''ਡੇਂਗੂ ਮੱਛਰਾਂ'' ਨੇ ਬੁਝਾਏ ਦੋ ਘਰਾਂ ਦੇ ''ਇਕਲੌਤੇ ਚਿਰਾਗ''

10/01/2017 7:01:29 AM

ਕਪੂਰਥਲਾ, (ਜ. ਬ.)- ਸ਼ਿਵ ਸੈਨਾ (ਬਾਲ ਠਾਕਰੇ) ਨੇ ਲੱਗਭਗ ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਦੇ ਕਈ ਜ਼ਿਲਿਆਂ 'ਚ ਡੇਂਗੂ ਮੱਛਰਾਂ ਦੇ ਕਹਿਰ ਤੇ ਇਸਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਖਾਸ ਕਰਕੇ ਸਿਹਤ ਵਿਭਾਗ ਤੇ ਨਗਰ ਕੌਂਸਲਾਂ ਵੱਲੋਂ ਤੁਰੰਤ ਕੋਈ ਪ੍ਰਭਾਵਸ਼ਾਲੀ ਕਦਮ ਨਾ ਚੁੱਕਣ ਦਾ ਸਖਤ ਨੋਟਿਸ ਲਿਆ ਹੈ।
ਇਸ ਸਬੰਧੀ ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਆਗੂ ਜਗਦੀਸ਼ ਕਟਾਰੀਆ ਨੇ ਡੇਂਗੂ ਮੱਛਰਾਂ ਵੱਲੋਂ ਸੈਂਕੜੇ ਲੋਕਾਂ ਦਾ ਖੂਨ ਚੂਸਣ, ਦਹਿਸ਼ਤ ਫੈਲਾਉਣ ਦੇ ਨਾਲ-ਨਾਲ ਕਪੂਰਥਲਾ ਨਾਲ ਸਬੰਧਤ ਦੋ ਘਰਾਂ ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ਅਰਵਿੰਦਰ ਸਿੰਘ ਤੇ ਲੇਬਰਮੈਨ ਗੁਰਮੀਤ ਦਾਸ ਦੇ ਇਕਲੌਤੇ ਚਿਰਾਗਾਂ ਰੋਬਿਨ ਸਿੰਘ (17) ਤੇ ਪਿੰ੍ਰਸ (17) ਨੂੰ ਲੁਧਿਆਣਾ ਤੇ ਅੰਮ੍ਰਿਤਸਰ 'ਚ ਬੁਝਾਉਣ 'ਤੇ ਡੂੰਘਾ ਦੁੱਖ ਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। 
ਉਨ੍ਹਾਂ ਕਿਹਾ ਕਿ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਪੰਜਾਬ ਦੇ ਕਈ ਜ਼ਿਲਿਆਂ 'ਚ ਡੇਂਗੂ ਮੱਛਰਾਂ ਨਾਲ ਹਜ਼ਾਰਾਂ ਲੋਕਾਂ ਦਾ ਪੀੜਤ ਹੋਣਾ ਚਿੰਤਾ ਦਾ ਗੰਭੀਰ ਵਿਸ਼ਾ ਹੀ ਨਹੀਂ, ਸਗੋਂ ਇਸ ਸਬੰਧੀ ਪੰਜਾਬ ਸਰਕਾਰ ਖਾਸ ਕਰਕੇ ਸਿਹਤ ਵਿਭਾਗ ਦੀ ਕਥਿਤ ਹਾਲਤ 'ਨਰ ਕੰਕਾਲ' ਜਿਹੀ ਹੋਣ ਦਾ ਸਪੱਸ਼ਟ ਸੰਕੇਤ ਵੀ ਹੈ।  
ਜੇਕਰ ਪੰਜਾਬ ਸਰਕਾਰ ਤੇ ਨਗਰ ਕੌਂਸਲਾਂ ਨੇ ਡੇਂਗੂ ਮੱਛਰਾਂ ਦੇ ਮੈਦਾਨ 'ਚ ਆਉਂਦੇ ਹੀ ਤਨ-ਮਨ ਦੇ ਨਾਲ ਉਸਦੇ ਵਿਰੁੱਧ ਮੋਰਚਾ ਲਾਇਆ ਹੁੰਦਾ ਤਾਂ ਸੈਂਕੜੇ ਲੋਕ ਇਸਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਸਨ। ਕੈਪਟਨ ਸਰਕਾਰ ਨੂੰ ਲੋਕ ਹਿੱਤ 'ਚ ਜਾਗਣਾ ਵੀ ਸਿੱਖਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ 'ਚ ਕਈ ਸਿਆਸੀ ਦਲਾਂ ਦੀਆਂ ਸਰਕਾਰਾਂ ਬਣੀਆਂ, ਪਰ ਉਹ ਸਿਹਤ ਸੇਵਾਵਾਂ 'ਚ ਪ੍ਰਭਾਵਸ਼ਾਲੀ ਸੁਧਾਰ ਲਿਆਉਣ ਤੇ ਲੋਕਾਂ ਨੂੰ ਇਸ 'ਚ ਰਾਹਤ ਪਹੁੰਚਾਉਣ ਦੇ ਮਾਮਲੇ 'ਚ ਕਥਿਤ 'ਗੱਪੀ ਤੇ ਤਮਾਸ਼ਬੀਨ' ਸਿੱਧ ਹੋਈਆਂ ਹਨ।  ਇਸ ਮੌਕੇ ਸ਼ਿਵ ਸੈਨਾ ਆਗੂ ਓਂਕਾਰ ਕਾਲੀਆ, ਕਾਲਾ ਪੰਡਤ, ਦੀਪਕ ਮਦਾਨ, ਦੀਪਕ ਛਾਬੜਾ, ਯੋਗੇਸ਼ ਸੋਨੀ, ਕ੍ਰਿਪਾਲ ਸਿੰਘ ਝੀਤਾ, ਪਿੰਟਾ ਪਹਿਲਵਾਨ, ਟੀਟੂ ਪੇਂਟਰ ਤੇ ਰਾਜੇਸ਼ ਕਨੌਜੀਆ ਹਾਜ਼ਰ ਸਨ।


Related News