ਕਾਨਿਆਂਵਾਲੀ ਵਿਖੇ ਵਾਟਰ ਵਰਕਸ ਦੇ ਚੱਲ ਰਹੇ ਨਿਰਮਾਣ ਦੌਰਾਨ ਹੋ ਰਹੀ ਹੈ ਧਾਂਦਲੀ
Wednesday, Sep 20, 2017 - 08:14 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ) - ਪਿੰਡ ਕਾਨਿਆਂਵਾਲੀ ਕਲਾਂ ਵਿਖੇ ਨਵੇਂ ਬਣ ਰਹੇ ਵਾਟਰ ਵਰਕਸ ਦੇ ਪਾਣੀ ਦੇ ਟੈਂਕ 'ਚ ਠੇਕੇਦਾਰ ਵੱਲੋਂ ਕੀਤੀ ਜਾ ਰਹੀ ਧਾਂਦਲੀ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਬੀਤੀ ਅਕਾਲੀ-ਭਾਜਪਾ ਸਰਕਾਰ ਵੇਲੇ ਇਸ ਵਾਟਰ ਵਰਕਸ ਦੇ ਨਵੀਨੀਕਰਨ ਲਈ 2 ਕਰੋੜ 10 ਲੱਖ ਰੁਪਏ ਦੀ ਗ੍ਰਾਂਟ ਆਈ ਸੀ। ਇਸ ਗ੍ਰਾਂਟ ਰਾਹੀਂ ਸ਼ੁਰੂ ਹੋਏ ਕੰਮ ਦੌਰਾਨ ਪਿੰਡ ਵਾਲਿਆਂ ਨੇ ਠੇਕੇਦਾਰ 'ਤੇ ਘਟੀਆ ਮਟੀਰੀਅਲ ਇਸਤੇਮਾਲ ਕਰਨ ਦੇ ਦੋਸ਼ ਲਾਏ ਸਨ। ਪਿੰਡ ਵਿਖੇ ਚੱਲ ਰਹੇ ਵਾਟਰ ਵਰਕਸ ਦੇ ਕੰਮ ਵਿਚ ਠੇਕੇਦਾਰ ਵੱਲੋਂ ਲਾਇਆ ਜਾ ਰਿਹਾ ਮਟੀਰੀਅਲ ਘਟੀਆ ਹੈ। ਇਹ ਦੋਸ਼ ਪਿੰਡ ਵਾਸੀਆਂ ਨੇ ਹੀ ਲਾਏ ਹਨ।
ਇਸ ਸਬੰਧੀ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਹੈ ਤੇ ਡਿਪਟੀ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਦਾ ਭਰੋਸਾ ਦਿਵਾਇਆ ਹੈ। ਪਿੰਡ ਵਾਸੀਆਂ ਕਰਤਾਰ ਸਿੰਘ ਮੈਂਬਰ ਪੰਚਾਇਤ, ਰਸ਼ਪਾਲ ਸਿੰਘ, ਕਿੱਕਰ ਸਿੰਘ ਕਮੇਟੀ ਮੈਂਬਰ, ਹਰਜਿੰਦਰ ਸਿੰਘ, ਮਨਜੀਤ ਸਿੰਘ ਆਦਿ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਗਈ ਗ੍ਰਾਂਟ ਦੀ ਸਹੀ ਵਰਤੋਂ ਨਹੀਂ ਹੋ ਰਹੀ ਹੈ ਅਤੇ ਵਾਟਰ ਵਰਕਸ ਦੇ ਬਣਾਏ ਜਾ ਰਹੇ ਟੈਂਕ ਵਿਚ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਹੈ, ਜਿਸ ਨਾਲ ਇਹ ਟੈਂਕ ਜਲਦੀ ਹੀ ਖਰਾਬ ਹੋ ਜਾਵੇਗਾ ਤੇ ਟੁੱਟ ਜਾਵੇਗਾ।
ਇਸ ਤੋਂ ਇਲਾਵਾ ਕੰਮ ਦੌਰਾਨ ਨਾ ਤਾਂ ਜਗ੍ਹਾ ਦੀ ਕੁਟਾਈ ਸਹੀ ਕੀਤੀ ਜਾ ਰਹੀ ਹੈ ਅਤੇ ਨਾ ਹੀ ਹੋਰ ਕਾਰਜ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਅੱਜ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਨੂੰ ਇਸ ਸਬੰਧੀ ਮੰਗ ਪੱਤਰ ਦਿੱਤਾ।
ਕੀ ਕਹਿੰਦੇ ਹਨ ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਕੀਤੀ ਜਾਵੇਗੀ। ਇਹ ਸਾਰਾ ਪੈਸਾ ਨਾਬਾਰਡ ਤੋਂ ਕਰਜ਼ਾ ਲੈ ਕੇ ਲਾਇਆ ਜਾ ਰਿਹਾ ਹੈ, ਇਸ ਦੀ ਜਾਂਚ ਕੀਤੀ ਜਾਵੇਗੀ ਤੇ ਕਿਸੇ ਨੂੰ ਅਜਿਹੇ ਕੰਮ 'ਚ ਧਾਂਦਲੀ ਨਹੀਂ ਕਰਨ ਦਿੱਤੀ ਜਾਵੇਗੀ।
ਕੀ ਕਹਿਣਾ ਹੈ ਠੇਕੇਦਾਰ ਦਾ
ਕੰਮ ਦੌਰਾਨ ਮੌਕੇ 'ਤੇ ਮੌਜੂਦ ਪੇਟੀ ਠੇਕੇਦਾਰ ਗੁਰਜੰਟ ਸਿੰਘ ਨੇ ਕਿਹਾ ਕਿ ਸਾਰਾ ਕੰਮ ਠੀਕ ਤਰੀਕੇ ਨਾਲ ਹੋ ਰਿਹਾ ਹੈ ਤੇ ਮਟੀਰੀਅਲ ਬਿਲਕੁਲ ਸਹੀ ਲਾਇਆ ਜਾ ਰਿਹਾ ਹੈ।