ਜ਼ਿਲ੍ਹਾ ਫਿਰੋਜ਼ਪੁਰ 'ਚ ਕੋਰੋਨਾ ਆਫ਼ਤ ਦੇ ਨਾਲ-ਨਾਲ ਵਧਣ ਲੱਗਾ ਡੇਂਗੂ ਦਾ ਪ੍ਰਕੋਪ , ਮਰੀਜ਼ਾਂ 'ਚ ਸਹਿਮ ਦਾ ਮਾਹੌਲ
Saturday, Aug 22, 2020 - 02:32 PM (IST)
ਫਿਰੋਜ਼ਪੁਰ (ਕੁਮਾਰ) : ਜ਼ਿਲ੍ਹਾ ਫਿਰੋਜ਼ਪੁਰ 'ਚ ਕੋਰੋਨਾ ਦੇ ਨਾਲ-ਨਾਲ ਡੇਂਗੂ ਦਾ ਪ੍ਰਕੋਪ ਵੀ ਵੱਧਣ ਲੱਗਾ ਹੈ। ਸਰਕਾਰੀ ਸੂਤਰਾਂ ਅਨੁਸਾ ਜ਼ਿਲ੍ਹਾ ਫਿਰੋਜ਼ਪੁਰ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 123 ਹੋ ਗਈ ਹੈ, ਜਦਕਿ ਗੈਰ ਸਰਕਾਰੀ ਸੂਤਰਾਂ ਅਨੁਸਾਰ ਫਿਰੋਜ਼ਪੁਰ 'ਚ ਡੇਂਗੂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਡੇਂਗੂ ਨੂੰ ਲੈ ਕੇ ਲੋਕਾਂ 'ਚ ਡਰ ਦਾ ਮਾਹੌਲ ਹੈ। ਫਿਰੋਜ਼ਪੁਰ ਦੇ ਕਈ ਘਰਾਂ 'ਚ ਤਾਂ ਇਕ ਤੋਂ ਜ਼ਿਆਦਾ ਡੇਂਗੂ ਤੋਂ ਪੀੜਤ ਮਰੀਜ਼ ਹਨ ਅਤੇ ਕੋਰੋਨਾ ਦੇ ਡਰ ਕਾਰਣ ਉਹ ਹਸਪਤਾਲਾਂ 'ਚ ਜਾਣ ਤੋਂ ਡਰਦੇ ਹਨ। ਜ਼ਿਆਦਾਤਰ ਲੋਕ ਪ੍ਰਾਈਵੇਟ ਲੈਬੋਰਟਰੀਆਂ ਤੋਂ ਆਪਣੇ ਟੈਸਟ ਕਰਵਾ ਰਹੇ ਹਨ ਅਤੇ ਮੋਬਾਇਲ ਫੋਨ 'ਤੇ ਹੀ ਡਾਕਟਰਾਂ ਤੋਂ ਇਲਾਜ ਲਈ ਦਵਾਈਆਂ ਲਿਖਵਾ ਰਹੇ ਹਨ। ਸੰਪਰਕ ਕਰਨ 'ਤੇ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਵਿਸ਼ੇਸ਼ ਡਾਕਟਰ ਗੁਰਮੇਜ ਗੁਰਾਇਆ ਅਤੇ ਦਸਮੇਸ਼ ਹਸਪਤਾਲ ਦੇ ਮਾਹਿਰ ਡਾਕਟਰ ਮਨਪ੍ਰੀਤ ਨੇ ਦੱਸਿਆ ਕਿ ਫਿਰੋਜ਼ਪੁਰ 'ਚ ਡੇਂਗੂ ਤੋਂ ਪੀੜਤ ਮਰੀਜ਼ ਉਨ੍ਹਾਂ ਕੋਲ ਆ ਰਹੇ ਹਨ। ਜ਼ਰੂਰੀ ਹੋਣ 'ਤੇ ਅਜਿਹੇ ਮਰੀਜ਼ਾਂ ਨੂੰ ਹਸਪਤਾਲ 'ਚ ਦਾਖਲ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਪਲੇਟਲੈਟਸ ਲਗਾ ਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਸਿਵਲ ਹਸਪਤਾਲ 'ਚੋਂ ਗਾਇਬ ਹੋਏ ਨਵਜੰਮੇ ਬੱਚੇ ਨੂੰ ਪੁਲਸ ਨੇ ਕੀਤਾ ਬਰਾਮਦ (ਵੀਡੀਓ)
ਡੇਂਗੂ ਤੋਂ ਬੱਚਣ ਲਈ ਲੋਕਾਂ ਨੂੰ ਆਪਣੇ ਘਰਾਂ 'ਚ ਅਤੇ ਆਸ-ਪਾਸ ਦੀ ਸਫਾਈ ਰੱਖਣੀ ਚਾਹੀਦੀ ਹੈ, ਤਾਂ ਜੋ ਮੱਛਰ ਪੈਦਾ ਨਾ ਹੋਵੇ। ਜੇਕਰ ਕਿਸੇ ਨੂੰ ਬੁਖਾਰ ਹੁੰਦਾ ਹੈ, ਸਰੀਰ ਦਰਦ ਹੁੰਦਾ ਹੈ, ਲੱਕ 'ਚ ਦਰਦ, ਸਰੀਰ 'ਤੇ ਨਿਸ਼ਾਨ ਪੈਂਦੇ ਹਨ, ਜੁਆਇੰਟ ਪੇਨ ਰਹਿੰਦੀ ਹੈ, ਅੱਖਾਂ 'ਚ ਦਰਦ ਹੁੰਦਾ ਹੈ ਜਾਂ ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ ਉਨ੍ਹਾਂ ਨੂੰ ਤੁਰੰਤ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ ਅਤੇ ਆਪਣੇ ਟੈਸਟ ਕਰਵਾਉਣੇ ਚਾਹੀਦੇ ਹਨ। ਉਥੇ ਹੀ ਫਿਰੋਜ਼ਪੁਰ ਦੇ ਵੱਖ-ਵੱਖ ਐੱਨ. ਜੀ. ਓਜ. ਅਤੇ ਸਮਾਜਿਕ ਸੰਗਠਨਾਂ ਨੇ ਮੰਗ ਕੀਤੀ ਕਿ ਕਿ ਸਿਵਲ ਹਪਤਸਾਲ ਫਿਰੋਜ਼ਪੁਰ 'ਚ ਡੇਂਗੂ ਪੀੜਤ ਮਰੀਜ਼ਾਂ ਦੇ ਟੈਸਟ ਕਰਵਾਉਣ ਲਈ ਆਧੁਨਿਕ ਮਸ਼ੀਨਾਂ ਅਤੇ 24 ਘੰਟੇ ਸਟਾਫ ਦਾ ਪੂਰਾ ਪ੍ਰਬੰਧ ਕੀਤਾ ਜਾਵੇ।
ਇਹ ਵੀ ਪੜ੍ਹੋ : ਕੈਪਟਨ ਨੇ ਬੰਦ ਕੀਤੀ 'ਗੇੜੀ', ਹੁਣ ਕਾਰ 'ਚ ਘੁੰਮਣਾ ਹੋਇਆ ਔਖਾ