ਦਲਿਤਾਂ ਦੇ ਘਰਾਂ ਨੂੰ ਢਾਹੁਣ ਦੇ ਮਾਮਲੇ ''ਚ ਲੋਕਾਂ ਵਲੋਂ ਪ੍ਰਦਰਸ਼ਨ

02/16/2018 1:05:00 AM

ਦਸੂਹਾ, (ਝਾਵਰ)- ਉਪ ਮੰਡਲ ਦਸੂਹਾ ਦੇ ਪਿੰਡ ਦੇਹਰੀਵਾਲ ਵਿਖੇ ਅੱਜ ਨਾਜਾਇਜ਼ ਕਬਜ਼ਿਆਂ ਦੇ ਲਗਭਗ ਦਲਿਤਾਂ ਦੇ 12 ਘਰਾਂ ਨੂੰ ਢਾਹੁਣ ਲਈ ਮਹਿਕਮਾ ਦਿਹਾਤੀ ਪੰਚਾਇਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਜਦ ਕਬਜ਼ੇ ਛੁਡਾਉਣ ਦੀ ਕਾਰਵਾਈ ਆਰੰਭ ਕੀਤੀ ਤਾਂ ਮੌਕੇ 'ਤੇ ਇਨ੍ਹਾਂ ਘਰਾਂ ਦੀਆਂ ਔਰਤਾਂ, ਮਰਦਾਂ ਤੇ ਬੱਚਿਆਂ ਵੱਲੋਂ ਇਨ੍ਹਾਂ ਦਾ ਪਿੱਟ-ਸਿਆਪਾ ਕਰਨਾ ਸ਼ੁਰੂ ਕਰ ਦਿੱਤਾ। ਰੋਹ 'ਚ ਆਈਆਂ ਔਰਤਾਂ ਦਾ ਇਹ ਪ੍ਰਸ਼ਾਸਨਿਕ ਅਧਿਕਾਰੀ ਸਾਹਮਣਾ ਨਹੀਂ ਕਰ ਸਕੇ। ਮੌਕੇ 'ਤੇ ਕਾਨੂੰਨਗੋ ਮਨੋਹਰ ਲਾਲ, ਪਟਵਾਰੀ ਮਨਪ੍ਰੀਤ ਸਿੰਘ, ਪਟਵਾਰੀ ਪਰਮਾਨੰਦ ਨੇ ਦੱਸਿਆ ਕਿ ਡੀ. ਡੀ. ਪੀ. ਓ. ਹੁਸ਼ਿਆਰਪੁਰ ਵੱਲੋਂ ਕਬਜ਼ੇ ਹਟਾਉਣ ਲਈ ਉਨ੍ਹਾਂ ਨੂੰ ਆਦੇਸ਼ ਮਿਲੇ ਹਨ ਜੋ ਕਿ ਇਸ ਸਬੰਧੀ ਮਾਣਯੋਗ ਅਦਾਲਤ 'ਚ ਵੀ 
ਸਬੰਧਤ ਧਿਰ ਨੇ ਕੇਸ ਦਰਜ ਕੀਤਾ ਹੈ ਪਰ ਅਸੀਂ ਲਿਖਤੀ ਹੁਕਮਾਂ ਦੇ ਆਧਾਰ 'ਤੇ ਕਾਰਵਾਈ ਕਰ ਰਹੇ ਹਾਂ। 
ਸਰਪੰਚ ਨਿਰਮਲ ਕੌਰ ਤੇ ਸਾਬਕਾ ਸਰਪੰਚ ਜਸਵੰਤ ਸਿੰਘ ਨੇ ਦੱਸਿਆ ਕਿ ਸਮਝੌਤੇ ਅਨੁਸਾਰ ਪ੍ਰਸ਼ਾਸਨ ਨੂੰ ਇਨ੍ਹਾਂ ਘਰਾਂ ਵਾਲਿਆਂ ਨੂੰ ਹਲਫੀਆ ਬਿਆਨ ਦਿੱਤਾ ਸੀ ਕਿ ਅਸੀਂ ਇਹ ਜਗ੍ਹਾ ਖਾਲੀ ਕਰਨ ਨੂੰ ਤਿਆਰ ਹਾਂ ਪਰ ਸਾਨੂੰ ਇਸ ਦਾ ਮੁਆਵਜ਼ਾ ਤੇ ਜਗ੍ਹਾ ਦਿੱਤੀ ਜਾਵੇ ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਜਦਕਿ ਪੰਚਾਇਤ ਨੇ ਜਗ੍ਹਾ ਦੇਣ ਸਬੰਧੀ ਮਤਾ ਪਾਸ ਕਰ ਦਿੱਤਾ ਹੈ। ਇਸ ਸਬੰਧੀ ਜਦ ਪ੍ਰਭਾਵਿਤ ਵਿਅਕਤੀਆਂ ਬਲਵੀਰ ਸਿੰਘ, ਅਵਤਾਰ ਸਿੰਘ, ਬਲਕਾਰ ਸਿੰਘ, ਤੇਜਾ ਸਿੰਘ, ਬਿਸ਼ਨ, ਬਲਵੰਤ ਸਿੰਘ, ਭੁੱਲਾ, ਸੁਰਜਨ, ਨਰਿੰਦਰ ਕੌਰ, ਸਤਪਾਲ, ਰੇਸ਼ਮ, ਜਗਤਾਰ ਸਿੰਘ, ਗੁਰਵਿੰਦਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਨਾਲ ਕੀਤੇ ਸਮਝੌਤੇ ਅਨੁਸਾਰ ਫੈਸਲਾ ਨਾ ਲੈਣ ਦੀ ਬਜਾਏ ਉਨ੍ਹਾਂ ਨੂੰ ਬੇਘਰੇ ਕਰਨਾ ਚਾਹੁੰਦੇ ਹਨ ਜਿਸ ਨੂੰ ਕਿਸੇ ਵੀ ਹਾਲਤ 'ਚ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਦਲਿਤਾਂ 'ਤੇ ਹੀ ਕਹਿਰ ਮਚਾ ਰਹੀ ਹੈ। ਇਸ ਬਾਰੇ ਕਾਮਰੇਡ ਵਿਜੇ ਸ਼ਰਮਾ, ਰਵਿਦਾਸ ਸਭਾ ਆਦੋਚੱਕ ਦੇ ਸਤਪਾਲ ਸਿੰਘ, ਅੰਬੇਡਕਰ ਮਿਸ਼ਨ ਦੇ ਚੌਧਰੀ ਸਵਰਨ ਦਾਸ ਨੇ ਕਿਹਾ ਕਿ ਦਲਿਤਾਂ 'ਤੇ ਕੀਤੇ ਜਾ ਰਹੇ ਅੱਤਿਆਚਾਰਾਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ।


Related News