DSGMC ਵੱਲੋਂ ਕੈਥਲ ਘਟਨਾ ਦੇ ਮ੍ਰਿਤਕ ਦੇ ਪਰਿਵਾਰ ਨੂੰ 1 ਲੱਖ ਦੇਣ ਦਾ ਐਲਾਨ

03/26/2019 11:48:34 AM

ਜਲੰਧਰ/ਨਵੀਂ ਦਿੱਲੀ (ਚਾਵਲਾ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ 'ਚ ਕਮੇਟੀ ਦੀ ਉੱਚ ਪੱਧਰੀ ਟੀਮ ਬੀਤੇ ਦਿਨ ਹਰਿਆਣਾ ਦੇ ਜ਼ਿਲਾ ਕੈਥਲ ਦੇ ਪਿੰਡ ਬਦਸੂਈ ਵਿਖੇ ਪਹੁੰਚੀ। ਇਸ ਟੀਮ ਨੇ ਇਸ ਪਿੰਡ 'ਚ ਗੁਰਦੁਆਰਾ ਸਾਹਿਬ ਦੇ ਮਾਮਲੇ 'ਤੇ ਹੋਏ ਫਿਰਕੂ ਟਕਰਾਅ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਮੰਦਭਾਗੀ ਫਿਰਕੂ ਘਟਨਾ ਦੇ ਦੌਰਾਨ ਸ਼ਹੀਦ ਹੋਏ ਸ਼ਮਸ਼ੇਰ ਸਿੰਘ ਦੇ ਪਰਿਵਾਰ ਨੂੰ ਇਕ ਲੱਖ ਰੁਪਏ ਮਾਲੀ ਮਦਦ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਨੇ ਮੰਦਭਾਗੀ ਘਟਨਾ 'ਚ ਜ਼ਖਮੀ ਹੋਏ 10 ਪੀੜਤਾਂ ਲਈ 10-10 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਣ ਦਾ ਐਲਾਨ ਕੀਤਾ ਗਿਆ।


ਪੀੜਤ ਪਰਿਵਾਰਾਂ ਨਾਲ ਮੁਲਾਕਾਤ ਮਗਰੋਂ ਸਿਰਸਾ ਦੀ ਅਗਵਾਈ ਵਾਲੀ ਟੀਮ ਨੇ ਘਟਨਾ ਸਥਾਨ ਦਾ ਦੌਰਾ ਵੀ ਕੀਤਾ ਅਤੇ ਵਾਪਰੇ ਘਟਨਾ ਚੱਕਰ ਦੀ ਸਹੀ ਜਾਣਕਾਰੀ ਹਾਸਲ ਕੀਤੀ। ਪਿੰਡ ਵਾਸੀਆਂ ਨੇ ਘਟਨਾ ਕਿਵੇਂ ਵਾਪਰੀ, ਇਸ ਦੇ ਪਿੱਛੇ ਕੀ ਕਾਰਨ ਜ਼ਿੰਮੇਵਾਰ ਸਨ, ਘਟਨਾ ਦੌਰਾਨ ਕਿਸ-ਕਿਸ ਵਿਅਕਤੀ ਨੇ ਕੀ ਭੂਮਿਕਾ ਅਦਾ ਕੀਤੀ ਅਤੇ ਕੀ ਮੰਦਭਾਗਾ ਵਾਪਰਿਆ, ਬਾਰੇ ਸਾਰੀ ਜਾਣਕਾਰੀ ਵਿਸਥਾਰ ਸਹਿਤ ਸ. ਸਿਰਸਾ ਦੀ ਅਗਵਾਈ ਵਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਟੀਮ ਨੂੰ ਦਿੱਤੀ।


ਇਸ ਮੌਕੇ ਸਿਰਸਾ ਨੇ ਦੱਸਿਆ ਕਿ ਇਲਾਕੇ ਦੇ ਦੌਰੇ ਦੌਰਾਨ ਟੀਮ ਨੇ ਦੇਖਿਆ ਕਿ ਇਲਾਕੇ ਦੇ ਚੁਣੇ ਹੋਏ ਪ੍ਰਤੀਨਿਧੀ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣ ਪਰ ਉਹ ਆਪਣੀ ਰਾਜਨੀਤੀ ਨੂੰ ਅੱਗੇ ਤੋਰਨ ਵਾਸਤੇ ਲੋਕਾਂ ਵਿਚ ਟਕਰਾਅ ਪੈਦਾ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕੈਥਲ ਜ਼ਿਲੇ ਦੇ ਪਿੰਡ ਬਦਸੂਈ ਵਿਖੇ ਵੀ ਇਹੋ ਕੁੱਝ ਵਾਪਰਿਆ ਹੈ, ਜਿੱਥੇ ਕਿ ਫਿਰਕੂ ਤਣਾਅ ਨੂੰ ਉਭਾਰਨ ਵਾਸਤੇ ਮੰਦਰ ਅਤੇ ਗੁਰਦੁਆਰਾ ਸਾਹਿਬ ਦਰਮਿਆਨ ਸਾਂਝੀ ਕੰਧ ਦੀ ਉਸਾਰੀ ਵਾਸਤੇ ਫੰਡ ਜਾਰੀ ਕਰ ਦਿੱਤੇ ਗਏ ਤਾਂ ਜੋ ਸਮਾਜ ਦੇ ਦੋ ਵਰਗ ਆਪਸ ਵਿਚ ਟਕਰਾਉਂਦੇ ਰਹਿਣ।


shivani attri

Content Editor

Related News