''ਐਕਸਪ੍ਰੈੱਸ ਵੇਅ'' ''ਤੇ ਕਾਂਗਰਸ-ਅਕਾਲੀ ਦਲ ''ਚ ਫਸਿਆ ਪੇਚ, ਕ੍ਰੈਡਿਟ ਵਾਰ ਸ਼ੁਰੂ

06/03/2020 9:43:29 AM

ਚੰਡੀਗੜ੍ਹ : ਪੰਜਾਬ ਸਰਕਾਰ ਦੇ ਪ੍ਰਸਤਾਵ ਨੂੰ ਸਵੀਕਾਰ ਕਰਦੇ ਹੋਏ ਕੇਂਦਰ ਨੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ ਦੇ ਪੰਜਾਬ 'ਚ ਪੈਂਦੇ ਹਿੱਸੇ ਨੂੰ ਗਰੀਨ ਫੀਲਡ ਪ੍ਰਾਜੈਕਟ 'ਚ ਤਬਦੀਲ ਕਰਨ ਬਾਰੇ ਸਹਿਮਤੀ ਦੇ ਦਿੱਤੀ ਹੈ ਪਰ ਇਸ ਐਕਸਪ੍ਰੈੱਸ ਵੇਅ 'ਤੇ ਕਾਂਗਰਸ ਅਤੇ ਅਕਾਲੀ ਦਲ ਦਾ ਪੇਚ ਫਸ ਗਿਆ ਹੈ। ਦੋਹਾਂ ਧਿਰਾਂ 'ਚ ਇਸ ਪ੍ਰਾਜੈਕਟ ਨੂੰ ਲੈ ਕੇ ਕ੍ਰੈਡਿਟ ਵਾਰ ਸ਼ੁਰੂ ਹੋ ਗਈ ਹੈ। ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਨੂੰ ਖੁਦ ਦੀ ਉਪਲੱਬਧੀ ਦੱਸ ਰਹੇ ਹਨ, ਉੱਥੇ ਹੀ ਅਕਾਲੀ-ਭਾਜਪਾ ਇਸ ਨੂੰ ਆਪਣੀਆਂ ਕੋਸ਼ਿਸ਼ਾਂ ਦਾ ਨਤੀਜਾ ਦੱਸ ਰਹੀ ਹੈ।

ਇਹ ਵੀ ਪੜ੍ਹੋ : ਫਿਰ ਕਾਂਗਰਸੀ ਆਗੂਆਂ ਦੇ ਹੱਥਾਂ 'ਚ ਜਾ ਸਕਦੈ 'ਸਰਕਾਰੀ ਰਾਸ਼ਨ' ਵੰਡਣ ਦਾ ਕੰਟਰੋਲ

PunjabKesari

ਇਸ ਪ੍ਰਾਜੈਕਟ ਬਾਰੇ ਬੀਤੇ ਦਿਨ ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੇ ਇਹ ਜਾਣਕਾਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀਡੀਓ ਕਾਨਫਰੰਸਿੰਗ ਦੌਰਾਨ ਦਿੱਤੀ ਸੀ। ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਇਸ ਗੱਲ ’ਤੇ ਚਿੰਤਾ ਪ੍ਰਗਟਾਈ ਸੀ ਕਿ ਇਹ ਪ੍ਰਾਜੈਕਟ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਤਰਨਤਾਰਨ ਸਾਹਿਬ ਵਰਗੇ ਧਾਰਮਿਕ ਅਤੇ ਇਤਿਹਾਸਿਕ ਸ਼ਹਿਰਾਂ ਨੂੰ ਆਪਸ ’ਚ ਜੋੜਨ ’ਚ ਅਸਫਲ ਹੋਵੇਗਾ। ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੂਬਾ ਸਰਕਾਰ ਦੇ ਅਧਿਕਾਰੀਆਂ ਅਤੇ ਪ੍ਰਸਤਾਵ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨ ਤੋਂ ਬਾਅਦ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ ਦੇ ਪਹਿਲੇ ਪੜਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਨਾਲ ਹੀ ਦਿੱਲੀ-ਗੁਰਦਾਸਪੁਰ ਸੈਕਸ਼ਨ (ਖਨੌਰੀ ਤੋਂ ਪ੍ਰਵੇਸ਼ ਅਤੇ ਖਨੌਰੀ, ਪਾਂਤੜਾ, ਭਵਾਨੀਗੜ੍ਹ, ਲੁਧਿਆਣਾ, ਨਕੋਦਰ, ਜਲੰਧਰ, ਕਰਤਾਰਪੁਰ, ਕਾਦੀਆਂ ਅਤੇ ਗੁਰਦਾਸਪੁਰ) ਨੂੰ ਗ੍ਰੀਨ ਫੀਲਡ ਪ੍ਰਾਜੈਕਟ ਦਾ ਨਾਂ ਦਿੱਤਾ ਗਿਆ ਹੈ ਅਤੇ ਨਾਲ ਹੀ ਕਰਤਾਰਪੁਰ ਤੋਂ ਜਲੰਧਰ, ਅੰਮ੍ਰਿਤਸਰ ਅਤੇ ਅੰਮ੍ਰਿਤਸਰ ਬਾਈਪਾਸ ਨੂੰ ਬ੍ਰਾਊਨ ਫੀਲਡ ਪ੍ਰਾਜੈਕਟ ਕਿਹਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸਾਰੇ ਪਿੰਡਾਂ ਦੇ 'ਛੱਪੜਾਂ' ਦੀ ਸਫਾਈ 10 ਜੂਨ ਤੱਕ ਮੁਕੰਮਲ ਕਰਨ ਦੇ ਸਖਤ ਹੁਕਮ

PunjabKesari

ਉੱਥੇ ਹੀ ਦੂਜੇ ਪਾਸੇ ਸਾਬਕਾ ਭਾਜਪਾ ਪ੍ਰਧਾਨ ਅਤੇ ਰਾਜ ਸਭਾ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਦੇ ਦਿੱਲੀ ਨਿਵਾਸ ’ਚ ਉੱਚ ਪੱਧਰੀ ਬੈਠਕ ਕੀਤੀ, ਜਿਸ 'ਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ, ਕੇਂਦਰੀ ਮੰਤਰੀ ਜਤਿੰਦਰ ਸਿੰਘ ਤੇ ਮੰਤਰੀ ਵੀ. ਪੀ. ਸਿੰਘ ਮੌਜੂਦ ਸਨ। ਇਸ ਮੀਟਿੰਗ 'ਚ ਅੰਮ੍ਰਿਤਸਰ ਨੂੰ ਐਕਸਪ੍ਰੈੱਸ ਵੇਅ 'ਚ ਜੋੜਣ ਦਾ ਫੈਸਲਾ ਲਿਆ ਗਿਆ। ਸੰਸਦ ਮੈਂਬਰ ਮਲਿਕ ਨੇ ਉਕਤ ਆਗੂਆਂ ਦਾ ਅੰਮ੍ਰਿਤਸਰ ਨੂੰ ਦੁਬਾਰਾ ਐਕਸਪ੍ਰੈਸ ਵੇਅ ਦੀ ਖੂਬਸੂਰਤ ਸੌਗਾਤ ਦੇਣ ਲਈ ਧੰਨਵਾਦ ਕੀਤਾ। ਮਲਿਕ ਨੇ ਦੱਸਿਆ ਕਿ ਪੰਜਾਬ 'ਚ ਕਾਂਗਰਸ ਸਰਕਾਰ ਦਾ ਅੰਮ੍ਰਿਤਸਰ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ ਅਤੇ ਉਨ੍ਹਾਂ ਨੇ ਅੰਮ੍ਰਿਤਸਰ ਤੋਂ ਇਹ ਸੁਨਹਿਰੀ ਮੌਕਾ ਖੋਹ ਲਿਆ ਸੀ ਪਰ ਗਡਕਰੀ ਅਤੇ ਪੁਰੀ ਦੇ ਯੋਗਦਾਨ ਸਦਕਾ ਅੰਮ੍ਰਿਤਸਰ ਨੂੰ ਇਸ ਹੋ ਰਹੀ ਬੇਇਨਸਾਫੀ ਤੋਂ ਬਚਾਇਆ ਗਿਆ ਹੈ।

ਸੰਸਦ ਮੈਂਬਰ ਮਲਿਕ ਨੇ ਦੱਸਿਆ ਕਿ ਉਨ੍ਹਾਂ ਦੇ ਯਤਨਾਂ ਸਦਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਤੇ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਇਸ ਐਕਸਪ੍ਰੈੱਸ ਹਾਈਵੇਅ ਨੂੰ 2016 'ਚ ਪਾਸ ਕਰਵਾਇਆ ਅਤੇ ਇਹ ਮਾਮਲਾ ਮਲਿਕ ਨੇ ਸੰਸਦ 'ਚ ਤਿੰਨ ਵਾਰ ਚੁੱਕਿਆ, ਜਿਸ ਦਾ ਭਾਜਪਾ ਸਰਕਾਰ ਨੇ ਪੁਰਜ਼ੋਰ ਸਮਰਥਨ ਕੀਤਾ। ਅੰਮ੍ਰਿਤਸਰ ਇਕ ਟੂਰਿਸਟ ਪਲੇਸ ਹੋਣ ਦੇ ਕਾਰਣ ਅਤੇ ਲੱਖਾਂ ਸ਼ਰਧਾਲੂਆਂ ਨੂੰ ਇਥੇ ਰੋਜ਼ਾਨਾ ਆਉਣ ’ਤੇ ਇਸ ਦੀ ਮਹੱਤਤਾ ਸਮਝਦੇ ਹੋਏ ਮਲਿਕ ਨੇ ਨਿਤਿਨ ਗਡਕਰੀ ਅਤੇ ਪੁਰੀ ਵਲੋਂ ਦਿੱਤੇ ਗਏ ਭਰੋਸੇ ’ਤੇ ਧੰਨਵਾਦ ਕੀਤਾ ਹੈ।
 


Babita

Content Editor

Related News