ਸਕੂਲ ਸਿੱਖਿਆ ਵਿਭਾਗ ਨੇ ਦਾਖਲਾ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਰਣਨੀਤੀ ਨੂੰ ਨਵਿਆਉਣ ਵਾਸਤੇ ਕਦਮ ਪੁੱਟੇ

4/19/2021 6:06:07 PM

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਨਵੇਂ ਅਕਾਦਮਿਕ ਸੈਸ਼ਨ ਲਈ ਦਾਖਲਿਆਂ ਵਾਸਤੇ ਸ਼ੁਰੂ ਕੀਤੀ ਮੁਹਿੰਮ ਵਿਚ ਹੋਰ ਤੇਜ਼ੀ ਲਿਆਉਣ ਲਈ ਆਪਣੀ ਰਣਨੀਤੀ ਨੂੰ ਨਵਿਆਉਣ ਲਈ ਕਦਮ ਪੁੱਟੇ ਹਨ। ਸਕੂਲ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਅਨੁਸਾਰ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਦਾਖ਼ਲਾ ਮੁਹਿੰਮ ਵਿਚ ਹੋਰ ਤੇਜ਼ੀ ਲਿਆਉਣ ਲਈ ਦਿੱਤੇ ਗਏ ਹੁਕਮਾਂ ਤੋਂ ਬਾਅਦ ਹੋਈ ਇਕ ਅਹਿਮ ਮੀਟਿੰਗ ਦੌਰਾਨ ਪ੍ਰਾਪਤ ਹੋਏ ਸੁਝਾਵਾਂ ਦੇ ਆਧਾਰ ’ਤੇ ਸੈਂਟਰ ਹੈਡ ਟੀਚਰਾਂ (ਸੀ.ਐੱਚ.ਟੀ.) ਨੂੰ ਸਕੂਲ ਮੁਖੀਆਂ ਨਾਲ ਲਗਾਤਾਰ ਮੀਟਿੰਗਾਂ ਕਰਨ ਲਈ ਆਖਿਆ ਗਿਆ ਹੈ। ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਦੇ ਅਧਿਆਪਕਾਂ ਨਾਲ ਵੱਖ ਤੌਰ ’ਤੇ ਸੀ.ਐੱਚ.ਟੀ. ਨੂੰ ਜਾਇਜ਼ਾ ਮੀਟਿੰਗਾਂ ਕਰਨ ਅਤੇ ਫੋਨ ਕਾਲ ਰਾਹੀਂ ਉਨ੍ਹਾਂ ਨੂੰ ਹੱਲਾ-ਸ਼ੇਰੀ ਦੇਣ ਲਈ ਵੀ ਕਿਹਾ ਗਿਆ ਹੈ।

ਬੁਲਾਰੇ ਅਨੁਸਾਰ ਦਾਖ਼ਲੇ ਲਈ ਘਰੋ-ਘਰ ਜਾਣ ਸਮੇਂ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਦੇ ਬੱਚਿਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਬਦਲੇ ਸਨਮਾਨਿਤ ਕਰਨ ਅਤੇ ਉਨ੍ਹਾਂ ਨਾਲ ਖਿਚਵਾਈਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਲਈ ਅਧਿਆਪਕਾਂ ਨੂੰ ਆਖਿਆ ਗਿਆ ਹੈ। ਧਾਰਮਿਕ ਸਥਾਨਾਂ ਤੇ ਸਵੇਰੇ-ਸ਼ਾਮ ਅਨਾਊਸਮੈਂਟ ਕਰਨ, ਸਾਂਝੀਆਂ ਥਾਵਾਂ ’ਤੇ ਦਾਖ਼ਲੇ ਸੰਬੰਧੀ ਫਲੈਕਸ ਲਗਾਉਣ, ਸਕੂਲ ਵਿਚ ਮਾਪਿਆਂ ਦੀ ਫੇਰੀ ਲਗਾਉਣ ਨੂੰ ਪ੍ਰੇਰਿਤ ਕਰਨ, ਆਂਗਣਵਾੜੀ ਵਰਕਰ ਦੀ ਮਦਦ ਨਾਲ ਦਾਖਲੇ ਵਧਾਉਣ ’ਤੇ ਜ਼ੋਰ ਦੇਣ ਲਈ ਵੀ ਨੂੰ ਸੇਧ ਦਿੱਤੀ ਗਈ ਹੈ। ਪਿਛਲੇ ਅਕਾਦਮਿਕ ਸੈਸ਼ਨ ਤੋਂ ਵੱਧ ਦਾਖ਼ਲੇ ਕਰਨ ਵਾਲੇ ਕਲੱਸਟਰ ਜਾਂ ਸਕੂਲ ਦਾ ਪੋਸਟਰ ਬਣਾ ਕੇ ਗਰੁੱਪਾਂ ਵਿਚ ਸਾਂਝਾ ਕਰਨ ਅਤੇ ਸਮੂਹ ਸਟਾਫ ਦੀ ਸਰਾਹਨਾ ਕਰਨ ਲਈ ਕਿਹਾ ਗਿਆ ਹੈ।

ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਆ ਰਹੇ ਬੱਚਿਆਂ ਦੀ ਪੜ੍ਹਾਈ-ਲਿਖਾਈ ’ਤੇ ਵਿਸ਼ੇਸ਼ ਤੌਰ ’ਤੇ ਧਿਆਨ ਕੇਂਦਰਤ ਕਰਨ ਅਤੇ ਦਾਖ਼ਲ ਹੋਣ ਵਾਲੇ ਨਵੇਂ ਬੱਚਿਆਂ ਨੂੰ ਈ-ਪੰਜਾਬ ’ਤੇ ਰੋਜ਼ਾਨਾ ਅਪਡੇਟ ਕਰਨ ਤੋਂ ਇਲਾਵਾ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਕਿਤਾਬਾਂ ਤੇ ਸਪਲੀਮੈਂਟਰੀ ਮਟੀਰੀਅਲ ਤੁਰੰਤ ਘਰ-ਘਰ ਜਾ ਕੇ ਦੇਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ।


Gurminder Singh

Content Editor Gurminder Singh