ਬਿਜਲੀ ਕਾਮਿਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ

01/02/2018 6:59:15 AM

ਨਡਾਲਾ, (ਸ਼ਰਮਾ)- ਅੱਜ ਪਾਵਰਕਾਮ ਦਫਤਰ ਨਡਾਲਾ ਅੱੱੱੱਗੇ ਟੈਕਨੀਕਲ ਸਰਵਿਸ ਯੂਨੀਅਨ ਸਬ-ਡਵੀਜ਼ਨ ਪ੍ਰਧਾਨ ਰਘਬੀਰ ਸਿੰਘ ਸੰਧੂ ਦੀ ਅਗਵਾਈ ਹੇਠ ਬਿਜਲੀ ਕਾਮਿਆਂ ਵੱਲੋਂ ਬਠਿੰਡਾ ਥਰਮਲ ਪਲਾਂਟ ਬੰਦ ਕਰਨ ਦੇ ਸਰਕਾਰ ਵੱਲੋਂ ਲਏ ਗਏ ਫੈਸਲੇ ਵਿਰੁੱਧ ਧਰਨਾ ਦਿੱਤਾ ਗਿਆ ਅਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। 
  ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਥਰਮਲ ਪਲਾਂਟ ਬੰਦ ਕਰ ਕੇ ਕੈਪਟਨ ਸਰਕਾਰ ਪੰਜਾਬ ਨੂੰ ਮਾਰੂਥਲ ਬਣਾਉਣ ਜਾ ਰਹੀ ਹੈ, ਇਸ ਨਾਲ ਜਿਥੇ ਹਜ਼ਾਰਾਂ ਕਾਮੇ ਬੇਰੁਜ਼ਗਾਰ ਹੋ ਜਾਣਗੇ, ਉਥੇ ਬਿਜਲੀ ਦੀ ਪੈਦਾਵਾਰ ਵੀ ਘੱਟ ਜਾਵੇਗੀ ਅਤੇ ਪੰਜਾਬ ਬਿਜਲੀ ਸੰਕਟ ਦਾ ਸ਼ਿਕਾਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹੋਂਦ 'ਚ ਆਉਣ ਤੋਂ ਬਾਅਦ ਕੈਪਟਨ ਸਰਕਾਰ ਨੇ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਲੋਕਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਉਨ੍ਹਾਂ ਕੋਲੋਂ ਰੋਜ਼ਗਾਰ ਖੋਹਿਆ ਜਾ ਰਿਹਾ ਹੈ। 
ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਇਹ ਲੋਕ ਤੇ ਮੁਲਾਜ਼ਮ ਮਾਰੂ ਵਤੀਰਾ ਨਾ ਬਦਲਿਆ ਤਾਂ ਜ਼ਬਰਦਸਤ ਸੰਘਰਸ਼ ਆਰੰਭਿਆ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। 
ਇਸ ਮੌਕੇ ਲਖਵਿੰਦਰ ਸਿੰਘ, ਮਨਜੀਤ ਸਿੰਘ, ਜਗੀਰ ਸਿੰਘ, ਸ਼ਵਿੰਦਰ ਸਿੰਘ,  ਬਲਬੀਰ ਸਿੰਘ, ਪਤਾਪ ਸਿੰਘ, ਰਜਿੰਦਰਪਾਲ ਸਿੰਘ ਤਰਲੋਕ ਸਿੰਘ ਭੁਪਿੰਦਰ ਸਿੰਘ ਤੇ ਹੋਰ ਵਰਕਰ ਹਾਜ਼ਰ ਸਨ।
ਕਪੂਰਥਲਾ, (ਮੱਲ੍ਹੀ)-ਪੰਜਾਬ ਸਰਕਾਰ ਵੱਲੋਂ ਬਠਿੰਡਾ ਤੇ ਰੋਪੜ ਥਰਮਲ ਪਲਾਂਟਾਂ ਨੂੰ ਬੰਦ ਕਰਨ ਦੇ ਲਏ ਗਏ ਫੈਸਲੇ ਦੇ ਵਿਰੋਧ 'ਚ ਅੱਜ ਕੌਂਸਲ ਆਫ ਜੂਨੀਅਰ ਇੰਜੀਨੀਅਰ ਸਰਕਲ ਕਪੂਰਥਲਾ ਵੱਲੋਂ ਸਟੇਟ ਕਮੇਟੀ ਦੇ ਸੱਦੇ 'ਤੇ ਸਬ ਅਰਬਨ ਮੰਡਲ ਕਪੂਰਥਲਾ ਮੂਹਰੇ ਮੰਡਲ ਪ੍ਰਧਾਨ ਇੰਜੀ. ਤਰਲੋਕ ਸਿੰਘ ਦੀ ਪ੍ਰਧਾਨਗੀ ਹੇਠ ਜੂਨੀਅਰ ਇੰਜੀਨੀਅਰਾਂ ਤੇ ਵਧੀਕ ਸਹਾਇਕ ਇੰਜੀਨੀਅਰਾਂ ਨੇ ਕਾਲੇ ਬਿੱਲੇ ਲਾ ਕੇ ਪੰਜਾਬ ਸਰਕਾਰ ਖਿਲਾਫ ਵਿਸ਼ਾਲ ਰੋਸ ਰੈਲੀ ਕੀਤੀ। 
ਰੈਲੀ ਨੂੰ ਸੰਬੋਧਨ ਕਰਦਿਆਂ ਕੌਂਸਲ ਦੇ ਸਰਕਲ ਪ੍ਰਧਾਨ ਇੰਜੀ. ਗੁਰਨਾਮ ਸਿੰਘ ਬਾਜਵਾ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਮੁਲਾਜ਼ਮ ਮਾਰੂ ਫੈਸਲਿਆਂ ਦਾ ਉਹ ਡਟ ਕੇ ਵਿਰੋਧ ਕਰਨਗੇ। ਬਠਿੰਡਾ ਦੇ ਥਰਮਲ ਪਲਾਂਟ ਦੇ ਸਾਰੇ ਯੂਨਿਟ ਤੇ ਰੋਪੜ ਥਰਮਲ ਪਲਾਂਟ ਦੇ 2 ਯੂਨਿਟ ਬੰਦ ਕਰ ਕੇ ਕੈਪਟਨ ਸਰਕਾਰ ਨੇ ਮੁਲਾਜ਼ਮਾਂ ਦੇ ਹੱਕਾਂ ਤੇ ਅਧਿਕਾਰਾਂ ਦੀ ਅਣਦੇਖੀ ਕੀਤੀ ਹੈ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਬਠਿੰਡਾ ਦੇ ਨਵੀਨੀਕਰਨ ਲਈ ਪੰਜਾਬ ਸਰਕਾਰ ਨੇ ਪਿਛਲੇ ਸਮੇਂ 'ਚ 715 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਸੀ, ਜਿਸ ਨਾਲ ਇਹ ਪਲਾਂਟ ਆਉਣ ਵਾਲੇ 15-20 ਸਾਲਾਂ ਤੱਕ ਵਧੀਆ ਬਿਜਲੀ ਉਤਪਾਦਨ ਕਰ ਸਕਦਾ ਹੈ। ਸਰਕਾਰ ਨੇ ਜਾਣਬੁੱਝ ਕੇ ਸਰਕਾਰੀ ਪਲਾਂਟ ਬੰਦ ਕਰ ਕੇ ਪੰਜਾਬ ਦੀ ਜਨਤਾ ਨੂੰ ਸਸਤੇ ਦੀ ਥਾਂ ਮਹਿੰਗੇ ਭਾਅ ਬਿਜਲੀ ਲੈਣ ਲਈ ਮਜਬੂਰ ਕੀਤਾ ਹੈ, ਜਿਸ ਨਾਲ ਜਨਤਾ ਨੂੰ ਜਿਥੇ ਆਰਥਿਕ ਨੁਕਸਾਨ ਹੋਵੇਗਾ, ਉਥੇ ਹੀ ਨਿੱਜੀ ਤੌਰ 'ਤੇ ਬਿਜਲੀ ਉਤਪਾਦਨ ਕਰ ਰਹੀਆਂ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਕੈਪਟਨ ਸਰਕਾਰ ਨੇ ਬਠਿੰਡਾ ਤੇ ਰੋਪੜ ਥਰਮਲ ਪਲਾਂਟ ਦੇ ਯੂਨਿਟਾਂ ਨੂੰ ਬੰਦ ਕਰਨ ਦਾ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਜਥੇਬੰਦੀ ਵੱਲੋਂ ਸਰਕਾਰ ਖਿਲਾਫ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। 
ਇਸ ਸਮੇਂ ਇੰਜੀ. ਤਰਲੋਕ ਸਿੰਘ, ਇੰਜੀ. ਕੁਲਵਿੰਦਰ ਸਿੰਘ ਸੰਧੂ, ਇੰਜੀ. ਰਾਜ ਕੁਮਾਰ, ਇੰਜੀ. ਗੁਰਿੰਦਰ ਸਿੰਘ ਭਿੰਡਰ, ਇੰਜੀ. ਦਿਨੇਸ਼ ਕੁਮਾਰ, ਇੰਜੀ. ਕੁਲਦੀਪ ਸਿੰਘ ਆਦਿ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਨਾ ਲਿਆ ਤਾਂ ਬਿਜਲੀ ਕਾਮੇ ਸਰਕਾਰ ਖਿਲਾਫ ਆਰ-ਪਾਰ ਦੀ ਲੜਾਈ ਲੜਨ ਲਈ ਮਜਬੂਰ ਹੋਣਗੇ, ਜਿਸ ਦੌਰਾਨ ਵਿਗੜਨ ਵਾਲੇ ਮਾਹੌਲ ਲਈ ਖੁਦ ਕੈਪਟਨ ਸਰਕਾਰ ਜ਼ਿੰਮੇਵਾਰ ਹੋਵੇਗੀ। 
ਫੱਤੂਢੀਂਗਾ, (ਘੁੰਮਣ)-ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ 'ਤੇ ਸਬ-ਡਵੀਜ਼ਨ ਉੱਚਾ ਵਿਖੇ ਬਿਜਲੀ ਕਰਮਚਾਰੀਆਂ ਵੱਲੋਂ ਗੇਟ ਰੈਲੀ ਦੌਰਾਨ ਸਰਕਾਰ ਤੇ ਪੰਜਾਬ ਪਾਵਰਕਾਮ ਦੀ ਮੈਨੇਜਮੈਂਟ ਖਿਲਾਫ ਥਰਮਲ ਪਲਾਂਟ ਬੰਦ ਕਰਨ ਦੇ ਵਿਰੋਧ 'ਚ ਨਾਅਰੇਬਾਜ਼ੀ ਕੀਤੀ ਗਈ, ਜਿਸ 'ਚ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। 
ਇਸ ਮੌਕੇ ਸੁਭਾਸ਼ ਚੰਦ ਪ੍ਰਧਾਨ, ਸਤਨਾਮ ਸਿੰਘ ਸਕੱਤਰ ਟੀ. ਐੱਸ. ਯੂ, ਜਗਦੀਸ਼ ਕੁਮਾਰ ਜੀ. ਈ., ਕੁਲਵਿੰਦਰ ਸਿੰਘ ਜੇ. ਈ., ਸਰੂਪ ਸਿੰਘ ਸਬ-ਸਟੇਸ਼ਨ ਆਪ੍ਰੇਟਰ, ਨਵਨੀਤ ਕੌਰ ਯੂ. ਡੀ. ਸੀ., ਹਰਜਿੰਦਰ ਸਿੰਘ ਲਾਈਨਮੈਨ, ਕੰਵਲਜੀਤ ਸਿੰਘ ਲਾਈਨਮੈਨ, ਗੁਰਦੀਪ ਚੰਦ, ਮਜੀਦ ਮੁਹੰਮਦ, ਸਵਰਨ ਕੌਰ, ਲਾਲ ਸਿੰਘ, ਵਰਿੰਦਰ ਸਿੰਘ ਆਦਿ ਸਾਥੀ ਕਰਮਚਾਰੀਆਂ ਨੇ ਹਿੱਸਾ ਲਿਆ।


Related News