ਹੱਡ ਚੀਰਵੀਂ ਠੰਡ ਤੇ ਸੰਘਣੀ ਧੁੰਦ ਨੇ ਜਨਜੀਵਨ ਕੀਤਾ ਪ੍ਰਭਾਵਿਤ
Monday, Jan 06, 2025 - 02:47 PM (IST)
ਬੁਢਲਾਡਾ (ਬਾਂਸਲ) : ਕੁੱਝ ਦਿਨਾਂ ਤੋਂ ਪੈ ਰਹੀ ਹੱਡ ਚੀਰਵੀਂ ਠੰਡ ਨੇ ਜਿੱਥੇ ਲੋਕਾਂ ਦਾ ਜਿਊਣਾ ਮੁਹਾਲ ਕਰ ਰੱਖਿਆ ਹੈ, ਉੱਥੇ ਹੀ ਰਹੀ ਸਹੀ ਕਸਰ ਸੰਘਣੀ ਧੁੰਦ ਨੇ ਪੂਰੀ ਕਰ ਦਿੱਤੀ ਹੈ, ਜਿਸ ਵਜੋਂ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ। ਮਨੁੱਖ ਤਾਂ ਮਨੁੱਖ ਜਾਨਵਰਾਂ ਆਦਿ ਦਾ ਬੁਰਾ ਹਾਲ ਹੈ, ਜਿਨ੍ਹਾਂ ਦੇ ਮਾਲਕ ਇਨ੍ਹਾਂ ਨੂੰ ਠੰਡ ਤੋਂ ਬਚਾਉਣ ਲਈ ਗਰਮ ਕੰਬਲ, ਬੋਰੀਆਂ ਆਦਿ ਨਾਲ ਢੱਕ ਕੇ ਠੰਡ ਤੋਂ ਬਚਾਅ ਕਰ ਰਹੇ ਹਨ। ਸੰਘਣੀ ਧੁੰਦ ਦੇ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨੂੰ ਸੜਕਾਂ 'ਤੇ ਵਾਹਨਾਂ ਦੀਆਂ ਲਾਈਟਾਂ ਚਾਲੂ ਕਰਕੇ ਹੌਲੀ ਰਫ਼ਤਾਰ ਨਾਲ ਮੰਜ਼ਿਲ ਵੱਲ ਵੱਧਦਿਆਂ ਦੇਖਿਆ ਗਿਆ।
ਸਵੇਰੇ ਅਤੇ ਸ਼ਾਮ ਦੇ ਸਮੇਂ ਪੈਣ ਵਾਲੇ ਸੰਘਣੇ ਕੋਹਰੇ ਦੇ ਕਾਰਨ ਇਸ ਇਲਾਕੇ ਦੇ ਹਾਲਾਤ ਕੁੱਝ ਇਸ ਤਰ੍ਹਾਂ ਦੇ ਬਣੇ ਹੋਏ ਹਨ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਤੇਜ਼ ਰਫ਼ਤਾਰ ਦੌੜਨ ਵਾਲੇ ਵਾਹਨ ਕੀੜੀਆਂ ਦੀ ਤਰ੍ਹਾਂ ਰੇਂਗਦੇ ਦਿਖਾਈ ਦੇ ਰਹੇ ਸਨ ਅਤੇ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਵਿਜ਼ੀਬਿਲਟੀ ਜ਼ੀਰੋ ’ਤੇ ਪੁੱਜ ਚੁੱਕੀ ਹੈ। ਇਸ ਦੌਰਾਨ ਵਾਹਨ ਚਾਲਕਾਂ ਨੂੰ ਡਰਾਈਵਿੰਗ ਕਰਨ ਦੇ ਦੌਰਾਨ ਦਿਨ ਦੇ ਸਮੇਂ ਨਾ ਸਿਰਫ ਵਾਹਨਾਂ ਦੀ ਹੈੱਡਲਾਈਟ ਜਗਾ ਕੇ ਚੱਲਣਾ ਪਿਆ, ਸਗੋਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਦੇ ਮਾਹਿਰਾਂ ਵੱਲੋਂ ਲੋਕਾਂ ਨੂੰ ਸੀਤ ਲਹਿਰ ਅਤੇ ਠੰਡ ਦੇ ਕਹਿਰ ਤੋਂ ਸੁਰੱਖਿਅਤ ਬਚਣ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ’ਚ ਵਿਸ਼ੇਸ਼ ਕਰ ਕੇ ਬੱਚਿਆਂ ਅਤੇ ਬਜ਼ੁਰਗਾਂ ਜੋ ਸਾਹ ਦੀਆਂ ਬੀਮਾਰੀਆਂ, ਦਮਾ ਅਤੇ ਹਾਰਟ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ, ਨੂੰ ਵਿਸ਼ੇਸ਼ ਸਾਵਧਾਨੀਆਂ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ।