ਮੁਹੱਲੇ ''ਚ ਟਾਵਰ ਲਾਉਣ ਦੇ ਵਿਰੋਧ ''ਚ ਪ੍ਰਦਰਸ਼ਨ

Thursday, Mar 15, 2018 - 10:46 AM (IST)

ਧੂਰੀ (ਸੰਜੀਵ ਜੈਨ)-ਜਨਤਾ ਨਗਰ ਮੁਹੱਲਾ ਵਿਖੇ ਇਕ ਪ੍ਰਾਈਵੇਟ ਕਮਰਸ਼ੀਅਲ ਬਿਲਡਿੰਗ 'ਤੇ ਮੋਬਾਇਲ ਕੰਪਨੀ ਦਾ ਟਾਵਰ ਲਾਉਣ ਦੇ ਰੋਸ 'ਚ ਮੁਹੱਲਾ ਵਾਸੀਆਂ ਨੇ ਸੰਗਰੂਰ-ਲੁਧਿਆਣਾ ਮੁੱਖ ਮਾਰਗ 'ਤੇ ਧਰਨਾ ਲਾ ਕੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਆਵਾਜਾਈ ਠੱਪ ਕਰ ਕੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ। 
ਇਸ ਮੌਕੇ ਅਕਾਲੀ ਆਗੂ ਮਨਵਿੰਦਰ ਸਿੰਘ ਬਿਨਰ ਨੇ ਦੱਸਿਆ ਕਿ ਰਿਹਾਇਸ਼ੀ ਇਲਾਕੇ 'ਚ ਲਾਏ ਜਾ ਰਹੇ ਇਸ ਟਾਵਰ ਨੂੰ ਕਰੀਬ 4-5 ਮਹੀਨੇ ਪਹਿਲਾਂ ਵੀ ਲਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਵੇਲੇ ਟਾਵਰ ਲਾਉਂਦੇ ਵਕਤ ਇਸ ਦੀ ਨਿਰਮਾਣ ਸਮੱਗਰੀ ਗੁਆਂਢ ਦੀਆਂ ਬਿਲਡਿੰਗਾਂ ਅੰਦਰ ਡਿੱਗਣ ਕਾਰਨ ਉਨ੍ਹਾਂ ਨੂੰ ਨੁਕਸਾਨ ਪੁੱਜਿਆ ਸੀ। ਉਸ ਤੋਂ ਬਾਅਦ ਇਸ ਨੂੰ ਦੁਬਾਰਾ ਲਾਉੁਣ ਵੇਲੇ ਵੀ ਗੁਆਂਢ ਦੀ ਬਿਲਡਿੰਗ ਅਤੇ ਉਸ ਵਿਚ ਖੜ੍ਹੀ ਕਾਰ ਨੁਕਸਾਨੀ ਗਈ ਸੀ। ਉਕਤ ਸਾਰਾ ਮਾਮਲਾ ਪ੍ਰਸ਼ਾਸਨ ਦੇ ਧਿਆਨ 'ਚ ਲਿਆਉੁਣ ਦੇ ਬਾਵਜੂਦ ਹੁਣ ਇਸ ਨੂੰ ਦੁਬਾਰਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਕਾਰਨ ਮੁਹੱਲਾ ਵਾਸੀਆਂ ਵਿਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ।
ਤਹਿਸੀਲਦਾਰ ਨੇ ਕੰਮ ਰੁਕਵਾਇਆ : ਕਰੀਬ 2 ਘੰਟੇ ਚੱਲੇ ਇਸ ਧਰਨੇ 'ਤੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਲਈ ਤਹਿਸੀਲਦਾਰ ਧੂਰੀ ਸੁਰਜੀਤ ਸਿੰਘ ਵੀ ਮੌਕੇ 'ਤੇ ਪੁੱਜੇ। ਉਨ੍ਹਾਂ ਤੁਰੰਤ ਟਾਵਰ ਲਾਉਣ ਦਾ ਕੰਮ ਰੁਕਵਾ ਦਿੱਤਾ ਅਤੇ ਦੋਵੇਂ ਧਿਰਾਂ ਨੂੰ ਬਿਠਾ ਕੇ ਇਸ ਸਮੱਸਿਆ ਦਾ ਹੱਲ ਕੱਢਣ ਦਾ ਭਰੋਸਾ ਦਿਵਾਇਆ। ਉਨ੍ਹਾਂ ਦੇ ਇਸ ਭਰੋਸੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਇਕ ਲਿਖਤੀ ਦਰਖਾਸਤ ਤਹਿਸੀਲਦਾਰ ਧੂਰੀ ਨੂੰ ਸੌਂਪਣ ਉਪਰੰਤ ਧਰਨਾ ਸਮਾਪਤ ਕਰ ਦਿੱਤਾ। 
ਇਸ ਮੌਕੇ ਅਕਾਲੀ ਆਗੂ ਪਰਮਜੀਤ ਸਿੰਘ ਪੰਮਾ, ਤਨਵੀਰ ਸਿੰਘ ਧਨੇਸਰ, ਦਿਲਬਾਗ ਸਿੰਘ, ਵਰਿੰਦਰ ਭੁੱਲਰ, ਯੋਗੇਸ਼ ਗੋਇਲ ਅਤੇ ਬਲਜਿੰਦਰ ਸਿੰਘ ਆਦਿ ਵੀ ਮੌਜੂਦ ਸਨ।


Related News