ਇਨਫੋਰਸਮੈਂਟ ਵਿਭਾਗ ਨੇ ਫੜੀ ਬਿਜਲੀ ਚੋਰੀ, ਠੋਕਿਆ 5.60 ਲੱਖ ਦਾ ਜੁਰਮਾਨਾ

07/24/2019 1:45:03 AM

ਜਲੰਧਰ,(ਪੁਨੀਤ): ਝੋਨੇ ਦੀ ਬੀਜਾਈ ਦੇ ਸੀਜ਼ਨ ਦੌਰਾਨ ਪਾਵਰ ਨਿਗਮ ਵਲੋਂ ਚਲਾਈ ਜਾ ਰਹੀ ਚੈਕਿੰਗ ਮੁਹਿੰਮ ਨੂੰ ਅੱਜ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਇਨਫੋਰਸਮੈਂਟ ਵਿਭਾਗ ਦੀ ਟੀਮ ਨੇ 25 ਹਾਰਸ ਪਾਵਰ ਦੀ ਮੋਟਰ ਡਾਇਰੈਕਟ ਚਲਾਉਣ ਦੇ ਦੋਸ਼ 'ਚ 5.60 ਲੱਖ ਰੁਪਏ ਦਾ ਜੁਰਮਾਨਾ ਕੀਤਾ।
ਇਨਫੋਰਸਮੈਂਟ ਵਿਭਾਗ ਦੇ ਸੁਪਰੀਟੈਂਡੈਂਟ ਇੰਜੀ. ਰਜਤ ਸ਼ਰਮਾ ਨੇ ਦੱਸਿਆ ਕਿ ਸੀ. ਐੱਮ. ਡੀ. ਬਲਦੇਵ ਸਿੰਘ ਸਰਾਂ ਦੀਆਂ ਹਦਾਇਤਾਂ 'ਤੇ ਬਿਜਲੀ ਚੋਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲੜੀ ਵਿਚ ਪਾਵਰ ਨਿਗਮ ਨਾਰਥ ਜ਼ੋਨ ਇਲਾਕੇ ਵਿਚ ਚਲਾਈ ਗਈ ਮੁਹਿੰਮ ਤਹਿਤ ਹੁਸ਼ਿਆਰਪੁਰ ਸਰਕਲ ਦੀ ਮਹਿਲਪੁਰ ਸਬ-ਡਵੀਜ਼ਨ ਅਧੀਨ ਆਉਂਦੇ ਇਕ ਪਿੰਡ ਵਿਚ ਟੀਮ ਨੇ ਇੰਜੀਨੀਅਰ ਬਲਕਾਰ ਸਿੰਘ ਦੀ ਅਗਵਾਈ ਵਿਚ ਮੰਗਲਵਾਰ ਸ਼ਾਮ ਨੂੰ ਛਾਪਾ ਮਾਰ ਕੇ ਬਿਜਲੀ ਚੋਰੀ ਦਾ ਇਕ ਵੱਡਾ ਕੇਸ ਫੜਿਆ। ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਇਕ ਵਿਅਕਤੀ 25 ਹਾਰਸ ਪਾਵਰ ਦੀ ਮੋਟਰ ਕੁੰਡੀ ਲਾ ਕੇ ਚਲਾ ਰਿਹਾ ਸੀ ਤੇ ਇਸੇ ਤਰ੍ਹਾਂ ਉਹ ਆਪਣੇ ਘਰ ਦਾ 2.3 ਕਿਲੋਵਾਟ ਕੁਨੈਕਸ਼ਨ ਵੀ ਕੁੰਡੀ ਜ਼ਰੀਏ ਚਲਾ ਰਿਹਾ ਸੀ। ਇੰਜੀ. ਸ਼ਰਮਾ ਨੇ ਦੱਸਿਆ ਕਿ ਖੇਤਾਂ ਨੂੰ ਪਾਣੀ ਦੇਣ ਲਈ ਲਾਈ ਗਈ ਮੋਟਰ 'ਤੇ 4.50 ਲੱਖ, ਜਦਕਿ ਇਸੇ ਤਰ੍ਹਾਂ ਘਰ ਦਾ ਨਾਜਾਇਜ਼ ਕੁਨੈਕਸ਼ਨ ਚਲਾਉਣ 'ਤੇ 1.10 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਕੁੱਲ 5.60 ਲੱਖ ਰੁਪਏ ਜੁਰਮਾਨੇ ਨੂੰ ਲੈ ਕੇ ਬੁੱਧਵਾਰ ਨੂੰ ਪਾਵਰ ਨਿਗਮ ਦੇ ਚੋਰੀ ਵਿਰੋਧੀ ਥਾਣੇ ਵਿਚ ਪਰਚਾ ਦਰਜ ਕਰਵਾ ਕੇ ਦੋਸ਼ੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਵਰ ਨਿਗਮ ਨਾਰਥ ਜ਼ੋਨ ਦੇ ਅਧੀਨ ਆਉਂਦੇ ਜਲੰਧਰ, ਹੁਸ਼ਿਆਰਪੁਰ, ਫਗਵਾੜਾ, ਨਵਾਂਸ਼ਹਿਰ ਸਰਕਲ ਵਿਚ ਲਗਾਤਾਰ ਚੈਕਿੰਗ ਕਰਵਾਈ ਜਾ ਰਹੀ ਹੈ।


Related News