ਸਫ਼ਾਈ ਮੁਲਾਜ਼ਮਾਂ ਵੱਲੋਂ ਅਰਥੀ ਫੂਕ ਮੁਜ਼ਾਹਰੇ

02/20/2018 5:22:13 AM

ਸ੍ਰੀ ਮੁਕਤਸਰ ਸਾਹਿਬ,   (ਪਵਨ)-  ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ, ਪੰਜਾਬ ਦੇ ਸੱਦੇ 'ਤੇ ਸਫ਼ਾਈ ਮੁਲਾਜ਼ਮਾਂ ਵੱਲੋਂ 19 ਫਰਵਰੀ ਤੋਂ ਪੰਜਾਬ ਸਰਕਾਰ ਖਿਲਾਫ਼ ਅਰਥੀ ਫੂਕ ਮੁਜ਼ਾਹਰੇ ਸ਼ੁਰੂ ਕੀਤੇ ਗਏ ਹਨ ਅਤੇ ਇਹ ਮੁਜ਼ਾਹਰੇ 23 ਫਰਵਰੀ ਤੱਕ ਜਾਰੀ ਰਹਿਣਗੇ। ਇਹ ਜਾਣਕਾਰੀ ਸਫ਼ਾਈ ਯੂਨੀਅਨ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਰਾਜ ਕੁਮਾਰ ਨੇ ਦਿੱਤੀ। 
ਉਨ੍ਹਾਂ ਦੱਸਿਆ ਕਿ ਇਸ ਲੜੀ ਤਹਿਤ ਅੱਜ ਘਾਹ ਮੰਡੀ ਚੌਕ 'ਚ ਰੋਸ ਮੁਜ਼ਾਹਰਾ ਕੀਤਾ ਗਿਆ ਹੈ, ਜਦਕਿ 21 ਫਰਵਰੀ ਨੂੰ ਮਸੀਤ ਵਾਲੇ ਚੌਕ, 22 ਫਰਵਰੀ ਨੂੰ ਸਿਟੀ ਥਾਣੇ ਕੋਲ ਅਤੇ 23 ਫਰਵਰੀ ਨੂੰ ਕੋਟਕਪੂਰਾ ਚੌਕ 'ਚ ਸਰਕਾਰ ਦੀਆਂ ਅਰਥੀਆਂ 
ਫੂਕੀਆਂ ਜਾਣਗੀਆਂ। 
ਇਸ ਸਮੇਂ ਪੱਪੂ ਸੰਗੇਲੀਆ, ਅਨੂੰਪਾਲ, ਸੁਸ਼ੀਲ ਕੁਮਾਰ, ਸੁਰੇਸ਼ ਕੁਮਾਰ, ਅਮਨ, ਸੋਹਨ ਲਾਲ, ਹਰੀ ਚੰਦ, ਓਮ ਪ੍ਰਕਾਸ਼, ਵਿਜੇ ਕੁਮਾਰ, ਮੰਗਤ, ਸੰਜੀਵ ਕਮਾਰ, ਪੱਪੂ ਧਵਨ ਆਦਿ ਮੌਜੂਦ ਸਨ। 
ਫ਼ਰੀਦਕੋਟ, (ਹਾਲੀ)- ਉੱਧਰ, ਫ਼ਰੀਦਕੋਟ ਵਿਖੇ ਸਫ਼ਾਈ ਸੇਵਕ ਯੂਨੀਅਨ ਵੱਲੋਂ ਪ੍ਰਧਾਨ ਅਸ਼ੋਕ ਸਾਰਵਾਨ ਦੀ ਅਗਵਾਈ 'ਚ ਸਫਾਈ ਮੁਲਾਜ਼ਮਾਂ ਵੱਲੋਂ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ। 
ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਕੱਚੇ ਮੁਲਾਜ਼ਮ ਜਲਦ ਪੱਕੇ ਕੀਤੇ ਜਾਣ, 31 ਜਨਵਰੀ ਤੱਕ ਜਿਨ੍ਹਾਂ ਮੁਲਾਜ਼ਮਾਂ ਨੇ ਪੈਨਸ਼ਨ ਲਈ ਅਰਜ਼ੀ ਦਿੱਤੀ ਹੈ, ਦਾ ਪ੍ਰੋਸੈੱਸ ਪੂਰਾ ਕਰ ਕੇ ਪੈਨਸ਼ਨ ਲਾਈ ਜਾਵੇ, ਤਨਖਾਹਾਂ ਸਮੇਂ ਸਿਰ ਦੇਣ ਲਈ ਵੈਟ ਦੀ ਰਾਸ਼ੀ ਡਬਲ ਕੀਤੀ ਜਾਵੇ ਅਤੇ ਤਨਖਾਹਾਂ ਸਰਕਾਰੀ ਖ਼ਜ਼ਾਨੇ 'ਚੋਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਫ਼ਿਰ ਵੀ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। 
ਗਿੱਦੜਬਾਹਾ, (ਕੁਲਭੂਸ਼ਨ, ਸੰਧਿਆ)-ਗਿੱਦੜਬਾਹਾ ਵਿਚ ਮਿਊਂਸੀਪਲ ਸਫ਼ਾਈ ਮੁਲਾਜ਼ਮਾਂ ਨੇ ਨਗਰ ਕੌਂਸਲ ਦੇ ਦਫਤਰ ਅੱਗੇ ਰੋਸ ਮੁਜ਼ਾਹਰਾ  ਕਰਦਿਆਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਘੰਟਾਘਰ ਚੌਕ 'ਚ ਸਰਕਾਰ ਦੀ ਅਰਥੀ ਫੂਕੀ। 
ਜਾਣਕਾਰੀ ਦਿੰਦਿਆਂ ਮਿਊਂਸੀਪਲ ਸਫ਼ਾਈ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਰਾਜੇਸ਼ ਟਾਂਕ ਨੇ ਦੱਸਿਆ ਕਿ ਪਿਛਲੇ 3 ਮਹੀਨਿਆਂ ਤੋਂ ਸਫਾਈ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀ, ਜਦਕਿ ਆਪਣਾ ਘਰ ਪਰਿਵਾਰ ਚਲਾਉਣ ਲਈ ਉਧਾਰ ਅਤੇ ਵਿਆਜ 'ਤੇ ਪੈਸੇ ਲੈ ਕੇ ਘਰ ਚਲਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਮੁਲਾਜ਼ਮਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਜੇਕਰ ਪੰਜਾਬ ਸਰਕਾਰ ਨੇ ਸਫਾਈ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 7 ਮਾਰਚ ਨੂੰ ਜਲੰਧਰ ਵਿਖੇ ਪੰਜਾਬ ਭਰ ਦੇ ਸਫ਼ਾਈ ਮੁਲਾਜ਼ਮਾਂ ਵੱਲੋਂ ਰੋਸ ਰੈਲੀ ਅਤੇ ਮੁਜ਼ਾਹਰਾ ਕੀਤਾ ਜਾਵੇਗਾ। 
ਇਸ ਮੌਕੇ ਚੇਅਰਮੈਨ ਹੰਸ ਰਾਜ, ਕਿਸ਼ੋਰ ਕੁਮਾਰ, ਸਤਪਾਲ, ਬਾਲੇ ਰਾਮ, ਰਮੇਸ਼ ਕੁਮਾਰ, ਰਾਜਿੰਦਰ ਕੁਮਾਰ, ਕਾਂਤਾ ਦੇਵੀ, ਪ੍ਰੇਮ, ਦੇਵ ਰਾਜ, ਦਰਸ਼ਨ, ਰਾਮ ਬਤੇਰੀ, ਰਾਮ ਪਿਆਰੀ, ਮਾਇਆ ਦੇਵੀ, ਵੀਨਾ, ਵਿਦਿਆ ਆਦਿ ਹਾਜ਼ਰ ਸਨ। 


Related News