗ ਉਤਰਨ ਕਰਕੇ ਇਹ ਸੁਰੱਖਿਆ ਪੱਖ ਤੋਂ ਵੀ ਜ਼ਰੂਰੀ ਹੋ ਗਿਆ ਹੈ ਇਨ੍ਹਾਂ ਨੰਬਰ ਪਲੇਟਾਂ ਦੀ ਕੁਆਲਿਟੀ ਵੱਲ ਧਿਆਨ ਦੇਣ ਦੀਆਂ ਸਰਕਾਰ ਸਬਧਿਤ ਕੰਪਨੀ ਨੂੰ ਹਦਾਇਤਾਂ ਜਾਰੀ ਕਰੇ।

ਕੀ ਕਹਿਣਾ ਹੈ ਕੰਪਨੀ ਸਬੰਧਿਤ ਕਰਮਚਾਰੀਆਂ ਦਾ

ਇਸ ਸਬੰਧੀ ਜਦੋਂ ਮੋਗਾ ਨਿਵਾਸੀ ਕਰਮਚਾਰੀ ਹਰਜਿੰਦਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਗੱਡੀਆਂ ਨੂੰ ਧੋਣ ਵੇਲੇ ਕੁੱਝ ਲੋਕ ਕੈਮੀਕਲਾਂ ਦੀ ਵਰਤੋਂ ਕਰਦੇ ਹਨ ਜਿਸ ਨਾਲ ਨੰਬਰ ਪਲੇਟਾਂ ਤੋਂ ਰੰਗ ਉਤਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਮੱਸਿਆਂ ਪਹਿਲਾ ਵੀ ਸਾਹਮਣੇ ਆਈ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਦੁਬਾਰਾ ਨੰਬਰ ਪਲੇਟ ਡੇਮੈਜ ਨਾਂ ਹੋਈ ਹੋਵੇ ਤਾਂ ਦੁਬਾਰਾ ਮੁਫ਼ਤ ਲਗਾਈ ਜਾਂਦੀ ਹੈ ਤੇ ਜੇਕਰ ਨੰਬਰ ਪਲੇਟ ਡੈਮੇਜ ਹੋਵੇ ਤਾ ਫ਼ਿਰ ਫ਼ੀਸ ਲੈ ਕੇ ਦੁਬਾਰਾ ਲਗਾਈ ਜਾਂਦੀ ਹੈ।


author

Gurminder Singh

Content Editor

Related News