ਮਾਂ-ਬੋਲੀ ਪੰਜਾਬੀ ਵਿਕਾਸ ਮੰਚ ਬਟਾਲਾ ਵੱਲੋਂ ਮਾਤ-ਭਾਸ਼ਾ ਦੇ ਹੱਕ ''ਚ ਪ੍ਰਦਰਸ਼ਨ

Wednesday, Mar 21, 2018 - 01:11 AM (IST)

ਮਾਂ-ਬੋਲੀ ਪੰਜਾਬੀ ਵਿਕਾਸ ਮੰਚ ਬਟਾਲਾ ਵੱਲੋਂ ਮਾਤ-ਭਾਸ਼ਾ ਦੇ ਹੱਕ ''ਚ ਪ੍ਰਦਰਸ਼ਨ

ਬਟਾਲਾ,   (ਬੇਰੀ)-  ਅੱਜ ਮਾਂ-ਬੋਲੀ ਪੰਜਾਬੀ ਵਿਕਾਸ ਮੰਚ ਬਟਾਲਾ ਵੱਲੋਂ ਵੀਰ ਹਕੀਕਤ ਰਾਏ ਦੀ ਸਮਾਧ ਪਾਰਕ ਬਟਾਲਾ ਵਿਖੇ ਪ੍ਰਧਾਨ ਜਤਿੰਦਰ ਭਨੋਟ, ਜਨਰਲ ਸਕੱਤਰ ਕੁਲਦੀਪ ਹੰਸਪਾਲ ਤੇ ਸੰਯੋਜਕ ਗੁਰਪ੍ਰੀਤ ਸਿੰਘ ਰੰਗੀਲਪੁਰ ਦੀ ਅਗਵਾਈ 'ਚ ਮਾਤ-ਭਾਸ਼ਾ ਪੰਜਾਬੀ ਦੇ ਹੱਕ 'ਚ ਪ੍ਰਦਰਸ਼ਨ ਕੀਤਾ ਗਿਆ, ਜਿਸ 'ਚ ਉਸਤਾਦ ਗਜ਼ਲਗੋ ਸੁਲੱਖਣ ਸਰਹੱਦੀ, ਨਾਵਲਕਾਰ ਬਲਦੇਵ ਸਿੰਘ ਬੁੱਟਰ, ਦਵਿੰਦਰ ਦੀਦਾਰ, ਸੁਲਤਾਨ ਭਾਰਤੀ, ਡਾ. ਸਤਿੰਦਰਜੀਤ ਕੌਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। 
ਗੁਰਪ੍ਰੀਤ ਸਿੰਘ ਰੰਗੀਲਪੁਰ ਨੇ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਤੇ ਹੋਰ ਜਥੇਬੰਦੀਆਂ ਨੇ ਮਿਲ ਕੇ ਤਾਲਮੇਲ ਕਮੇਟੀ ਬਣਾ ਕੇ ਕੌਮਾਂਤਰੀ ਮਾਂ-ਬੋਲੀ ਦਿਵਸ 'ਤੇ ਵੱਖ-ਵੱਖ ਜ਼ਿਲਿਆਂ 'ਚ ਪ੍ਰਦਰਸ਼ਨ ਤੇ ਰੋਸ ਮਾਰਚ ਕੀਤਾ ਤੇ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ-ਪੱਤਰ ਭੇਜੇ ਸਨ ਪਰ ਇਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਹੁਣ ਤੱਕ ਮਾਤ-ਭਾਸ਼ਾ ਪੰਜਾਬੀ ਦੀਆਂ ਮੰਗਾਂ 'ਤੇ ਵਿਚਾਰ-ਚਰਚਾ ਕਰਨ ਤੇ ਉਨ੍ਹਾਂ ਦੇ ਹੱਲ ਲਈ ਤਾਲਮੇਲ ਕਮੇਟੀ ਨੂੰ ਮੀਟਿੰਗ ਦਾ ਸੱਦਾ ਨਹੀਂ ਦਿੱਤਾ ਗਿਆ। ਇਸ ਕਰ ਕੇ ਲੇਖਕ ਭਾਈਚਾਰੇ ਤੇ ਮਾਤ-ਭਾਸ਼ਾ ਪ੍ਰੇਮੀਆਂ 'ਚ ਰੋਸ ਪਾਇਆ ਜਾ ਰਿਹਾ ਹੈ। 
ਆਗੂਆਂ ਨੇ ਮੰਗ ਕੀਤੀ ਕਿ ਤਿੰਨ ਭਾਸ਼ਾਈ ਫਾਰਮੂਲੇ ਤਹਿਤ ਪੰਜਾਬੀ ਨੂੰ ਆਰੰਭ ਤੋਂ, ਹਿੰਦੀ ਨੂੰ ਤੀਜੀ ਤੋਂ ਅਤੇ ਅੰਗਰੇਜ਼ੀ ਨੂੰ ਛੇਵੀਂ ਜਮਾਤ ਤੋਂ ਲਾਗੂ ਕੀਤਾ ਜਾਵੇ, ਪੰਜਾਬ ਰਾਜ ਭਾਸ਼ਾ ਕਾਨੂੰਨ 2008 'ਚ ਰਾਜ ਭਾਸ਼ਾ ਪੱਖੀ ਧਾਰਾਵਾਂ ਨੂੰ ਇੰਨ-ਬਿੰਨ ਲਾਗੂ ਕਰਵਾਇਆ ਜਾਵੇ, ਗ੍ਰੈਜੂਏਸ਼ਨ ਤੱਕ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾਵੇ, ਤਕਨੀਕੀ, ਇੰਜੀਨੀਅਰਿੰਗ ਤੇ ਡਾਕਟਰੀ ਸਿੱਖਿਆ ਮਾਤ-ਭਾਸ਼ਾ ਵਿਚ ਦੇਣ ਦੀ ਲੋੜੀਂਦੀ ਵਿਵਸਥਾ ਕੀਤੀ ਜਾਵੇ, ਪੰਜਾਬ ਦੀਆਂ ਸਰਕਾਰੀ ਯੂਨੀਵਰਸਿਟੀਆਂ ਉਕਤ ਮੰਤਵ ਲਈ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ, ਪ੍ਰਾਇਮਰੀ ਸਕੂਲਾਂ ਤੋਂ ਯੂਨੀਵਰਸਿਟੀ ਤੱਕ ਪੰਜਾਬੀ ਅਧਿਆਪਕਾਂ/ਲੈਕਚਰਾਰਾਂ/ਪ੍ਰੋਫੈਸਰਾਂ ਦੀਆਂ ਖਾਲੀ ਅਸਾਮੀਆਂ ਪੂਰੀ ਤਨਖਾਹ ਤੇ ਭੱਤਿਆਂ ਸਮੇਤ ਰੈਗੂਲਰ ਤੌਰ 'ਤੇ ਭਰੀਆਂ ਜਾਣ ਆਦਿ ਮੰਗਾਂ ਨੂੰ ਵਿਚਾਰਨ ਤੇ ਇਨ੍ਹਾਂ ਦੇ ਹੱਲ ਲਈ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਨੂੰ ਮੀਟਿੰਗ ਦਾ ਸਮਾਂ ਦਿੱਤਾ ਜਾਵੇ। 
ਉਨ੍ਹਾਂ ਕਿਹਾ ਕਿ ਜੇਕਰ ਮੀਟਿੰਗ ਕਰਨ 'ਚ ਹੋਰ ਜ਼ਿਆਦਾ ਦੇਰੀ ਹੁੰਦੀ ਹੈ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਕੰਵਲਜੀਤ ਕੌਰ, ਹੀਰਾ ਸਿੰਘ ਭੱਟੀ, ਵਿਜੇ ਅਗਨੀਹੋਤਰੀ, ਰਛਪਾਲ ਕੁਮਾਰ, ਸੁਰਿੰਦਰ ਸਿੰਘ, ਰਾਜ ਹਰਪੁਰਾ, ਨਿਸ਼ਾਨ ਸਿੰਘ, ਰਜਤ ਸ਼ਰਮਾ, ਪ੍ਰਭਜੋਤ ਸਿੰਘ, ਨਰਿੰਦਰ ਸਿੰਘ, ਬਲਵੰਤ ਸਿੰਘ, ਰਵੀ ਸਨਮ ਸ਼ਾਇਰ ਆਦਿ ਹਾਜ਼ਰ ਸਨ। 


Related News