ਖੋਖਿਆਂ ’ਚੋਂ ਸਿਗਰਟਾਂ ਤੇ ਤੰਬਾਕੂ ਕੱਢ ਕੇ ਸਾੜਨ ਵਾਲੇ ਨਿਹੰਗ ਸਿੰਘ ਗ੍ਰਿਫ਼ਤਾਰ
Thursday, Dec 15, 2022 - 01:37 AM (IST)
ਜਲੰਧਰ (ਸੋਨੂੰ) : ਪੁਲਸ ਕਮਿਸ਼ਨਰ ਐੱਸ.ਭੂਪਤੀ ਦੀਆਂ ਹਦਾਇਤਾਂ 'ਤੇ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲਸ ਨੇ ਜਲੰਧਰ ਦੇ ਜੀਟੀਬੀ ਨਗਰ ਚੌਕ ਵਿਖੇ ਸਥਿਤ ਸਿਗਰਟ, ਪਾਨ ਦੇ ਖੋਖਿਆਂ ਦੀ ਭੰਨਤੋੜ ਕਰਕੇ ਅੱਗ ਲਾਉਣ ਦੇ ਮਾਮਲੇ 'ਚ 4 ਸ਼ਰਾਰਤੀ ਅਨਸਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਸੀਪੀ ਜਗਮੋਹਨ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਸ਼ਰਾਰਤੀ ਅਨਸਰ ਜੀਟੀਬੀ ਨਗਰ 'ਚ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕਾਰਵਾਈ ਕਰਦਿਆਂ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਲਤੀਫਪੁਰਾ ਦੇ ਬੇਘਰ ਹੋਏ ਲੋਕਾਂ ਦੀ ਸਾਰ ਲੈਣ ਪੁੱਜੇ SGPC ਪ੍ਰਧਾਨ ਧਾਮੀ, ਹਰ ਪੱਖੋਂ ਮਦਦ ਦੇਣ ਦੀ ਆਖੀ ਗੱਲ
ਫੜੇ ਗਏ ਵਿਅਕਤੀਆਂ ਦੀ ਪਛਾਣ ਸਤਨਾਮ ਸਿੰਘ ਉਰਫ ਗੁਲਾਬਾ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਚੱਬਾ ਜ਼ਿਲ੍ਹਾ ਤਰਨਤਾਰਨ, ਰਣਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਲੱਲੀਆਂ ਖੁਰਦ ਥਾਣਾ ਲਾਂਬੜਾ ਜ਼ਿਲ੍ਹਾ ਜਲੰਧਰ, ਅਜਮੇਰ ਸਿੰਘ ਪੁੱਤਰ ਜਸਪਾਲ ਸਿੰਘ ਤੇ ਮਹਿਕ ਸਿੰਘ ਪੁੱਤਰ ਅਮਨਜੀਤ ਸਿੰਘ (ਦੋਵੇਂ) ਵਾਸੀ ਪਿੰਡ ਹਰੀਕੇ ਪੱਤਣ ਨੇੜੇ ਗੁਰਦੁਆਰਾ ਦਮਦਮਾ ਸਾਹਿਬ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਪੁਲਸ ਨੇ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਡਵੀਜ਼ਨ ਨੰਬਰ 6 'ਚ ਧਾਰਾ 425, 427 ਅਤੇ 160 ਤਹਿਤ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਡਲਿਵਰੀ ਦੌਰਾਨ ਮਾਂ ਤੇ ਬੱਚੇ ਦੀ ਮੌਤ, 3 ਦਿਨਾਂ ਤੋਂ ਹਸਪਤਾਲ ਦੇ ਹਾੜੇ ਕੱਢ ਰਿਹਾ ਪਰਿਵਾਰ, ਪੜ੍ਹੋ ਪੂਰਾ ਮਾਮਲਾ
ਦੱਸ ਦੇਈਏ ਕਿ ਬੁੱਧਵਾਰ ਸਵੇਰੇ ਗੁਰੂ ਤੇਗ ਬਹਾਦਰ ਨਗਰ ਚੌਕ ਨੇੜੇ ਪਾਨ ਅਤੇ ਬੀੜੀਆਂ ਦੇ ਖੋਖਿਆਂ ਦੀ ਕਾਫੀ ਭੰਨਤੋੜ ਕੀਤੀ ਗਈ ਸੀ। ਜੀਟੀਬੀ ਚੌਕ ਨੇੜੇ ਕੁਝ ਸ਼ਰਾਰਤੀ ਨਿਹੰਗ ਸਿੰਘਾਂ ਨੇ ਤੰਬਾਕੂ ਅਤੇ ਸਿਗਰਟ ਦੇ ਖੋਖਿਆਂ ਦੀ ਭੰਨਤੋੜ ਕਰਕੇ ਉਨ੍ਹਾਂ ਦਾ ਸਾਮਾਨ ਸਾੜ ਦਿੱਤਾ। ਇਸ ਮਾਮਲੇ ਵਿੱਚ ਪੀੜਤ ਰਾਮ ਅਧਾਰ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਤੇ ਕਾਂਤਾ ਪ੍ਰਸਾਦ ਵਾਸੀ ਗੁਰੂ ਤੇਗ ਬਹਾਦਰ ਨਗਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ’ਤੇ ਬੈਠੇ ਸਨ, ਕੁਝ ਹੀ ਦੇਰ 'ਚ 4 ਤੋਂ 5 ਨਿਹੰਗ ਉਨ੍ਹਾਂ ਦੀ ਦੁਕਾਨ 'ਤੇ ਆਏ ਅਤੇ ਦੁਕਾਨ ਦੇ ਬਾਹਰ ਪਏ ਸਾਮਾਨ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਪੀੜਤਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।