ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਪ੍ਰਾਜੈਕਟ ਦਾ ਐਲਾਨ

Friday, Sep 15, 2023 - 12:18 PM (IST)

ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਪ੍ਰਾਜੈਕਟ ਦਾ ਐਲਾਨ

ਜਲੰਧਰ/ਚੰਡੀਗੜ੍ਹ (ਧਵਨ)- ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੀਰਵਾਰ ਟਰਾਮਾ ਵਾਰਡ ਦੇ ਨਾਲ-ਨਾਲ ਸੁਪਰ-ਸਪੈਸ਼ਲਿਟੀ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਅੰਮ੍ਰਿਤਸਰ ਅਤੇ ਪਟਿਆਲਾ ਦੇ ਸਰਕਾਰੀ ਡੈਂਟਲ ਕਾਲਜਾਂ ਦੀ ਅਪਗ੍ਰੇਡੇਸ਼ਨ ਤੋਂ ਇਲਾਵਾ ਜ਼ਿਲ੍ਹਾ ਹਸਪਤਾਲਾਂ ’ਚ ਐਡਵਾਂਸਡ ਡੈਂਟਲ ਇੰਪਲਾਂਟ ਸੈਂਟਰ ਅਤੇ ਆਰਥੋਪੈਂਟੋਮਾਗਰਮ (ਓ. ਪੀ. ਜੀ.) ਮਸ਼ੀਨਾਂ ਸਥਾਪਤ ਕਰਨ ਸਮੇਤ ਕਈ ਪ੍ਰਾਜੈਕਟਾਂ ਦਾ ਐਲਾਨ ਕੀਤਾ। ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ’ਚ ਵਿਸ਼ਵ ਪੱਧਰੀ ਓਰਲ ਹੈਲਥ ਕੇਅਰ ਸੇਵਾਵਾਂ ਨੂੰ ਯਕੀਨੀ ਬਣਾਉਣ ਦਾ ਦਾਅਵਾ ਕੀਤਾ।  

ਉਨ੍ਹਾਂ ਅੱਗੇ ਕਿਹਾ ਕਿ ਸੂਬੇ ’ਚ ਦੰਦਾਂ ਦੇ ਡਾਕਟਰਾਂ ਦੀਆਂ ਸਾਰੀਆਂ ਖ਼ਾਲੀ ਅਸਾਮੀਆਂ ਜਲਦ ਭਰੀਆਂ ਜਾਣਗੀਆਂ। ਮੋਹਾਲੀ, ਪਟਿਆਲਾ, ਜਲੰਧਰ, ਰੂਪਨਗਰ ਅਤੇ ਅੰਮ੍ਰਿਤਸਰ ਸਮੇਤ ਪੰਜ ਜ਼ਿਲ੍ਹਾ ਹਸਪਤਾਲਾਂ ’ਚ ਐਡਵਾਂਸਡ ਡੈਂਟਲ ਇੰਪਲਾਂਟ ਸੈਂਟਰ ਖੋਲ੍ਹੇ ਜਾ ਰਹੇ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ ਅਤੇ ਮੋਹਾਲੀ ਦੇ ਜ਼ਿਲ੍ਹਾ ਹਸਪਤਾਲਾਂ ’ਚ ਹਾਈਟੈੱਕ ਓ. ਪੀ. ਜੀ. ਮਸ਼ੀਨਾਂ ਅਤੇ ਹੇਠਲੇ ਜਬਾੜੇ ਦਾ ਪੈਨੋਰਾਮਿਕ ਸਕੈਨਿੰਗ ਡੈਂਟਲ ਐਕਸਰੇ ਸਥਾਪਿਤ ਕੀਤੇ ਜਾ ਰਹੇ ਹਨ। ਇਨ੍ਹਾਂ ਦੋ ਮੁੱਖ ਪਾਇਲਟ ਪ੍ਰਾਜੈਕਟਾਂ ਦੀ ਸਫ਼ਲਤਾ ਤੋਂ ਬਾਅਦ ਇਹ ਸੇਵਾਵਾਂ ਸਾਰੇ ਜ਼ਿਲਾ ਹਸਪਤਾਲਾਂ ’ਚ ਸ਼ੁਰੂ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ- 56 ਦਿਨਾਂ ’ਚ 582 ਯੂਨਿਟਾਂ, ਖ਼ਪਤਕਾਰ ’ਤੇ ਲਾਗੂ ਨਹੀਂ ਹੋਈ ਮੁਫ਼ਤ ਬਿਜਲੀ ਦੀ ਯੋਜਨਾ, ਜਾਣੋ ਕੀ ਰਿਹਾ ਕਾਰਨ

ਨੈਸ਼ਨਲ ਓਰਲ ਹੈਲਥ ਪ੍ਰੋਗਰਾਮ (ਐੱਨ. ਓ. ਐੱਚ. ਪੀ.) ਪੰਜਾਬ ਤਹਿਤ ਸੂਬੇ ਦੇ 280 ਮੈਡੀਕਲ ਅਫ਼ਸਰਾਂ (ਡੈਂਟਲ) ਲਈ ਮੋਹਾਲੀ ਵਿਖੇ ਕਰਵਾਏ ਗਏ 5ਵੇਂ ਸਾਲਾਨਾ ਡੈਂਟਲ ਰੀ-ਓਰੀਐਂਟੇਸ਼ਨ ਟ੍ਰੇਨਿੰਗ ਸੈਸ਼ਨ ਦੀ ਪ੍ਰਧਾਨਗੀ ਕਰਦੇ ਹੋਏ ਡਾ. ਬਲਬੀਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਓਰਲ ਹੈਲਥ ਕੇਅਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਐੱਨ. ਓ. ਐੱਚ. ਪੀ. ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।

ਉਨ੍ਹਾਂ ਦੱਸਿਆ ਕਿ ਇਸ ਸਾਲ ਪੰਜਾਬ ’ਚ 5431 ਮਰੀਜ਼ਾਂ ਦੇ ਮੁਕੰਮਲ ਦੰਦ ਇੰਪਲਾਂਟ ਕੀਤੇ ਗਏ, ਜਦਕਿ ਪਿਛਲੇ ਸਾਲ ਸੂਬੇ ਦੀਆਂ ਡੈਂਟਲ ਓ. ਪੀ. ਡੀਜ਼ ’ਚ ਚਲਾਏ ਗਏ ਦੰਦਾਂ ਦੀ ਪੰਦਰਵਾੜੇ ਦੌਰਾਨ ਮੂੰਹ ਦੀਆਂ ਵੱਖ-ਵੱਖ ਬੀਮਾਰੀਆਂ ਲਈ 67478 ਸਕੂਲੀ ਬੱਚਿਆਂ ਅਤੇ 48028 ਮਰੀਜ਼ਾਂ ਦੀ ਜਾਂਚ ਕਰਕੇ ਇਲਾਜ ਕੀਤਾ ਗਿਆ । ਸਿਹਤ ਮੰਤਰੀ ਨੇ ਦੰਦਾਂ ਦੇ ਪੰਦਰਵਾੜੇ ਦੌਰਾਨ ਮਰੀਜ਼ਾਂ ਦੇ ਵੱਧ ਤੋਂ ਵੱਧ ਦੰਦ ਇੰਪਲਾਂਟ ਕਰਨ ਵਾਲੇ ਜ਼ਿਲਿਆਂ ਨੂੰ ਵੀ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਮੈਡੀਕਲ ਅਫ਼ਸਰਾਂ (ਡੈਂਟਲ) ਨੂੰ ਵੀ ਸਨਮਾਨਤ ਕੀਤਾ।
ਇਸ ਮੌਕੇ ਸੰਬੋਧਨ ਕਰਦੇ ਹੋਏ ਡਾਇਰੈਕਟਰ ਹੈਲਥ ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਇਸ ਸਾਲਾਨਾ ਇਨ-ਸਰਵਿਸ ਰੀਓਰੀਐਂਟੇਸ਼ਨ ਟ੍ਰੇਨਿੰਗ ਸੈਸ਼ਨ ਦਾ ਉਦੇਸ਼ ਮੈਡੀਕਲ ਅਫਸਰਾਂ (ਡੈਂਟਲ) ਨੂੰ ਦੰਦਾਂ ਦੇ ਇੰਪਲਾਂਟ, ਪ੍ਰੋਸਥੋਡੋਨਟਿਕਸ ਅਤੇ ਆਰਥੋਡੋਨਟਿਕਸ ਦੇ ਖੇਤਰ ’ਚ ਨਵੀਨਤਮ ਇਲਾਜ ਤਰੀਕਿਆਂ ਤੋਂ ਜਾਣੂ ਕਰਵਾਉਣਾ ਹੈ।

ਇਹ ਵੀ ਪੜ੍ਹੋ- ਐਕਸ਼ਨ 'ਚ DGP ਗੌਰਵ ਯਾਦਵ, ਸੂਬੇ ਦੇ ਸਾਰੇ ਪੁਲਸ ਕਮਿਸ਼ਨਰਾਂ ਤੇ ਐੱਸ. ਐੱਸ. ਪੀਜ਼ ਨੂੰ ਦਿੱਤੇ ਸਖ਼ਤ ਹੁਕਮ

ਸਰਕਾਰੀ ਡੈਂਟਲ ਕਾਲਜ ਅੰਮ੍ਰਿਤਸਰ ਦੇ ਪ੍ਰੋਫੈਸਰ ਅਤੇ ਮੁਖੀ ਓਰਲ ਡਾ. ਨਿਤਿਨ ਵਰਮਾ, ਐੱਮ. ਡੀ. ਐੱਸ. ਪ੍ਰੋਸਥੋਡੋਨਟਿਕਸ ਡਾ. ਕੇ. ਬੀ. ਐੱਸ. ਕੁਕਰੇਜਾ ਅਤੇ ਐੱਮ. ਡੀ. ਐੱਸ. ਪ੍ਰੋਸਥੋਡੋਨਟਿਕਸ ਡਾ. ਵਿਕਾਸ ਗੁਪਤਾ ਅਤੇ ਐੱਮ. ਡੀ. ਐੱਸ. ਆਰਥੋਡੋਨਟਿਕਸ ਡਾ. ਪੁਨੀਤ ਸ਼ਰਮਾ ਸਮੇਤ ਬੁਲਾਰਿਆਂ ਨੇ ਸਰਕਾਰੀ ਸਿਹਤ ਸਹੂਲਤਾਂ ਦੇ ਡੈਂਟਲ ਸਰਜਨਾਂ ਲਈ ਆਧੁਨਿਕ ਤਕਨੀਕਾਂ ਅਤੇ ਨਵੇਂ ਡੈਂਟਲ ਪ੍ਰੋਸੀਜ਼ਰ ਦੇ ਬਾਰੇ ਲੈਕਚਰ ਪੇਸ਼ਕਾਰੀਆਂ ਦੇ ਕੇ ਟ੍ਰੇਨਿੰਗ ਦੇ ਵਿਗਿਆਨਕ ਸਿਖਲਾਈ ਸੈਸ਼ਨ ਦਾ ਆਰੰਭ ਕੀਤਾ। ਇਸ ਦੌਰਾਨ ਡਿਪਟੀ ਡਾਇਰੈਕਟਰ (ਡੈਂਟਲ) ਡਾ. ਸੁਰਿੰਦਰ ਮੱਲ ਨੇ ਸਿਹਤ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਸੂਬੇ ’ਚ ਓਰਲ ਸਿਹਤ ਸਹੂਲਤਾਂ ’ਚ ਹੋਰ ਜ਼ਿਆਦਾ ਸੁਧਾਰ ਕੀਤਾ ਜਾਵੇਗਾ। ਇਸ ਮੌਕੇ ਡਾਇਰੈਕਟਰ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਐੱਸ. ਆਈ. ਐੱਚ. ਐੱਫ. ਡਬਲਿਊ ਡਾ. ਜਸਵਿੰਦਰ ਕੁਮਾਰੀ, ਸਿਵਲ ਸਰਜਨ ਮੋਹਾਲੀ ਡਾ. ਮਹੇਸ਼ ਆਹੂਜਾ, ਡਾਇਰੈਕਟਰ ਪ੍ਰੋਕਿਊਰਮੈਂਟ ਪੀ. ਐੱਚ. ਐੱਸ. ਸੀ. ਡਾ. ਪਵਨਪ੍ਰੀਤ ਕੌਰ ਅਤੇ ਸਟੇਟ ਨੋਡਲ ਅਫ਼ਸਰ (ਡੈਂਟਲ) ਡਾ. ਨਵਰੂਪ ਕੌਰ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ- ਪਟਿਆਲਾ ਪੁਲਸ ਦੀ ਗ੍ਰਿਫ਼ਤ 'ਚ ਭਾਰਤੀ ਫ਼ੌਜ ਦਾ ਜਵਾਨ, ਕਾਰਨਾਮਾ ਜਾਣ ਰਹਿ ਜਾਓਗੇ ਹੱਕੇ-ਬੱਕੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News