ਦਿੱਲੀ ਗੁਰਦੁਆਰਾ ਕਮੇਟੀ ਨੇ ਸਿੱਖਿਆ ਖੇਤਰ ’ਚ ਪ੍ਰਬੰਧਾਂ ਵਿਚ ਸੁਧਾਰ ਲਈ 5 ਮੈਂਬਰੀ ਕਮੇਟੀ ਬਣਾਈ

08/27/2021 1:04:23 PM

ਜਲੰਧਰ/ਨਵੀਂ ਦਿੱਲੀ (ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਿਆ ਖੇਤਰ ’ਚ ਪ੍ਰਬੰਧਾਂ ਵਿਚ ਸੁਧਾਰ ਵਾਸਤੇ ਸੁਝਾਅ ਦੇਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜਿਸ ਵਿਚ ਸਿੱਖਿਆ ਮਾਹਿਰ ਤੇ ਕਮੇਟੀ ਦੇ ਮੈਂਬਰ ਸ਼ਾਮਲ ਕੀਤੇ ਗਏ ਹਨ। ਦਿੱਲੀ ਕਮੇਟੀ ਚੋਣਾਂ ਵਿਚ ਜਿੱਤੇ ਉਮੀਦਵਾਰਾਂ ਨਾਲ ਇਥੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਇਥੇ ਇਕ ਪ੍ਰੈਸ ਕਾਨਫਰੰਸ ਵਿਚ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਹ ਕਮੇਟੀ ਤਿੰਨ ਹਫਤਿਆਂ ਦੇ ਅੰਦਰ-ਅੰਦਰ ਆਪਣੀ ਰਿਪੋਰਟ ਦੇਵੇਗੀ ਤੇ ਇਸਦੀਆਂ ਸਿਫਾਰਸ਼ਾਂ ’ਤੇ ਵਿਚਾਰ ਕਰ ਕੇ ਸਿੱਖਿਆ ਖੇਤਰ ਵਿਚ ਹੋਰ ਸੁਧਾਰ ਲਿਆਂਦੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸੰਗਤ ਵੱਲੋਂ ਅਕਾਲੀ ਦਲ ਲਈ ਦਿੱਤੇ ਲਾਮਿਸਾਲ ਫਤਵੇ ਲਈ ਅਸੀਂ ਸੰਗਤਾਂ ਦੇ ਚਰਨਾਂ ਵਿਚ ਨਤਮਸਤਕ ਹੁੰਦੇ ਹਾਂ ਤੇ ਵਾਅਦਾ ਕਰਦੇ ਹਾਂ ਕਿ ਜੋ ਵੀ ਅਸੀਂ ਇਕਰਾਰ ਕੀਤੇ ਹਨ, ਸਾਰੇ ਨਿਭਾਏ ਜਾਣਗੇ।

ਸਿਰਸਾ ਨੇ ਦੱਸਿਆ ਕਿ ਚੋਣਾਂ ਖ਼ਤਮ ਹੋਣ ਉਪਰੰਤ ਟੀਮ ਨੇ ਹੁਣ ਤੋਂ ਹੀ ਕੰਮਕਾਜ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਡਾ ਪ੍ਰਾਜੈਕਟ ਬਾਲਾ ਸਾਹਿਬ ਹਸਪਤਾਲ ਸ਼ੁਰੂ ਕਰਨ ਦਾ ਹੈ ਜਿਸ ਲਈ ਅਸੀਂ ਅਦਾਲਤ ਵਿਚ ਤੇ ਗੁਰਦੁਆਰਾ ਚੋਣ ਕਮਿਸ਼ਨ ਕੋਲ ਪਟੀਸ਼ਨ ਦਾਇਰ ਰਹੇ ਹਾਂ ਕਿ ਵੋਟਾਂ ਪੈਣ ਤੇ ਗਿਣਤੀ ਉਪਰੰਤ ਹੁਣ ਹਸਪਤਾਲ ਸ਼ੁਰੂ ਕਰਨ ਦੀ ਆਗਿਆ ਦਿੱਤੀ ਜਾਵੇ ਤੇ ਇਸਨੁੰ ਹੋਰ ਨਾ ਲਟਕਾਇਆ ਜਾਵੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਨਾ ਟੋਲੇ ਵੱਲੋਂ ਚੋਣਾਂ ਖਤਮ ਹੋਣ ਉਪਰੰਤ ਮੈਂਬਰਾਂ ਦੀ ਖਰੀਦੋ-ਫਰੋਖ਼ਤ ਲਈ ਜ਼ੋਰ ਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸਰਨਾ ਭਰਾਵਾਂ ਨੂੰ ਕਿਹਾ ਕਿ ਤੁਹਾਡਾ ਖਰੀਦੋ-ਫਰੋਖ਼ਤ ਵਾਲਾ ਸਮਾਂ ਹੁਣ ਖ਼ਤਮ ਹੋ ਗਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀਆਂ ਵਜੋਂ ਚੋਣ ਜਿੱਤੇ ਉਮੀਦਵਾਰ ਸੰਗਤ ਦੀ ਸੇਵਾ ਲਈ ਜੁਟ ਗਏ ਹਨ। ਇਸ ਮੌਕੇ ਹਰਮੀਤ ਸਿੰਘ ਕਾਲਕਾ ਨੇ ਲਾਮਿਸਾਲ ਜਿੱਤ ਲਈ ਸੰਗਤ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਰਨਾ ਟੋਲੇ ਵੱਲੋਂ ਭਾਵੇਂ ਅਕਾਲੀ ਦਲ ਦੇ ਮੈਂਬਰਾਂ ਦੀ ਖਰੀਦੋ-ਫਰੋਖ਼ਤ ਲਈ ਲੱਖ ਕੋਸ਼ਿਸ਼ਾਂ ਕਰ ਲਈਆਂ ਜਾਣ ਪਰ ਉਹ ਸੁਫਨੇ ਲੈਣੇ ਛੱਡ ਦੇਣ ਕਿ ਸਾਡੇ ਮੈਂਬਰ ਖਰੀਦ ਸਕਣਗੇ।


Anuradha

Content Editor

Related News