ਸਸਤੀਆਂ ਸਬਜ਼ੀਆਂ ਖਰੀਦਣ ਦੇ ਚਾਹਵਾਨਾਂ ਨੂੰ ਮੁਫਤ ''ਚ ਘੇਰ ਰਹੀਆਂ ਮਹਿੰਗੀਆਂ ਬੀਮਾਰੀਆਂ
Tuesday, Oct 24, 2017 - 04:11 AM (IST)
ਲੁਧਿਆਣਾ(ਖੁਰਾਣਾ)-ਗਲੀ-ਮੁਹੱਲਿਆਂ 'ਚ ਵਿਕਣ ਵਾਲੀ ਸਬਜ਼ੀ ਦੀਆਂ ਅੱਗ ਉਗਲਦੀਆਂ ਕੀਮਤਾਂ ਦੇਖ ਜ਼ਿਆਦਾਤਰ ਪਰਿਵਾਰ ਖਾਸ ਤੌਰ 'ਤੇ ਔਰਤਾਂ ਕੁਝ ਪੈਸੇ ਬਚਾਉਣ ਦੇ ਚੱਕਰ 'ਚ ਘੱਟ ਕੀਮਤਾਂ 'ਤੇ ਸਬਜ਼ੀਆਂ ਖਰੀਦਣ ਲਈ ਬਹਾਦਰ ਕੇ ਰੋਡ ਸਥਿਤ ਸਬਜ਼ੀ ਮੰਡੀ 'ਚ ਪਹੁੰਚ ਕੇ ਮੁਫਤ 'ਚ ਮਿਲਣ ਵਾਲੀਆਂ ਮਹਿੰਗੀਆਂ ਬੀਮਾਰੀਆਂ ਦੇ ਘੇਰੇ 'ਚ ਆ ਰਹੀਆਂ ਹਨ, ਕਿਉਂਕਿ ਮੰਡੀ 'ਚ ਜਗ੍ਹਾ-ਜਗ੍ਹਾ ਫੈਲੀ ਗੰਦਗੀ ਦਾ ਆਲਮ ਇਹ ਹੈ ਕਿ ਇਥੋਂ ਬਿਨਾਂ ਨੱਕ 'ਤੇ ਰੁਮਾਲ ਰੱਖੇ ਲੰਘਣਾ ਮੁਸ਼ਕਿਲ ਹੈ ਅਤੇ ਉਪਰੋਂ ਮੰਡੀ 'ਚ ਜਗ੍ਹਾ-ਜਗ੍ਹਾ 'ਤੇ ਸੁੱਟੀ ਗਈ ਗਲੀ-ਸੜੀ ਸਬਜ਼ੀ ਅਤੇ ਖੜ੍ਹਾ ਗੰਦਾ ਪਾਣੀ ਡੇਂਗੂ ਵਰਗੀਆਂ ਘਾਤਕ ਬੀਮਾਰੀ ਨੂੰ ਸੱਦਾ ਦੇ ਰਹੇ ਹਨ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ 53 ਏਕੜ 'ਚ ਫੈਲੀ ਉਕਤ ਸਬਜ਼ੀ ਅਤੇ ਫਰੂਟ ਮੰਡੀ ਨੂੰ ਸਰਕਾਰ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਗਿਆ ਹੈ। ਇਥੇ ਹੋਰ ਕਈ ਰਾਜਾਂ ਤੋਂ ਆ ਕੇ ਵੱਡੇ ਕਾਰੋਬਾਰੀ ਵੀ ਸਾਲਾਨਾ ਕਰੋੜਾਂ ਰੁਪਏ ਦਾ ਕਾਰੋਬਾਰ ਕਰ ਕੇ ਸਬੰਧਤ ਵਿਭਾਗ ਨੂੰ ਲੱਖਾਂ ਦਾ ਮਾਲੀਆ ਅਦਾ ਕਰਦੇ ਹਨ ਪਰ ਉਚਿਤ ਸਾਫ-ਸਫਾਈ ਅਤੇ ਅਧਿਕਾਰੀਆਂ ਦੀ ਮੰਡੀ ਪ੍ਰਤੀ ਵਰਤੀ ਜਾ ਰਹੀ ਲਾਪ੍ਰਵਾਹੀ ਕਾਰਨ ਸਬਜ਼ੀ ਮੰਡੀ ਦਾ ਮਾਹੌਲ ਨਰਕ ਬਣਦਾ ਜਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਮੰਡੀ 'ਚ ਸਬਜ਼ੀਆਂ ਦਾ ਕਾਰੋਬਾਰ ਕਰ ਰਹੇ ਆੜ੍ਹਤੀਆਂ ਦੀ ਸਿਹਤ 'ਤੇ ਪੈਣਾ ਸੁਭਾਵਿਕ ਹੈ।
ਸ਼ਹਿਰ ਵਾਸੀਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਡੇਂਗੂ ਦਾ ਕਹਿਰ
ਦੱਸ ਦੇਈਏ ਕਿ ਮੌਜੂਦਾ ਸਮੇਂ 'ਚ ਸ਼ਹਿਰ ਵਾਸੀਆਂ ਦੇ ਸਿਰ 'ਤੇ ਡੇਂਗੂ ਦਾ ਕਹਿਰ ਬੋਲ ਰਿਹਾ ਹੈ ਅਤੇ ਨਗਰ ਦੇ ਹਰੇਕ ਹਸਪਤਾਲ 'ਚ ਇਸ ਸਮੇਂ ਡੇਂਗੂ ਰੋਗ ਤੋਂ ਪੀੜਤ ਮਰੀਜ਼ਾਂ ਦਾ ਤਾਂਤਾ ਲੱਗਿਆ ਹੋਇਆ ਹੈ। ਬਾਵਜੂਦ ਇਸ ਦੇ ਮੰਡੀ 'ਚ ਗੰਦਾ ਪਾਣੀ ਅਤੇ ਫੈਲੀ ਗੰਦਗੀ ਨੂੰ ਸਾਫ ਕਰਨ 'ਚ ਅਧਿਕਾਰੀ ਕਿਸੇ ਤਰ੍ਹਾਂ ਦੀ ਦਿਲਚਸਪੀ ਨਹੀਂ ਦਿਖਾ ਰਹੇ ਹਨ। ਇਥੇ ਇਸ ਤਰ੍ਹਾਂ ਨਹੀਂ ਹੈ ਕਿ ਵਿਭਾਗ ਨੂੰ ਸਬਜ਼ੀ ਮੰਡੀ 'ਚ ਕਾਰੋਬਾਰ ਕਰ ਰਹੇ ਵਪਾਰੀਆਂ ਤੋਂ ਮਿਲਣ ਵਾਲੇ ਮਾਲੀਏ ਦੀ ਕੋਈ ਘਾਟ ਹੈ ਬਲਕਿ ਚੰਗਾ ਖਾਸਾ ਮਾਲੀਆ ਦੇਣ ਦੇ ਬਾਵਜੂਦ ਇਥੋਂ ਦੇ ਕਾਰੋਬਾਰੀ ਵਿਭਾਗ ਅਧਿਕਾਰੀਆਂ ਵਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਦਿਖਾਈ ਦੇ ਰਹੇ ਹਨ।
