ਜਮਹੂਰੀ ਕਿਸਾਨ ਸਭਾ ਵੱਲੋਂ ਥਾਣੇ ਦੇ ਬਾਹਰ ਰੋਹ ਭਰਿਆ ਧਰਨਾ

Monday, Aug 14, 2017 - 04:42 AM (IST)

ਜਮਹੂਰੀ ਕਿਸਾਨ ਸਭਾ ਵੱਲੋਂ ਥਾਣੇ ਦੇ ਬਾਹਰ ਰੋਹ ਭਰਿਆ ਧਰਨਾ

ਭਿੰਡੀ ਸੈਦਾਂ,   (ਗੁਰਜੰਟ)-   ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਸਮੇਤ ਵੱਖ-ਵੱਖ ਜਥੇਬੰਦੀਆਂ ਵੱਲੋਂ ਕਿਸਾਨਾਂ, ਮਜ਼ਦੂਰਾਂ ਤੇ ਗਰੀਬ ਲੋਕਾਂ ਨਾਲ ਪੁਲਸ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਵਿਰੁੱਧ ਕਿਸਾਨ ਆਗੂ ਹਰਜਿੰਦਰ ਸਿੰਘ ਸੋਹਲ ਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਸਬੀਰ ਸਿੰਘ ਜਸਰਾਊਰ ਦੀ ਅਗਵਾਈ 'ਚ ਅੱਜ ਅੱਤ ਦੀ ਗਰਮੀ ਦੌਰਾਨ ਥਾਣਾ ਭਿੰਡੀ ਸੈਦਾਂ ਦੇ ਬਾਹਰ ਰੋਹ ਭਰਿਆ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਪੁਲਸ ਥਾਣਾ ਭਿੰਡੀ ਸੈਦਾਂ ਦੇ ਇਲਾਕੇ 'ਚ ਅਮਨ-ਕਾਨੂੰਨ ਦੀ ਹਾਲਤ ਪਹਿਲਾਂ ਨਾਲੋਂ ਵੀ ਨਿਘਰਦੀ ਜਾ ਰਹੀ ਹੈ। ਸਿਆਸੀ ਲੋਕਾਂ ਵੱਲੋਂ ਗਰੀਬਾਂ, ਮਜ਼ਦੂਰਾਂ ਤੇ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਪੁਲਸ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ। ਉਦਾਹਰਨ ਦੇ ਤੌਰ 'ਤੇ ਪਿੰਡ ਘੋਗਾ ਦੀ ਰਹਿਣ ਵਾਲੀ ਲੜਕੀ ਬਲਜੀਤ ਕੌਰ ਪੁੱਤਰੀ ਸਵ. ਅਨੂਪ ਸਿੰਘ ਨੂੰ ਪਿੰਡ ਦੇ ਹੀ 4 ਲੜਕਿਆਂ ਨੇ ਉਸ ਦੇ ਘਰ ਵਿਚ ਦਾਖਲ ਹੋ ਕੇ ਕੁੱਟਮਾਰ ਕਰ ਕੇ ਸਿਰ ਵਿਚ ਸੱਟਾਂ ਮਾਰੀਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਪਰ ਦਰਖਾਸਤ ਦੇਣ 'ਤੇ ਅਜੇ ਤੱਕ ਪੀੜਤ ਲੜਕੀ ਇਨਸਾਫ ਲਈ ਭੜਕ ਰਹੀ ਹੈ।
ਇਸੇ ਤਰ੍ਹਾਂ ਜੀਤ ਸਿੰਘ ਆਦਿ 3 ਭਰਾਵਾਂ ਦੀ 10 ਕਨਾਲ ਮਾਲਕੀ ਜ਼ਮੀਨ 'ਤੇ ਭਿੰਡੀ ਸੈਦਾਂ ਦੇ ਮੌਜੂਦਾ ਸਰਪੰਚ ਨੇ ਧੱਕੇ ਨਾਲ ਕਬਜ਼ਾ ਕਰ ਲਿਆ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਉਲਟ ਸਰਪੰਚ ਭਿੰਡੀ ਸੈਦਾਂ ਵੱਲੋਂ ਸੰਤੋਖ ਸਿੰਘ, ਅਨੋਖ ਸਿੰਘ, ਭਾਨਾ ਸਿੰਘ ਤੇ ਗੁਲਾਬ ਸਿੰਘ ਵਿਰੁੱਧ ਪੈਸੇ ਲੈਣ ਦੀ ਦਿੱਤੀ ਝੂਠੀ ਦਰਖਾਸਤ 'ਤੇ ਪੁਲਸ ਉਨ੍ਹਾਂ ਨੂੰ ਨਾਜਾਇਜ਼ ਤੰਗ-ਪ੍ਰੇਸ਼ਾਨ ਕਰ ਰਹੀ ਹੈ ਅਤੇ ਕਿਸਾਨ ਜਰਨੈਲ ਸਿੰਘ ਤੇ ਕਰਨੈਲ ਸਿੰਘ ਵੱਲੋਂ ਆਬਾਦ ਕੀਤੀ ਜ਼ਮੀਨ ਪੁਲਸ ਧੱਕੇ ਨਾਲ ਛੱਡਣ ਲਈ ਉਨ੍ਹਾਂ 'ਤੇ ਦਬਾਅ ਬਣਾ ਰਹੀ ਹੈ।
ਇਸ ਮੌਕੇ ਬਲਕਾਰ ਸਿੰਘ ਗੁੱਲਗੜ੍ਹ, ਜਸਬੀਰ ਸਿੰਘ ਮਾਝੀਮੀਆਂ, ਕਰਨੈਲ ਸਿੰਘ, ਜਰਨੈਲ ਸਿੰਘ, ਭਗਤ ਸਿੰਘ ਭੱਗੂਪੁਰ, ਬੱਗਾ ਸਿੰਘ ਖਾਨਵਾਲ, ਹਰਨੇਕ ਸਿੰਘ ਨੇਪਾਲ, ਸਵਰਨ ਸਿੰਘ ਟਨਾਣਾ, ਸੁੱਚਾ ਸਿੰਘ ਘੋਗਾ, ਪ੍ਰਤਾਪ ਸਿੰਘ, ਬੂਟਾ ਸਿੰਘ, ਅਵਤਾਰ ਸਿੰਘ, ਅੰਗਰੇਜ਼ ਸਿੰਘ, ਚਾਨਣ ਸਿੰਘ, ਗੁਰਮੇਜ ਸਿੰਘ, ਬੀਬੀ ਸ਼ਿੰਦੋ, ਸਰਬਜੀਤ ਕੌਰ, ਜਗੀਰ ਕੌਰ, ਭਜਨ ਕੌਰ, ਰਾਜ ਖਾਨੋਵਾਲ ਆਦਿ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ। ਕਰੀਬ 3 ਤੋਂ 4 ਘੰਟੇ ਚੱਲੇ ਇਸ ਰੋਹ ਭਰੇ ਧਰਨੇ ਨੂੰ ਪੁਲਸ ਥਾਣਾ ਭਿੰਡੀ ਸੈਦਾਂ ਦੇ ਮੁੱਖ ਅਫਸਰ ਝਿਰਮਲ ਸਿੰਘ ਵੱਲੋਂ ਬਣਦੀ ਕਾਰਵਾਈ ਕਰਨ ਦਾ ਵਿਸ਼ਵਾਸ ਦਿਵਾਉਣ 'ਤੇ ਚੁੱਕ ਲਿਆ ਗਿਆ।


Related News