ਸਰਕਾਰੀ ਸਕੂਲ ਸਣੇ ਦੁਕਾਨਾਂ ’ਚੋਂ ਮਿਲਿਆ ਡੇਂਗੂ ਦਾ ਲਾਰਵਾ, ਪ੍ਰਸ਼ਾਸਨ ਨੇ ਕੱਟੇ ਚਲਾਨ
Friday, Aug 27, 2021 - 06:07 PM (IST)

ਭਵਾਨੀਗੜ੍ਹ (ਵਿਕਾਸ) : ਡੇਂਗੂ ਦੀ ਰੋਕਥਾਮ ਅਤੇ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਅੱਜ ਸਿਹਤ ਮਹਿਕਮੇ ਅਤੇ ਨਗਰ ਕੌਂਸਲ ਦੀ ਸਾਂਝੀ ਟੀਮ ਵੱਲੋਂ ਚਲਾਨ ਕੀਤੇ ਗਏ। ਇਸ ਸਬੰਧੀ ਕਾਕਾ ਰਾਮ ਸ਼ਰਮਾ ਹੈਲਥ ਇੰਸਪੈਕਟਰ ਸਰਕਾਰੀ ਹਸਪਤਾਲ ਭਵਾਨੀਗੜ੍ਹ ਨੇ ਦੱਸਿਆ ਕਿ ਡੇਂਗੂ ਸਬੰਧੀ ਚੈਕਿੰਗ ਦੌਰਾਨ ਟੀਮ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਗਰਾਊਂਡ ’ਚ ਪਏ ਟਾਇਰਾਂ ਤੋਂ ਇਲਾਵਾ ਟਰੱਕ ਯੂਨੀਅਨ ਸਮੇਤ ਸ਼ਹਿਰ ਦੀ ਅਨਾਜ ਮੰਡੀ ’ਚ ਸਥਿਤ ਟਾਇਰਾਂ ਦੀਆਂ ਤਿੰਨ ਦੁਕਾਨਾਂ ਦੇ ਬਾਹਰ ਰੱਖੇ ਟਾਇਰਾਂ ’ਚ ਖੜ੍ਹੇ ਪਾਣੀ 'ਚੋਂ ਡੇਂਗੂ ਦਾ ਲਾਰਵਾ ਮਿਲਿਆ। ਜਿਸ ਸਬੰਧੀ ਮੌਕੇ ’ਤੇ ਚਲਾਨ ਕੀਤੇ ਗਏ। ਇਸ ਤੋਂ ਇਲਾਵਾ ਸ਼ਰਮਾ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ, ਸਰਕਾਰੀ ਹਸਪਤਾਲ ਦੀ ਬਿਲਡਿੰਗ ਅੰਦਰ ਅਤੇ ਭਵਾਨੀ ਮਾਤਾ ਮੰਦਰ ਦੇ ਨੇੜੇ ਤੰਬਾਕੂਨੋਸ਼ੀ ਕਰਨ ਵਾਲੇ ਲੋਕਾਂ ਦੇ ਵੀ ਚਲਾਨ ਕੀਤੇ ਗਏ। ਇਸ ਤੋਂ ਇਲਾਵਾ ਇੱਕ ਖੋਖੇ ’ਤੇ ਖੁੱਲ੍ਹੀਆਂ ਸਿਗਰਟਾਂ ਵੇਚਣ ਵਾਲਿਆਂ ਦੇ ਵੀ ਚਲਾਨ ਕੀਤੇ ਗਏ ਹਨ।
ਇਹ ਵੀ ਪੜ੍ਹੋ : ਕਿਸਾਨਾਂ ਵਲੋਂ ਅਕਸ਼ੈ ਕੁਮਾਰ ਦੀ ਫਿਲਮ ਦਾ ਵਿਰੋਧ, ਦਿੱਤੀ ਇਹ ਚਿਤਾਵਨੀ
ਉਨ੍ਹਾਂ ਕਿਹਾ ਕਿ ਮਹਿਕਮੇ ਦੇ ਨਿਰਦੇਸ਼ਾਂ ਅਨੁਸਾਰ ਅਗਲੇ ਦਿਨਾਂ ਵਿੱਚ ਵੀ ਡੇਂਗੂ ਅਤੇ ਖਾਣ ਪੀਣ ਵਾਲੀਆਂ ਵਸਤੂਆਂ ਦੀ ਚੈਕਿੰਗ ਸਬੰਧੀ ਮੁਹਿੰਮ ਜਾਰੀ ਰਹੇਗੀ। ਸ਼ੁੱਕਰਵਾਰ ਨੂੰ ਚੈਕਿੰਗ ਟੀਮ ਵਿੱਚ ਗੁਰਜਿੰਦਰ ਸਿੰਘ ਸੈਨੇਟਰੀ ਇੰਸਪੈਕਟਰ ਨਗਰ ਕੌੰਸਲ, ਬਲਦੇਵ ਸਿੰਘ ਐਮਪੀਡਬਲਿਊ (ਮੇਲ), ਨਵਦੀਪ ਕੁਮਾਰ, ਗੁਰਵਿੰਦਰ ਸਿੰਘ, ਪ੍ਰੇਮ ਕੁਮਾਰ ਸ਼ਾਮਲ ਸਨ।
ਇਹ ਵੀ ਪੜ੍ਹੋ : ਟ੍ਰਾਂਸਫਰ ਕਰਵਾ ਕੇ ਕਿਸੇ ਹੋਰ ਸਕੂਲ ’ਚ ਗਏ ਅਧਿਆਪਕਾਂ ਲਈ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਵਿਸ਼ੇਸ਼ ਨਿਰਦੇਸ਼
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ