ਲੁਧਿਆਣਾ ''ਚ ਡੇਂਗੂ ਦਾ ਕਹਿਰ, ਹਸਪਤਾਲ ''ਚ ਭਰਤੀ ਹੋਏ 40 ਨਵੇਂ ਮਰੀਜ਼

Thursday, Oct 05, 2017 - 12:51 PM (IST)

ਲੁਧਿਆਣਾ ''ਚ ਡੇਂਗੂ ਦਾ ਕਹਿਰ, ਹਸਪਤਾਲ ''ਚ ਭਰਤੀ ਹੋਏ 40 ਨਵੇਂ ਮਰੀਜ਼

ਲੁਧਿਆਣਾ (ਸਹਿਗਲ)  : ਸ਼ਹਿਰ 'ਚ ਡੇਂਗੂ ਦੇ ਮਰੀਜ਼ਾਂ ਦਾ ਸਾਹਮਣੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਥਾਨਕ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਦਇਆਨੰਦ ਹਸਪਤਾਲ 'ਚ ਮਰੀਜ਼ਾਂ ਦੀ ਭਾਰੀ ਗਿਣਤੀ ਨੂੰ ਦੇਖਦੇ ਹੋਏ ਜਗ੍ਹਾ ਨਾ ਹੋਣ ਕਾਰਨ ਮਰੀਜ਼ਾਂ ਦੀ ਭਰਤੀ ਵੀ ਕੁਝ ਦੇਰ ਲਈ ਬੰਦ ਕਰਨੀ ਪੈ ਗਈ ਸੀ। ਹਸਪਤਾਲ ਦੀ ਅਮਰਜੈਂਸੀ 'ਚ ਐਕਸਟਰਾ ਬੈੱਡ ਲਾਉਣ ਤੋਂ ਇਲਾਵਾ ਹੁਣ ਲਗਭਗ ਹਰ ਵਾਰਡ 'ਚ ਡੇਂਗੂ ਦੇ ਮਰੀਜ਼ ਨਜ਼ਰ ਆ ਰਹੇ ਹਨ।  ਵੀਰਵਾਰ ਨੂੰ 40 ਸ਼ੱਕੀ ਡੇਂਗੂ ਦੇ ਨਵੇਂ ਮਰੀਜ਼ ਹਸਪਤਾਲ 'ਚ ਭਰਤੀ ਹੋਏ ਹਨ। ਹਸਪਤਾਲ 'ਚ ਭਰਤੀ ਹੋਣ ਵਾਲੇ ਜ਼ਿਆਦਾਤਰ ਮਰੀਜ਼ਾਂ 'ਚ ਡੇਂਗੂ ਬੁਖਾਰ ਦੀ ਜਾਂਚ ਲਈ ਸਰਕਾਰ ਵਲੋਂ ਮਾਨਤਾ ਪ੍ਰਾਪਤ ਟੈਸਟ ਫੇਲ ਸਿੱਧ ਹੋ ਰਿਹਾ ਹੈ ਕਿਉਂਕਿ ਵਾਰ-ਵਾਰ ਜਾਂਚ ਕਰਨ 'ਤੇ ਵੀ ਰਿਪੋਰਟ ਨੈਗਟਿਵ ਆਉਂਦੀ ਹੈ, ਜਦੋਂ ਕਿ ਇਕ ਹੋਰ ਟੈਸਟ ਡੇਂਗੂ ਐਂਟੀਜਨ ਐੱਨ. ਐੱਸ. ਵਨ ਹੀ ਪ੍ਰਮਾਣਿਕ ਸਿੱਧ ਹੋ ਰਿਹਾ ਹੈ। ਇਹ ਟੈਸਟ ਵੀ ਸਰਕਾਰ ਵਲੋਂ ਮਾਨਤਾ ਪ੍ਰਾਪਤ ਹੈ। ਮਾਹਿਰਾਂ ਮੁਤਾਬਕ ਐੱਨ. ਐੱਸ. ਵਨ ਬੁਖਾਰ ਤੋਂ ਪਹਿਲਾਂ 5 ਦਿਨਾਂ 'ਚ ਡੇਂਗੂ ਬਾਰੇ ਦੱਸ ਦਿੰਦਾ ਹੈ, ਜਦੋਂ ਕਿ ਮੈਕ ਐਲਾਈਜਾ ਇਕ ਹਫਤੇ ਦੇ ਬੁਖਾਰ ਤੋਂ ਬਾਅਦ ਡੇਂਗੂ ਬਾਰੇ ਦੱਸਦਾ ਹੈ। ਇਕ ਵਾਰ ਨੈਗਟਿਵ ਆਉਣ 'ਤੇ ਫਿਰ ਅਗਲੇ ਹਫਤੇ ਇਹ ਟੈਸਟ ਕੀਤਾ ਜਾਂਦਾ ਹੈ। ਦੂਜੇ ਪਾਸੇ ਸਿਹਤ ਵਿਭਾਗ ਮੈਕ ਐਲਾਈਜਾ ਵਲੋਂ ਜਾਂਚ ਕਰਾਉਣ 'ਤੇ ਜ਼ੋਰ ਦਿੰਦਾ ਹੈ ਅਤੇ ਜ਼ਿਆਦਾਤਰ ਮਰੀਜ਼ਾਂ ਨੂੰ ਨੈਗਟਿਵ ਕਰਾਰ ਦੇ ਦਿੰਦਾ ਹੈ।


Related News