ਡੇਂਗੂ ਨੇ ਪੰਜਾਬ ''ਚ ਪਸਾਰੇ ਪੈਰ, 1567 ਮਰੀਜ਼ ਹੋਏ ਰਿਪੋਰਟ

09/28/2018 7:47:21 PM

ਅੰਮ੍ਰਿਤਸਰ (ਦਲਜੀਤ)— ਡੇਂਗੂ ਮੱਛਰ ਨੇ ਪੰਜਾਬ ਭਰ 'ਚ ਆਪਣੇ ਪੈਰ ਪਸਾਰ ਲਏ ਹਨ। ਏਡੀਜ਼ ਅਜਿਪਟੀ ਨਾਮਕ ਡੇਂਗੂ ਮੱਛਰ ਦੇ ਕੱਟਣ ਨਾਲ 1567 ਮਰੀਜ਼ ਰਿਪੋਰਟ ਹੋਏ ਹਨ। ਪਟਿਆਲਾ, ਜਲੰਧਰ, ਐੱਸ.ਐੱਸ.ਏ. ਨਗਰ, ਮਾਨਸਾ ਆਦਿ ਜ਼ਿਲਿਆਂ 'ਚ ਪਿਛਲੇ ਸਾਲ ਦੀ ਤੁਲਨਾ 'ਚ 3 ਤੋਂ 4 ਗੁਣਾ ਡੇਂਗੂ ਦੇ ਮਰੀਜ਼ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਿਥੇ ਡੇਂਗੂ ਨਾਲ ਨਜਿੱਠਣ ਲਈ ਸਖਤ ਮਿਹਨਤ ਕੀਤੀ ਜਾ ਰਹੀ ਹੈ, ਉਥੇ ਹੀ ਪੰਜਾਬ ਦੇ ਕਈ ਜ਼ਿਲਿਆਂ 'ਚ ਨਗਰ ਨਿਗਮਾਂ ਨੇ ਹੁਣ ਤੱਕ ਮੱਛਰ ਮਾਰ ਦਵਾਈ ਦਾ ਛਿੜਕਾਅ ਨਹੀਂ ਕੀਤਾ ਹੈ।

ਜਾਣਕਾਰੀ ਅਨੁਸਾਰ ਪੰਜਾਬ 'ਚ ਦੱਬੇ ਪੈਰ ਦਸਤਕ ਦੇਣ ਵਾਲੇ ਡੇਂਗੂ ਮੱਛਰ ਨੇ ਪਟਿਆਲਾ 'ਚ 396 ਦੇ ਕਰੀਬ ਮਰੀਜ਼ਾਂ ਨੂੰ ਹਸਪਤਾਲ ਤੱਕ ਪਹੁੰਚਾਇਆ ਹੈ। ਇਸ ਸਾਲ 27 ਸਤੰਬਰ ਤੱਕ ਪੰਜਾਬ 'ਚ 1567 ਡੇਂਗੂ ਪਾਜ਼ੇਟਿਵ ਮਰੀਜ਼ ਰਿਪੋਰਟ ਹੋ ਚੁੱਕੇ ਹਨ, ਜਦੋਂ ਕਿ ਪਿਛਲੇ ਸਾਲ 22 ਸਤੰਬਰ ਤੱਕ ਇਹ ਸੰਖਿਆ 1461 ਸੀ। ਦਰਅਸਲ, ਡੇਂਗੂ ਮੱਛਰ ਮੀਂਹ ਤੋਂ ਬਾਅਦ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ ਅਤੇ ਚੁੱਪ ਕਰ ਕੇ ਇਨਸਾਨਾਂ ਦਾ ਖੂਨ ਚੂਸ ਰਿਹਾ ਹੈ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਸਾਲ ਪੰਜਾਬ ਦੇ ਕਈ ਸੂਬਿਆਂ 'ਚ ਡੇਂਗੂ ਦਾ ਕਹਿਰ ਵਧਿਆ ਹੈ। ਪਟਿਆਲਾ, ਜਲੰਧਰ, ਐੱਸ. ਏ. ਐੱਸ. ਨਗਰ, ਮਾਨਸਾ ਆਦਿ ਜ਼ਿਲਿਆਂ 'ਚ ਪਿਛਲੇ ਸਾਲ ਦੀ ਤੁਲਨਾ 'ਚ 3 ਤੋਂ 4 ਗੁਣਾ ਵੱਧ ਮਰੀਜ਼ ਰਿਪੋਰਟ ਹੋਏ ਹਨ।

ਵਿਭਾਗ ਵੱਲੋਂ ਡੇਂਗੂ ਮੱਛਰ ਦੇ ਲਾਰਵੇ ਨੂੰ ਖਤਮ ਕਰਨ ਲਈ ਸਾਰੇ ਜ਼ਿਲਿਆਂ ਦੇ ਦਿਹਾਤੀ ਖੇਤਰਾਂ ਲਈ ਟੀਮੀ ਫਾਲਸ ਤੇ ਸਾਈਫੈਨੋਥਰਿਕ ਨਾਮਕ ਦਵਾਈ ਵੱਡੀ ਗਿਣਤੀ 'ਚ ਭੇਜੀ ਗਈ ਹੈ, ਜਦੋਂ ਕਿ ਅੰਮ੍ਰਿਤਸਰ ਸਮੇਤ ਪੰਜਾਬ ਕਈ ਜ਼ਿਲਿਆਂ 'ਚ ਹੁਣ ਤੱਕ ਨਗਰ ਨਿਗਮਾਂ ਵੱਲੋਂ ਸ਼ਹਿਰੀ ਖੇਤਰ 'ਚ ਮੱਛਰ ਮਾਰ ਦਵਾਈ ਦਾ ਛਿੜਕਾਅ ਤੱਕ ਨਹੀਂ ਕਰਵਾਇਆ ਗਿਆ। ਨਿਗਮ ਪ੍ਰਸ਼ਾਸਨ ਵੱਲੋਂ ਸਹਿਯੋਗ ਨਾ ਮਿਲਣ ਕਾਰਨ ਸਿਹਤ ਵਿਭਾਗ ਖੁਦ ਨੂੰ ਡੇਂਗੂ ਦੀ ਰੋਕਥਾਮ ਲਈ ਚਲਾਏ ਜਾ ਰਹੇ ਅਭਿਆਨ ਅੱਗੇ ਕਮਜ਼ੋਰ ਪਾ ਰਿਹਾ ਹੈ। ਇਸ ਸਬੰਧੀ ਜਦੋਂ ਸਟੇਟ ਐਪਡੋਮੋਲੋਜਿਸਟ ਡਾ. ਗਗਨਦੀਪ ਸਿੰਘ ਗਰੋਵਰ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਛੁੱਟੀ 'ਤੇ ਹੋਣ ਕਾਰਨ ਆਊਟ ਆਫ ਸਟੇਸ਼ਨ ਹਨ।


Related News