ਟੈਕਨਾਲੋਜੀ ਦੇ ਜ਼ਮਾਨੇ ''ਚ ਅਧਿਆਪਕਾਂ ਨੂੰ ਸੁੰਦਰ ਲਿਖਾਈ ਦੀ ਸਿਖਲਾਈ ਦੇਣ ਦੀ ਤਿਆਰੀ

11/24/2020 2:32:48 AM

ਲੁਧਿਆਣਾ,(ਵਿੱਕੀ)-ਪੰਜਾਬ ਦਾ ਸਿੱਖਿਆ ਵਿਭਾਗ ਆਮ ਕਰ ਕੇ ਆਪਣੇ ਅਜੀਬੋ-ਗਰੀਬ ਕੰਮਾਂ ਨੂੰ ਲੈ ਕੇ ਸੁਰਖੀਆਂ ਬਟੋਰਦਾ ਰਹਿੰਦਾ ਹੈ। ਅੱਜ ਅਜਿਹਾ ਹੀ ਇਕ ਹੋਰ ਨਵਾਂ ਕੇਸ ਸਾਹਮਣੇ ਆਇਆ ਹੈ, ਜਿਸ ਦੇ ਤਹਿਤ ਵਿਭਾਗ ਹੁਣ ਅਧਿਆਪਕਾਂ ਦੀ ਲਿਖਾਈ ਸੁਧਾਰਨ ਲਈ ਵਰਕਸ਼ਾਪ ਲਗਾਉਣ ਜਾ ਰਿਹਾ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਪੂਰਾ ਐਜੂਕੇਸ਼ਨ ਸਿਸਟਮ ਆਨਲਾਈਨ ਸਿੱਖਿਆ ਪ੍ਰਣਾਲੀ 'ਤੇ ਨਿਰਭਰ ਹੋ ਗਿਆ ਹੈ। ਅਜਿਹੇ ਵਿਚ ਵਿਭਾਗ ਵਲੋਂ ਅਧਿਆਪਕਾਂ ਲਈ ਸੁੰਦਰ ਲਿਖਾਈ ਦੀ ਸਿਖਲਾਈ ਦੀ ਵਰਕਸ਼ਾਪ ਲਗਾਉਣਾ ਇਕ ਹਾਸੇ ਭਰਿਆ ਹੈ। ਦੂਜੇ ਪਾਸੇ ਅਧਿਆਪਕ ਸੁੰਦਰ ਲਿਖਾਈ ਦੀ ਜਗ੍ਹਾ ਟੈਕਨੀਕਲ ਸਕਿੱਲਜ਼ ਸਿਖਾਉਣ ਦੀ ਗੱਲ ਕਹਿ ਰਹੇ ਹਨ ਤਾਂ ਕਿ ਆਨਲਾਈਨ ਸਿੱਖਿਆ ਦੌਰਾਨ ਉਨ੍ਹਾਂ ਲਈ ਇਕ ਸਹਾਈ ਸਿੱਧ ਹੋ ਸਕੇ। ਪੰਜਾਬ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਯਤਨ ਕਰਦੇ ਹੋਏ ਸ਼ੁਰੂ ਕੀਤੀ ਗਈ 'ਅੱਖਰਕਾਰੀ ਮੁਹਿੰਮ' ਤਹਿਤ 27 ਨਵੰਬਰ ਤੋਂ 5 ਦਸੰਬਰ ਤੱਕ ਅਧਿਆਪਕਾਂ ਦੀ ਸੁੰਦਰ ਲਿਖਾਈ ਲਈ ਬਲਾਕ ਪੱਧਰ 'ਤੇ ਵੈਬੀਨਾਰ ਜ਼ਰੀਏ 7 ਦਿਨਾਂ ਵਰਕਸ਼ਾਪ ਲਾਈ ਜਾ ਰਹੀ ਹੈ।

ਲਿਖਾਈ ਚੈੱਕ ਕਰਨ ਤੋਂ ਬਾਅਦ ਰਿਸੋਰਸ ਪਰਸਨ ਦੇਣਗੇ ਟਿੱਪਣੀ

ਇਸ ਸਬੰਧੀ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਨੇ ਦੱਸਿਆ ਕਿ 27 ਨਵੰਬਰ ਤੋਂ 5 ਦਸੰਬਰ ਤੱਕ ਤੈਅ ਸ਼ਡਿਊਲ ਮੁਤਾਬਕ ਅਧਿਆਪਕਾਂ ਦੀ ਸੁੰਦਰ ਲਿਖਾਈ ਲਈ ਬਲਾਕ ਪੱਧਰ 'ਤੇ ਵੈਬੀਨਾਰ ਜ਼ਰੀਏ 7 ਦਿਨਾਂ ਵਰਕਸ਼ਾਪ ਲਾਈ ਜਾ ਰਹੀ ਹੈ। ਇਸ 'ਸੁੰਦਰ ਲਿਖਾਈ ਅÎਧਿਆਪਕ ਵਰਕਸ਼ਾਪ' ਦਾ ਸਮਾਂ ਰੋਜ਼ਾਨਾ ਸਵੇਰੇ 11 ਤੋਂ 11.40 ਵਜੇ ਤੱਕ ਹੋਵੇਗਾ। ਸੱਤ ਦਿਨਾਂ ਸੁੰਦਰ ਲਿਖਾਈ ਵਰਕਸ਼ਾਪ ਵਿਚ ਹਰ ਅਧਿਆਪਕ ਦਾ ਹਿੱਸਾ ਲੈਣਾ ਜ਼ਰੂਰੀ ਹੈ। ਬਲਾਕ ਪੱਧਰ 'ਤੇ ਸੁੰਦਰ ਲਿਖਾਈ ਦੀ ਵਰਕਸ਼ਾਪ ਦੇ ਇਕ ਗਰੁੱਪ ਵਿਚ 50 ਤੱਕ ਅÎਧਿਆਪਕ ਹੀ ਸ਼ਾਮਲ ਹੋਣਗੇ। ਸੁੰਦਰ ਲਿਖਾਈ ਵਰਕਸ਼ਾਪ ਲਗਾਉਣ ਵਾਲੇ ਹਰ ਅਧਿਆਪਕ ਲਈ ਲਿਖਾਈ ਅਭਿਆਸ ਪੁਸਤਕਾਂ ਭੇਜੀਆਂ ਗਈਆਂ ਹਨ। ਅਭਿਆਸ ਪੁਸਤਕ 'ਤੇ ਐੱਚ. ਬੀ. ਪੈਨਸਲ ਜਾਂ ਬਲੈਕ/ਨੀਲੇ ਪੈੱਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਸੁੰਦਰ ਲਿਖਾਈ ਦੀ ਵਰਕਸ਼ਾਪ ਲਾਉਣ ਵਾਲੇ ਅਧਿਆਪਕਾਂ ਵੱਲੋਂ ਰਿਸੋਰਸ ਪਰਸਨ ਵੱਲੋਂ ਭੇਜੀ ਗਈ ਅਭਿਆਸ ਸਮੱਗਰੀ 'ਤੇ ਦੱਸੇ ਗਏ ਕੰਮ ਮੁਤਾਬਕ ਕੰਮ ਕਰਨਗੇ ਅਤੇ ਇਹ ਕੰਮ ਕਰ ਕੇ ਰਿਸੋਰਸ ਪਰਸਨ ਨੂੰ ਦਿਖਾਉਣਗੇ। ਰਿਸੋਰਸ ਪਰਸਨ ਵੱਲੋਂ ਅਧਿਆਪਕਾਂ ਵੱਲੋਂ ਕੀਤੇ ਗਏ ਕੰਮ ਨੂੰ ਵਟਸਐਪ ਗਰੁੱਪ 'ਤੇ ਮੰਗਵਾ ਕੇ ਉਸ ਨੂੰ ਦੇਖਣ ਉਪਰੰਤ ਸੁਝਾਅ/ਟਿੱਪਣੀ ਦੇ ਰੂਪ ਵਿਚ ਅਧਿਆਪਕ ਨੂੰ ਰੋਜ਼ਾਨਾ ਦੀ ਫੀਡਬੈਕ ਦੇਣੀ ਜ਼ਰੂਰੀ ਹੋਵੇਗੀ। ਅਧਿਆਪਕਾਂ ਵੱਲੋਂ ਬਹੁਤ ਸੁਝਾਅ ਪ੍ਰਾਪਤ ਹੋ ਰਹੇ ਹਨ ਕਿ ਸਰਕਾਰੀ ਸਕੂਲਾਂ ਦੇ ਅÎਧਿਆਪਕਾਂ ਲਈ ਸੁੰਦਰ ਲਿਖਾਈ ਸਬੰਧੀ ਵਰਕਸ਼ਾਪ ਲਗਾਈ ਜਾਵੇ ਅਤੇ 'ਅੱਖਰਕਾਰੀ' ਸਿਖਾਈ ਜਾਵੇ। ਵਿਭਾਗ ਵੱਲੋਂ ਇਸ ਨੂੰ ਮੁਹਿੰਮ ਵਜੋਂ ਲੈ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ। ਅਧਿਆਪਕਾਂ ਨੂੰ ਮਨ ਲਗਾ ਕੇ ਵਰਕਸ਼ਾਪ ਵਿਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਕਿ ਬੱਚਿਆਂ ਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ।

ਫਾਲਤੂ ਕੰਮਾਂ 'ਤੇ ਕੀਤਾ ਜਾ ਰਿਹਾ ਪੈਸਾ ਬਰਬਾਦ
ਕੋਰੋਨਾ ਵਾਇਰਸ ਕੋਵਿਡ-19 ਕਾਰਨ ਪਿਛਲੇ ਲਗਭਗ 7 ਮਹੀਨੇ ਤੋਂ ਸੂਬੇ ਭਰ ਦੇ ਸਕੂਲ ਬੰਦ ਪਏ ਹਨ। ਅਜਿਹੇ ਵਿਚ ਪੜ੍ਹਾਈ ਦਾ ਪੂਰਾ ਦਾਰੋਮਦਾਰ ਆਨਲਾਈਨ ਸਿਸਟਮ 'ਤੇ ਹੀ ਨਿਰਭਰ ਹੈ। ਇਸ ਦੌਰਾਨ ਸਿੱਖਿਆ ਵਿਭਾਗ ਆਪਣੇ ਅਜੀਬੋ-ਗਰੀਬ ਕੰਮਾਂ ਕਰ ਕੇ ਫਿਰ ਚਰਚਾ ਵਿਚ ਹੈ, ਜਿੱਥੇ ਸਮੇਂ ਦੀ ਲੋੜ ਮੁਤਾਬਕ ਅਧਿਆਪਕਾਂ ਨੂੰ ਵੱਧ ਤੋਂ ਵੱਧ ਟੈਕਨੀਕਲ ਸਕਿੱਲਜ਼ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਉਥੇ ਵਿਭਾਗ ਵੱਲੋਂ ਅਧਿਆਪਕਾਂ ਦੀ ਸੁੰਦਰ ਲਿਖਾਈ ਟ੍ਰੇਨਿੰਗ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ, ਜਿਸ ਸਬੰਧੀ ਇਕ ਵਾਰ ਫਿਰ ਵਿਭਾਗ ਦੀ ਕਿਰਕਰੀ ਹੋ ਰਹੀ ਹੈ। ਇਸ ਸਬੰਧੀ ਵੱਖ-ਵੱਖ ਅਧਿਆਪਕਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਵਿਭਾਗ ਵੱਲੋਂ ਜਾਣ-ਬੁੱਝ ਕੇ ਅਧਿਆਪਕਾਂ ਨੂੰ ਮਾਨਸਿਕ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨ ਲਈ ਅਜਿਹੇ ਕੰਮ ਕੀਤੇ ਜਾ ਰਹੇ ਹਨ, ਨਾਲ ਹੀ ਜਿਨ੍ਹਾਂ ਪੈਸਿਆਂ ਨੂੰ ਸਕੂਲ ਦੇ ਢਾਂਚੇ ਨੂੰ ਹੋਰ ਬਿਹਤਰ ਬਣਾਉਣ ਲਈ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਰਤਿਆ ਜਾ ਸਕਦਾ ਹੈ, ਉਨ੍ਹਾਂ ਪੈਸਿਆਂ ਨੂੰ ਅਜਿਹੇ ਫਾਲਤੂ ਕੰਮਾਂ ਲਈ ਸਟੇਸ਼ਨਰੀ ਅਤੇ ਹੋਰ ਸਾਮਾਨ ਖਰੀਦ ਕੇ ਮੁਹੱਈਆ ਕਰਵਾਉਣ ਲਈ ਉਸ ਨੂੰ ਜਾਇਆ ਕੀਤਾ ਜਾ ਰਿਹਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਅਧਿਆਪਕਾਂ ਦੀ ਹੈਂਡਰਾਈਟਿੰਗ ਬਹੁਤ ਸਾਫ ਅਤੇ ਸੁੰਦਰ ਹੈ। ਇਸ ਲਈ ਉਨ੍ਹਾਂ ਨੂੰ ਕਿਸੇ ਵੀ ਟ੍ਰੇਨਿੰਗ ਦੀ ਲੋੜ ਨਹੀਂ ਹੈ।
 


Deepak Kumar

Content Editor

Related News