ਮੁੱਖ ਮੰਤਰੀ ਦੇ ਸ਼ਹਿਰ ''ਚ ਡੇਂਗੂ, ਮਲੇਰੀਆ ਤੇ ਵਾਇਰਲ ਦਾ ਕਹਿਰ ਸਿਖਰਾਂ ''ਤੇ
Wednesday, Nov 01, 2017 - 03:31 AM (IST)

ਪਟਿਆਲਾ, (ਪਰਮੀਤ)- ਸ਼ਾਹੀ ਸ਼ਹਿਰ ਵਿਚ ਡੇਂਗੂ, ਮਲੇਰੀਆ ਤੇ ਵਾਇਰਲ ਦਾ ਕਹਿਰ ਸਿਖ਼ਰ 'ਤੇ ਪਹੁੰਚ ਗਿਆ ਹੈ। ਸ਼ਹਿਰ ਦੇ ਇਤਿਹਾਸ ਵਿਚ ਪਹਿਲੀ ਵਾਰ ਪ੍ਰਾਈਵੇਟ ਹਸਪਤਾਲ ਇਸ ਕਦਰ ਫੁੱਲ ਹੋ ਚੁੱਕੇ ਹਨ ਕਿ ਉਨ੍ਹਾਂ ਵੱਲੋਂ ਨਵੇਂ ਮਰੀਜ਼ਾਂ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। 'ਜਗ ਬਾਣੀ' ਦੀ ਟੀਮ ਵੱਲੋਂ ਅੱਜ ਸ਼ਹਿਰ ਦੇ 3 ਪ੍ਰਮੁੱਖ ਹਸਪਤਾਲਾਂ ਦਾ ਦੌਰਾ ਕਰਨ 'ਤੇ ਪਾਇਆ ਗਿਆ ਕਿ ਇਨ੍ਹਾਂ ਹਸਪਤਾਲਾਂ ਵਿਚ ਮਰੀਜ਼ਾਂ ਲਈ ਲਾਏ ਗਏ ਬੈੱਡ ਫੁੱਲ ਹੋ ਚੁੱਕੇ ਹਨ। ਹਸਪਤਾਲਾਂ ਵੱਲੋਂ ਬੁਖ਼ਾਰ ਪੀੜਤ ਮਰੀਜ਼ਾਂ ਨੂੰ ਦਾਖਲੇ ਤੋਂ ਨਾਂਹ ਕੀਤੀ ਜਾ ਰਹੀ ਹੈ। ਇਹ ਹਾਲਤ ਪਹਿਲੀ ਵਾਰ ਸ਼ਹਿਰ ਵਿਚ ਵੇਖਣ ਨੂੰ ਮਿਲ ਰਹੀ ਹੈ। ਹੁਣ ਤੱਕ ਡੇਂਗੂ ਦੇ 1083 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 2243 ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਘਰ-ਘਰ ਲਾਰਵੇ ਦੀ ਚੈਕਿੰਗ ਦੀ ਵਿੱਢੀ ਮੁਹਿੰਮ ਦੌਰਾਨ 22850 ਥਾਵਾਂ 'ਤੇ ਡੇਂਗੂ ਦੇ ਲਾਰਵਾ ਮਿਲੇ ਹਨ।
ਸਰਕਾਰੀ ਹਸਪਤਾਲਾਂ 'ਚ ਗੰਦਗੀ ਦੀ ਭਰਮਾਰ, ਡਾਕਟਰ ਵੀ ਹੋਏ ਬੀਮਾਰ
ਉਧਰ ਸ਼ਹਿਰ ਦੇ ਰਾਜਿੰਦਰਾ ਹਸਪਤਾਲ ਵਿਚ ਬੇਸ਼ੱਕ ਆਮ ਗਰੀਬ ਜਨਤਾ ਇਲਾਜ ਲਈ ਸਭ ਤੋਂ ਵੱਧ ਆ ਰਹੀ ਹੈ। ਦੌਰਾ ਕਰਨ 'ਤੇ ਵੇਖਿਆ ਕਿ ਹਸਪਤਾਲ ਵਿਚ ਕਈ ਥਾਈਂ ਗੰਦਗੀ ਦੀ ਭਰਮਾਰ ਹੈ। ਅਜਿਹੇ ਵਿਚ ਜਦੋਂ ਇਨ੍ਹਾਂ ਹਸਪਤਾਲਾਂ ਨੇ ਬੀਮਾਰੀ ਦੇ ਇਲਾਜ ਲਈ ਕੰਮ ਕਰਨਾ ਹੈ, ਇਹ ਖੁਦ ਬੀਮਾਰੀ ਦਾ ਕੇਂਦਰ ਬਣਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਹੀ ਸਰਕਾਰੀ ਹਸਪਤਾਲਾਂ ਦੇ ਡਾਕਟਰ ਤੇ ਪੈਰਾ-ਮੈਡੀਕਲ ਸਟਾਫ ਵੀ ਇਸ ਬੀਮਾਰੀ ਦੀ ਲਪੇਟ ਵਿਚ ਆ ਗਏ ਹਨ। ਹਸਪਤਾਲ ਦਾ ਕਾਫੀ ਸਟਾਫ ਛੁੱਟੀ 'ਤੇ ਦੱਸਿਆ ਜਾ ਰਿਹਾ ਹੈ, ਜੋ ਡੇਂਗੂ ਜਾਂ ਵਾਇਰਲ ਤੋਂ ਪੀੜਤ ਹੈ।
ਸਾਬਕਾ ਮੇਅਰ ਅਮਰਿੰਦਰ ਬਜਾਜ ਵੀ ਡੇਂਗੂ ਦੀ ਲਪੇਟ 'ਚ
ਪਟਿਆਲਾ, (ਰਾਣਾ)-ਸ਼ਹਿਰ ਦੇ ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਵੀ ਡੇਂਗੂ ਦੀ ਲਪੇਟ ਵਿਚ ਆ ਗਏ ਹਨ। ਮਹਾਮਾਰੀ ਦੀ ਤਰ੍ਹਾਂ ਫੈਲੇ ਡੇਂਗੂ 'ਤੇ ਕਾਬੂ ਪਾਉਣ 'ਚ ਨਗਰ ਨਿਗਮ ਅਤੇ ਸਿਹਤ ਵਿਭਾਗ ਰੋਕਣ ਵਿਚ ਅਸਫਲ ਰਿਹਾ ਹੈ। ਸ਼ਹਿਰ ਦਾ ਕੋਈ ਹੀ ਅਜਿਹਾ ਏਰੀਆ ਹੋਵੇਗਾ ਜਿੱਥੇ ਡੇਂਗੂ ਨਾ ਪਹੁੰਚਿਆ ਹੋਵੇ।
ਫੌਗਿੰਗ ਲਈ ਰੋਜ਼ਾਨਾ ਬਣ ਰਿਹੈ ਸ਼ਡਿਊਲ, ਰਾਹਤ ਹਾਲੇ ਦੂਰ ਦੀ ਗੱਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿਚ ਜਦੋਂ ਬੁਖਾਰ ਦਾ ਰੌਲਾ ਪੈ ਗਿਆ ਤਾਂ ਹੁਣ ਨਗਰ ਨਿਗਮ ਵੱਲੋਂ ਰੋਜ਼ਾਨਾ ਆਧਾਰ 'ਤੇ ਫੌਗਿੰਗ ਦਾ ਸ਼ਡਿਊਲ ਜਾਰੀ ਕੀਤਾ ਜਾ ਰਿਹਾ ਹੈ। ਆਮ ਜਨਤਾ ਵਿਚ ਇਹ ਸਵਾਲ ਉੱਠ ਰਿਹਾ ਹੈ ਕਿ ਹੁਣ ਜਦੋਂ ਬੀਮਾਰੀ ਸਿਖ਼ਰਾਂ 'ਤੇ ਹੈ ਤਾਂ ਸ਼ਡਿਊਲ ਜਾਰੀ ਹੋ ਰਿਹਾ ਹੈ। ਨਿਗਮ ਵੱਲੋਂ ਪਹਿਲਾਂ 'ਬੀਮਾਰੀ ਨਾਲੋਂ ਰੋਕਥਾਮ ਚੰਗੀ' ਦੇ ਸਿਧਾਂਤ 'ਤੇ ਕੰਮ ਕਿਉਂ ਨਹੀਂ ਕੀਤਾ ਗਿਆ?
ਬੀਮਾਰੀ ਲਈ ਕੌਣ ਜ਼ਿੰਮੇਵਾਰ? ਬਹਿਸ ਬਰਕਰਾਰ
ਮੁੱਖ ਮੰਤਰੀ ਦੇ ਜ਼ਿਲੇ ਵਿਚ ਬੀਮਾਰੀ ਲਈ ਕੌਣ ਜ਼ਿੰਮੇਵਾਰ ਹੈ? ਇਸ ਨੂੰ ਲੈ ਕੇ ਆਮ ਬਹਿਸ ਜਾਰੀ ਹੈ।
ਸਿਹਤ ਵਿਭਾਗ ਦੇ ਅਧਿਕਾਰੀ ਕਹਿ ਰਹੇ ਹਨ ਕਿ ਉਨ੍ਹਾਂ ਦਾ ਕੰਮ ਤਾਂ ਇਲਾਜ ਨਾਲ ਸਬੰਧਤ ਹੈ, ਫੌਗਿੰਗ ਦਾ ਕੰਮ ਤਾਂ ਨਗਰ ਨਿਗਮ ਦੀ ਜ਼ਿੰਮੇਵਾਰੀ ਬਣਦੀ ਹੈ। ਆਮ ਲੋਕ ਇਸ ਗੱਲ ਤੋਂ ਹੈਰਾਨ ਹਨ ਕਿ ਵੱਖ-ਵੱਖ ਵਿਭਾਗਾਂ ਵੱਲੋਂ ਇਕ-ਦੂਜੇ ਸਿਰ ਜ਼ਿੰਮੇਵਾਰੀ ਸੁੱਟਣ ਨਾਲ ਉਹ ਕਿਸ ਤੋਂ ਜਵਾਬਦੇਹੀ ਦੀ ਝਾਕ ਰੱਖਣ?