ਸੰਘਣੀ ਧੁੰਦ, ਤੇਜ਼ ਹਵਾਵਾਂ ਤੇ ਠੰਡ ਨੇ ਨਵੇਂ ਸਾਲ ਨੂੰ ਕਿਹਾ ਖੁਸ਼ਾਮਦੀਦ

Tuesday, Jan 02, 2018 - 07:01 AM (IST)

ਸੰਘਣੀ ਧੁੰਦ, ਤੇਜ਼ ਹਵਾਵਾਂ ਤੇ ਠੰਡ ਨੇ ਨਵੇਂ ਸਾਲ ਨੂੰ ਕਿਹਾ ਖੁਸ਼ਾਮਦੀਦ

ਸੁਲਤਾਨਪੁਰ ਲੋਧੀ, (ਧੀਰ)- ਨਵੇਂ ਸਾਲ 2018 ਦੀ ਆਮਦ 'ਤੇ ਅੱਜ ਪਹਿਲੇ ਦਿਨ ਸੰਘਣੀ ਧੁੰਦ ਨੇ ਖੁਸ਼ਾਮਦੀਦ ਕਿਹਾ ਤੇ ਠੰਡੀਆਂ ਹਵਾਵਾਂ ਨੇ ਸਵਾਗਤ ਕੀਤਾ। ਸਾਲ ਦੇ ਪਹਿਲੇ ਦਿਨ ਅੱਜ ਸਵੇਰੇ ਜਦੋਂ ਲੋਕ ਰਾਤ ਦੇ ਜਸ਼ਨ ਮਨਾਉਣ ਉਪਰੰਤ ਉਠੇ ਤਾਂ ਸੰਘਣੀ ਧੁੰਦ ਤੇ ਠੰਡ ਨੇ ਦੁਬਾਰਾ ਲੋਕਾਂ ਨੂੰ ਰਜਾਈਆਂ 'ਚ ਬੈਠਣ ਲਈ ਮਜਬੂਰ ਕਰ ਦਿੱਤਾ ਪਰ ਸਰਕਾਰੀ ਦਫਤਰਾਂ ਤੇ ਪ੍ਰਾਈਵੇਟ ਨੌਕਰੀਆਂ 'ਤੇ ਜਾ ਕੇ ਸਰਵਿਸਮੈਨਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੰਘਣੀ ਧੁੰਦ ਕਾਰਨ ਜਿਥੇ ਬੱਸਾਂ ਹੌਲੀ ਚੱਲ ਰਹੀਆਂ ਸਨ, ਉਥੇ ਹੀ ਰੇਲ ਸੇਵਾ ਵੀ ਧੁੰਦ ਨਾਲ ਪ੍ਰਭਾਵਿਤ ਹੋਈ। ਸਰਦੀਆਂ ਦੀਆਂ ਛੁੱਟੀਆਂ ਉਪਰੰਤ 1 ਹਫਤੇ ਬਾਅਦ ਖੁੱਲ੍ਹੇ ਕਈ ਸਕੂਲਾਂ 'ਚ ਅੱਜ ਵਿਦਿਆਰਥੀਆਂ ਦੀ ਵੀ ਗਿਣਤੀ ਘੱਟ ਵਿਖਾਈ ਦਿੱਤੀ। ਨਵੇਂ ਸਾਲ 'ਚ ਪਹਿਲੇ ਦਿਨ ਵਧੀ ਠੰਡ ਤੇ ਪਏ ਕੋਹਰੇ ਕਾਰਨ ਕਣਕ ਦੀ ਬੀਜਾਈ ਵਾਲੇ ਕਿਸਾਨਾਂ ਦੇ ਚਿਹਰਿਆਂ 'ਤੇ ਵੀ ਰੌਣਕਾਂ ਵਿਖਾਈ ਦਿੱਤੀਆਂ।
ਸੰਘਣੀ ਧੁੰਦ ਨੇ ਵਾਹਨ ਚਾਲਕਾਂ ਨੂੰ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਾਓ ਲਈ ਹੈੱਡ ਲਾਈਟਾਂ ਜਗਾ ਕੇ ਮੁੱਖ ਹਾਈਵੇ ਸੜਕਾਂ 'ਤੇ ਹੌਲੀ ਗਤੀ 'ਚ ਚੱਲਣ ਲਈ ਮਜਬੂਰ ਕੀਤਾ। 
ਧੁੰਦ ਕਾਰਨ ਟਰੇਨਾਂ ਵੀ ਚੱਲੀਆਂ ਕਈ ਘੰਟੇ ਲੇਟ : ਧੁੰਦ ਨਾਲ ਜਿਥੇ ਆਮ ਜਨ ਜੀਵਨ ਪ੍ਰਭਾਵਿਤ ਹੋਇਆ, ਉਥੇ ਹੀ ਟਰੇਨਾਂ ਵੀ ਆਪਣੇ ਨਿਰਧਾਰਿਤ ਸਮੇਂ ਤੋਂ ਕਾਫੀ ਦੇਰੀ ਨਾਲ ਚੱਲੀਆਂ, ਜਿਸ ਕਾਰਨ ਯਾਤਰੀਆਂ ਨੂੰ ਰੇਲਵੇ ਸਟੇਸ਼ਨ 'ਤੇ ਠੰਡ 'ਚ ਖੜ੍ਹੇ ਹੋ ਕੇ ਟਰੇਨਾਂ ਦਾ ਇੰਤਜ਼ਾਰ ਕਰਨਾ ਪਿਆ। 
ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਦੇ ਮੁੱਖ ਸੁਪਰਡੈਂਟ ਨਰੇਸ਼ ਬਹਿਲ ਨੇ ਦੱਸਿਆ ਕਿ ਸਵੇਰੇ ਚੱਲਣ ਵਾਲੀਆਂ ਟਰੇਨਾਂ ਦੇਰੀ ਨਾਲ ਚੱਲੀਆਂ ਪਰ ਫਿਰ 12 ਵਜੇ ਤੋਂ ਬਾਅਦ ਧੁੱਪ ਨਿਕਲਣ ਕਾਰਨ ਕੁੱਝ ਸਮੇਂ 'ਚ ਸੁਧਾਰ ਹੋਇਆ। ਉਨ੍ਹਾਂ ਦੱਸਿਆ ਕਿ ਸਵੇਰੇ ਜੰਮੂ ਤਵੀ ਤੋਂ ਚੱਲ ਕੇ ਬਠਿੰਡਾ ਜਾਣ ਵਾਲੀ ਇੰਟਰਸਿਟੀ ਐਕਸਪ੍ਰੈੱਸ ਨੰ. 19226 ਜਿਸ ਦਾ ਸੁਲਤਾਨਪੁਰ ਲੋਧੀ ਸਵੇਰੇ 5.5 'ਤੇ ਪਹੁੰਚਣ ਦਾ ਸਮਾਂ ਹੈ, ਉਹ ਆਪਣੇ ਨਿਰਧਾਰਿਤ ਸਮੇਂ ਤੋਂ 2 ਘੰਟੇ 10 ਮਿੰਟ ਦੇਰੀ ਨਾਲ ਪੁੱਜੀ। ਇਸੇ ਤਰ੍ਹਾਂ ਹੋਰ ਵੀ ਟਰੇਨਾਂ ਆਪਣੇ-ਆਪਣੇ ਨਿਰਧਾਰਿਤ ਸਮੇਂ ਤੋਂ ਕਾਫੀ ਦੇਰੀ ਨਾਲ ਪੁੱਜੀਆਂ।
ਠੰਡ ਤੇ ਕੋਹਰੇ ਨੇ ਕਿਸਾਨਾਂ ਦੇ ਚਿਹਰੇ 'ਤੇ ਲਿਆਂਦੀ ਰੌਣਕ :  ਠੰਡ ਤੇ ਸਵੇਰੇ ਪਏ ਜ਼ਬਰਦਸਤ ਕੋਹਰੇ ਨੇ ਕਿਸਾਨਾਂ ਦੇ ਚਿਹਰੇ 'ਤੇ ਰੌਣਕ ਲਿਆ ਦਿੱਤੀ। ਕੋਹਰੇ ਕਾਰਨ ਕਣਕ ਦੀ ਫਸਲ ਨੂੰ ਵਧਣ 'ਚ ਕਾਫੀ ਮਦਦ ਮਿਲੇਗੀ। ਦੂਜੇ ਪਾਸੇ ਸਬਜ਼ੀਆਂ ਤੇ ਟਮਾਟਰ ਬੀਜਣ ਵਾਲੇ ਕਿਸਾਨਾਂ ਦੇ ਚਿਹਰੇ 'ਤੇ ਉਦਾਸੀ ਵਿਖਾਈ ਦਿੱਤੀ।
ਠੰਡ ਹੋਰ ਵਧਣ ਦੀ ਉਮੀਦ : ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ 'ਚ ਠੰਡ ਹੋਰ ਵੱਧ ਸਕਦੀ ਹੈ ਤੇ ਤਾਪਮਾਨ ਹੋਰ ਥੱਲੇ ਡਿੱਗ ਸਕਦਾ ਹੈ। ਪਵਿੱਤਰ ਨਗਰੀ ਸ਼ਹਿਰ ਦਾ ਤਾਪਮਾਨ ਅੱਜ ਘੱਟ ਤੋਂ ਘੱਟ 6 ਡਿਗਰੀ ਤੇ ਤੇ ਵੱਧ ਤੋਂ ਵੱਧ 17 ਡਿਗਰੀ ਦਰਜ ਕੀਤਾ ਗਿਆ।


Related News