''ਡੰਕੀ ਰੂਟ'' ਰਾਹੀਂ ਅਮਰੀਕਾ ''ਚ ਗੈਰ-ਕਾਨੂੰਨੀ ਪ੍ਰਵੇਸ਼ ਕਰਵਾਉਣ ਦੇ ਦੋਸ਼ ''ਚ ਪੰਜਾਬ ਦਾ ਏਜੰਟ ਗ੍ਰਿਫ਼ਤਾਰ

Friday, Apr 18, 2025 - 05:35 PM (IST)

''ਡੰਕੀ ਰੂਟ'' ਰਾਹੀਂ ਅਮਰੀਕਾ ''ਚ ਗੈਰ-ਕਾਨੂੰਨੀ ਪ੍ਰਵੇਸ਼ ਕਰਵਾਉਣ ਦੇ ਦੋਸ਼ ''ਚ ਪੰਜਾਬ ਦਾ ਏਜੰਟ ਗ੍ਰਿਫ਼ਤਾਰ

ਨਵੀਂ ਦਿੱਲੀ- ਦਿੱਲੀ ਪੁਲਸ ਨੇ ਪੰਜਾਬ ਦੇ ਇਕ 36 ਸਾਲਾ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਥਿਤ ਤੌਰ 'ਤੇ ਜਾਅਲੀ ਯਾਤਰਾ ਦਸਤਾਵੇਜ਼ ਬਣਾਉਣ ਅਤੇ 'ਡੰਕੀ ਰੂਟ' ਰਾਹੀਂ ਅਮਰੀਕਾ 'ਚ ਗੈਰ-ਕਾਨੂੰਨੀ ਪ੍ਰਵੇਸ਼ ਦੀ ਸਹੂਲਤ ਦੇਣ 'ਚ ਸ਼ਾਮਲ ਸੀ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਇਕ ਅਧਿਕਾਰੀ ਨੇ ਦਿੱਤੀ। 'ਡੰਕੀ ਰੂਟ' ਉਨ੍ਹਾਂ ਰਸਤਿਆਂ ਨੂੰ ਕਿਹਾ ਜਾਂਦਾ ਹੈ, ਜਿਸ ਦਾ ਇਸਤੇਮਾਲ ਪ੍ਰਵਾਸੀ ਬਿਨਾਂ ਉੱਚਿਤ ਦਸਤਾਵੇਜ਼ ਦੇ ਅਮਰੀਕਾ ਵਰਗੇ ਦੇਸ਼ਾਂ 'ਚ ਪ੍ਰਵੇਸ਼ ਕਰਨ ਲਈ ਕਰਦੇ ਹਨ। ਉਨ੍ਹਾਂ ਦੇ ਜੋਖਮ ਭਰੇ ਅਤੇ ਔਖੇ ਸਫ਼ਰ ਨੂੰ ਆਮ ਤੌਰ 'ਤੇ ਮਨੁੱਖੀ ਤਸਕਰੀ ਸਿੰਡੀਕੇਟਾਂ ਦੁਆਰਾ ਸੁਵਿਧਾਜਨਕ ਬਣਾਇਆ ਜਾਂਦਾ ਹੈ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਨਰੇਸ਼ ਕੁਮਾਰ ਵਜੋਂ ਹੋਈ ਹੈ, ਜੋ ਕਿ ਪੰਜਾਬ ਦੇ ਪਟਿਆਲਾ ਦੇ ਪਿੰਡ ਮਟੌਲੀ ਦਾ ਰਹਿਣ ਵਾਲਾ ਹੈ ਅਤੇ ਇਕ ਭਾਰਤੀ ਯਾਤਰੀ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕੁਮਾਰ ਨੇ ਹੋਰ ਏਜੰਟਾਂ ਨਾਲ ਮਿਲ ਕੇ ਕਥਿਤ ਤੌਰ 'ਤੇ ਜਾਅਲੀ 'ਸ਼ੈਂਗੇਨ ਵੀਜ਼ਾ' ਦਾ ਪ੍ਰਬੰਧ ਕੀਤਾ ਸੀ ਅਤੇ ਬਾਅਦ 'ਚ ਜਾਅਲਸਾਜ਼ੀ ਨੂੰ ਲੁਕਾਉਣ ਲਈ ਯਾਤਰੀ ਦੇ ਪਾਸਪੋਰਟ ਨਾਲ ਛੇੜਛਾੜ ਕੀਤੀ ਸੀ।

ਇਹ ਵੀ ਪੜ੍ਹੋ : ਹੁਣ ਸੈਲਫ਼ੀ ਨਾਲ ਲੱਗੇਗੀ ਡਾਕਟਰਾਂ ਦੀ ਹਾਜ਼ਰੀ, ਲੋਕੇਸ਼ਨ ਦੱਸਣਾ ਵੀ ਜ਼ਰੂਰੀ, ਕੀਤੀ ਉਲੰਘਣਾ ਤਾਂ...

ਇਹ ਮਾਮਲਾ 4 ਤੋਂ 5 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਉਦੋਂ ਸਾਹਮਣੇ ਆਇਆ, ਜਦੋਂ ਗੁਰਸਾਹਿਬ ਸਿੰਘ (39) ਅਮਰੀਕਾ ਤੋਂ ਆਈਜੀਆਈ ਏਅਰਪੋਰਟ ਪਹੁੰਚਿਆ। ਉਸ ਨੂੰ ਅਮਰੀਕਾ ਤੋਂ ਵਾਪਸ ਭੇਜ ਦਿੱਤਾ ਗਿਆ ਸੀ। ਉਸ ਦੇ ਯਾਤਰਾ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਦੇ ਪਾਸਪੋਰਟ ਦੇ ਇਕ ਪੰਨੇ 'ਤੇ ਗੂੰਦ ਦੇ ਨਿਸ਼ਾਨ ਦੇਖੇ, ਜਿਸ ਨਾਲ ਛੇੜਛਾੜ ਦਾ ਸੰਕੇਤ ਮਿਲਿਆ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਵਾਸੀ ਸਿੰਘ 'ਤੇ ਬਾਅਦ 'ਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਪੁਲਸ ਥਾਣੇ 'ਚ ਭਾਰਤੀ ਨਿਆਂ ਸੰਹਿਤਾ ਅਤੇ ਪਾਸਪੋਰਟ ਐਕਟ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਇਕ ਮਾਮਲਾ ਦਰਜ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਪੁੱਛ-ਗਿੱਛ ਕੀਤੀ ਗਈ, ਜਿਸ ਦੌਰਾਨ ਉਸ ਨੇ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸਿੰਘ ਨੇ ਖੁਲਾਸਾ ਕੀਤਾ ਕਿ 2024 'ਚ ਸਿੰਗਾਪੁਰ ਤੋਂ ਭਾਰਤ ਆਉਣ ਤੋਂ ਬਾਅਦ ਉਹ ਗੁਰਦੇਵ ਸਿੰਘ ਉਰਫ 'ਗੁਰੀ' ਨਾਮੀ ਇਕ ਏਜੰਟ ਦੇ ਸੰਪਰਕ 'ਚ ਆਇਆ, ਜਿਸ ਨੇ 20 ਲੱਖ ਰੁਪਏ ਦੇ ਬਦਲੇ ਉਸ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ 'ਚ ਪ੍ਰਵੇਸ਼ ਕਰਨ 'ਚ ਮਦਦ ਕਰਨ ਦਾ ਵਾਅਦਾ ਕੀਤਾ।

ਇਹ ਵੀ ਪੜ੍ਹੋ : ਮੰਦਰਾਂ ਦੇ ਸੋਨੇ ਤੋਂ 17.81 ਕਰੋੜ ਵਿਆਜ ! ਸਰਕਾਰ ਨੇ ਇੰਝ ਕੀਤੀ ਮੋਟੀ ਕਮਾਈ

ਸਿੰਘ ਨੇ 17 ਲੱਖ ਰੁਪਏ ਨਕਦ ਦਿੱਤੇ ਅਤੇ ਬਾਕੀ ਤਿੰਨ ਲੱਖ ਰੁਪਏ ਇਕ ਬੈਂਕ ਖਾਤੇ 'ਚ ਟਰਾਂਸਫਰ ਕੀਤੇ, ਜੋ ਬਾਅਦ 'ਚ ਨਰੇਸ਼ ਕੁਮਾਰ ਨਿਕਲਿਆ। ਪੁਲਸ ਨੇ ਦੱਸਿਆ ਕਿ ਸਾਜਿਸ਼ ਅਨੁਸਾਰ, ਸਿੰਘ ਨੂੰ ਬ੍ਰਿਟੇਨ, ਸਪੇਨ, ਗਵਾਟੇਮਾਲਾ, ਮੈਕਸੀਕੋ ਅਤੇ ਅੰਤ 'ਚ ਤਿਜੁਆਨਾ ਸਣੇ ਕਈ ਦੇਸ਼ਾਂ 'ਚੋਂ ਹੋ ਕੇ ਭੇਜਿਆ ਗਿਆ, ਜਿੱਥੋਂ ਉਹ 'ਡੰਕੀ ਰੂਟ' ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖ਼ਲ ਹੋ ਗਿਆ। ਪੁਲਸ ਅਨੁਸਾਰ ਅਮਰੀਕਾ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ, ਏਜੰਟ ਦੇ ਇਕ ਸਹਿਯੋਗੀ ਨੇ ਜਾਅਲੀ 'ਸ਼ੈਂਗੇਨ ਵੀਜ਼ਾ' ਹਾਸਲ ਕੀਤਾ ਅਤੇ ਉਸ ਨੂੰ ਸਿੰਘ ਦੇ ਪਾਸਪੋਰਟ 'ਤੇ ਚਿਪਕਾ ਦਿੱਤਾ, ਜਿਸ 'ਚ ਬਾਅਦ 'ਚ ਨਕਲੀ ਵੀਜ਼ਾ ਲੁਕਾਉਣ ਲਈ ਛੇੜਛਾੜ ਕੀਤੀ ਗਈ। ਪੁਲਸ ਅਨੁਸਾਰ ਹਾਲਾਂਕਿ ਸਿੰਘ ਨੂੰ ਅਮਰੀਕੀ ਅਧਿਕਾਰੀਆਂ ਨੇ ਹਿਰਾਸਤ 'ਚ ਲੈ ਲਿਆ ਅਤੇ ਤਿੰਨ ਮਹੀਨੇ ਹਿਰਾਸਤ 'ਚ ਰੱਖਣ ਤੋਂ ਬਾਅਦ ਉਸ ਨੂੰ ਭਾਰਤ ਭੇਜ ਦਿੱਤਾ ਗਿਆ। ਪੁਲਸ ਅਨੁਸਾਰ ਉਸ ਦੇ ਆਉਣ 'ਤੇ ਜਾਂਚ ਸ਼ੁਰੂ ਹੋਈ ਅਤੇ ਕੁਮਾਰ ਦੀ ਗ੍ਰਿਫ਼ਤਾਰੀ ਹੋਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News