ਕੇਜਰੀਵਾਲ ਤੋਂ ਦਿੱਲੀ ਸੰਭਲਦੀ ਨਹੀਂ ਅਤੇ ਪੰਜਾਬ ਦੇ ਲੋਕਾਂ ਨੂੰ ਝਾਂਸੇ ਦੇ ਰਹੇ ਹਨ : ਵੇਰਕਾ

Wednesday, Jun 30, 2021 - 01:45 AM (IST)

ਕੇਜਰੀਵਾਲ ਤੋਂ ਦਿੱਲੀ ਸੰਭਲਦੀ ਨਹੀਂ ਅਤੇ ਪੰਜਾਬ ਦੇ ਲੋਕਾਂ ਨੂੰ ਝਾਂਸੇ ਦੇ ਰਹੇ ਹਨ : ਵੇਰਕਾ

ਚੰਡੀਗੜ੍ਹ(ਅਸ਼ਵਨੀ)- ਪੰਜਾਬ ਵਿਚ ਮੁਫ਼ਤ ਬਿਜਲੀ ਨੂੰ ਲੈ ਕੇ ਕੇਜਰੀਵਾਲ ਦੇ ਵਾਅਦੇ ’ਤੇ ਪਲਟਵਾਰ ਕਰਦਿਆਂ ਕਾਂਗਰਸ ਦੇ ਸੀਨੀਅਰ ਵਿਧਾਇਕ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਕੇਜਰੀਵਾਲ ਫਰਾਡ ਗੱਲਾਂ ਕਰਦੇ ਹਨ ਅਤੇ ਪੰਜਾਬ ਦੇ ਬਾਸ਼ਿੰਦੇ ਉਨ੍ਹਾਂ ਦੇ ਝਾਂਸੇ ਵਿਚ ਆਉਣ ਵਾਲੇ ਨਹੀਂ ਹਨ। ਵੇਰਕਾ ਨੇ ਕਿਹਾ ਕਿ ਉਹ ਛੇਤੀ ਹੀ ਦਿੱਲੀ ਦੇ ਬਾਸ਼ਿੰਦਿਆਂ ਤੋਂ ਬਿਜਲੀ ਬਿੱਲ ਵਿਚ ਫਿਕਸ ਚਾਰਜ ਦੇ ਨਾਮ ’ਤੇ ਕੀਤੀ ਗਈ ਕਰੋੜਾਂ ਦੀ ਵਸੂਲੀ ਦਾ ਸੱਚ ਜਨਤਾ ਦੇ ਸਾਹਮਣੇ ਪ੍ਰਗਟ ਕਰਨਗੇ। ਵੇਰਕਾ ਨੇ ਦਿੱਲੀ ਦੇ ਕੁੱਝ ਬਾਸ਼ਿੰਦਿਆਂ ਨਾਲ ਦਿੱਲੀ ਸਰਕਾਰ ਦੇ ਬਿਜਲੀ ਬਿੱਲ ਨੂੰ ਵੀ ਪੇਸ਼ ਕੀਤਾ। ਵੇਰਕਾ ਨੇ ਕਿਹਾ ਕਿ ਕੇਜਰੀਵਾਲ ਤੋਂ ਦਿੱਲੀ ਸੰਭਲਦੀ ਨਹੀਂ ਅਤੇ ਉਹ ਪੰਜਾਬ ਵਿਚ ਜਾ ਕੇ ਝਾਂਸੇ ਦੇ ਰਹੇ ਹਨ। ਪੰਜਾਬ ਸਰਕਾਰ ਪਹਿਲਾਂ ਹੀ ਕਰੀਬ 40 ਫੀਸਦੀ ਆਬਾਦੀ ਤੋਂ ਬਿਜਲੀ ਬਿੱਲ ਨਹੀਂ ਲੈ ਰਹੀ। ਇਸ ਵਿਚ ਸਭ ਤੋਂ ਜ਼ਿਆਦਾ ਕਰੀਬ 30 ਫੀਸਦੀ ਕਿਸਾਨ ਹਨ।

ਇਹ ਵੀ ਪੜ੍ਹੋ- ਝੂਠ ਦਾ ਪੁਲੰਦਾ ਲੈ ਕੇ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਠੱਗਣ ਆਏ ਕੇਜਰੀਵਾਲ : ਚੁੱਘ
ਵੇਰਕਾ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਵਿਚ ਝੂਠ ਵੇਚਣ ਆਏ ਹਨ। ਕੇਜਰੀਵਾਲ ਨੇ ਦਿੱਲੀ ਵਿਚ 25 ਸਾਲ ਸੇਵਾ ਕਰਨ ਵਾਲੇ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਤਾਂ ਕੀ ਕਰਨਾ ਸੀ ਸਗੋਂ 7 ਹਜ਼ਾਰ ਰੁਪਏ ਤੱਕ ਦੇ ਬਿਜਲੀ ਬਿੱਲ ਉਨ੍ਹਾਂ ਦੇ ਹੱਥ ਵਿਚ ਫੜਾ ਦਿੱਤੇ ਹਨ। ਵੇਰਕਾ ਨੇ ਬੇਅਦਬੀ-ਗੋਲੀਕਾਂਡ ਮਾਮਲੇ ਵਿਚ ਕੇਜਰੀਵਾਲ ਵਲੋਂ ਇਨਸਾਫ਼ ਦਿੱਤੇ ਜਾਣ ਦੀ ਗੱਲ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਕੇਜਰੀਵਾਲ ਨੂੰ ਪਹਿਲਾਂ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਜਦੋਂ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੇਤਾ ਬਿਕਰਮ ਸਿੰਘ ਮਜੀਠੀਆ ’ਤੇ ਨਸ਼ੇ ਦੇ ਮਾਮਲੇ ਨੂੰ ਲੈ ਕੇ ਦੋਸ਼ ਲਗਾਇਆ ਸੀ ਤਾਂ ਬਾਅਦ ਵਿਚ ਮਜੀਠੀਆ ਤੋਂ ਮੁਆਫ਼ੀ ਕਿਉਂ ਮੰਗੀ। ਵੇਰਕਾ ਨੇ ਕਿਹਾ ਕਿ ਕੇਜਰੀਵਾਲ ਸੱਚ ਦਾ ਸਾਹਮਣਾ ਕਰਨ ਦੀ ਬਜਾਏ ਭਗੌੜਿਆਂ ਦੀ ਤਰ੍ਹਾਂ ਭੱਜ ਲਏ।


author

Bharat Thapa

Content Editor

Related News