ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਵਫ਼ਦ ਲਖਮੀਰਪੁਰ ਖੀਰੀ ਪਹੁੰਚਿਆ

Friday, Oct 08, 2021 - 04:11 PM (IST)

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਵਫ਼ਦ ਲਖਮੀਰਪੁਰ ਖੀਰੀ ਪਹੁੰਚਿਆ

ਮੋਹਾਲੀ (ਪਰਦੀਪ)  : ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਲਖੀਮਪੁਰ ਖੀਰੀ ’ਚ ਕਿਸਾਨਾਂ ਦੇ ਨਿਰਦਈ ਕਤਲ ਦੀ ਵਾਪਰੀ ਘਟਨਾ ਦੇ ਵਿਰੋਧ ’ਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂਆਂ ਦਾ ਵਫਦ ਲਖੀਮਪੁਰ ਖੀਰੀ ਪਹੁੰਚ ਗਿਆ। ਪਾਰਟੀ ਦੇ ਸਕੱਤਰ ਜਨਰਲ ਜਥੇਦਾਰ ਰਣਜੀਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਗਏ ਵਫ਼ਦ ’ਚ ਪਾਰਟੀ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰ ਮੁਹੰਮਦ, ਰਣਧੀਰ ਸਿੰਘ ਰੱਖੜਾ, ਮਨਪ੍ਰੀਤ ਸਿੰਘ ਤਲਵੰਡੀ ਅਤੇ ਰਵਿੰਦਰ ਸਿੰਘ ਸਾਹਪੁਰ ਸ਼ਾਮਲ ਹਨ। ਕੱਲ ਉੱਤਰਪ੍ਰਦੇਸ਼ ਪੁਲਸ ਵੱਲੋਂ ਹਿਰਾਸਤ ’ਚ ਲਏ ਜਾਣ ਤੋ ਬਾਅਦ ਇਸ ਵਫ਼ਦ ਨੂੰ ਸ਼ਾਮ ਨੂੰ ਜਦ ਪੁਲਸ ਨੇ ਛੱਡਿਆ ਤਾਂ ਵਫ਼ਦ 8 ਘੰਟਿਆਂ ਦਾ ਸਫ਼ਰ ਤੈਅ ਕਰਕੇ ਰਾਤ ਪੂਰਨਪੁਰ ਵਿਖੇ ਠਹਿਰਣ ਤੋਂ ਬਾਅਦ ਅੱਜ ਦੁਪਹਿਰ ਲਖਮੀਰਪੁਰ ਖੀਰੀ ਵਿਖੇ ਪਹੁੰਚਿਆ, ਜਿਥੇ ਵਫ਼ਦ ਨੇ ਪੀੜਤ ਪਰਿਵਾਰਾ ਨਾਲ ਉਨ੍ਹਾਂ ਦੇ ਪਿੰਡਾਂ ’ਚ ਜਾ ਕੇ  ਮੁਲਾਕਾਤ ਕੀਤੀ ਅਤੇ ਹੌਂਸਲਾ ਦਿੱਤਾ। ਪਾਰਟੀ ਆਗੂਆਂ ਦੀ ਅੱਜ ਫਿਰ ਪੁਲਸ ਅਧਿਕਾਰੀਆਂ ਨਾਲ ਥਾਂ-ਥਾਂ ਲਗਾਏ ਨਾਕਿਆਂ ’ਤੇ  ਤਕਰਾਰ ਹੋਈ ਪਰ ਲੰਮੀ ਬਹਿਸ ਤੋਂ ਬਾਅਦ ਪੁਲਸ ਵੱਲੋਂ ਉਨ੍ਹਾਂ ਨੂੰ ਅੱਗੇ ਜਾਣ ਦਿੱਤਾ ਗਿਆ।  ਵਫਦ ਦੇ ਆਗੂ ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਲਖੀਮਪੁਰ ਖੀਰੀ ’ਚ ਹੋਏ ਕਿਸਾਨਾਂ ਦੇ ਦਰਦਨਾਕ ਕਤਲ ਕਾਰਨ ਅੱਜ ਪੰਜਾਬ ਦਾ ਬੱਚਾ-ਬੱਚਾ ਤ੍ਰਾਹ-ਤ੍ਰਾਹ ਕਰ ਰਿਹਾ ਹੈ।

PunjabKesari

 ਯੂ. ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਇਸ ਹਾਦਸੇ ਲਈ ਜ਼ਿੰਮੇਵਾਰ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਅਤੇ ਉਸ ਦੇ ਮੁੰਡੇ ਅਸੀਸ ਮਿਸ਼ਰਾ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਸਰਕਾਰ ਕਿਸਾਨਾਂ ਦੀ ਆਵਾਜ਼ ਨਹੀਂ ਦਬਾ ਸਕਦੀ ਹੈ ਅਤੇ ਇਸ ਹਾਦਸੇ ’ਚ ਸ਼ਹੀਦ ਹੋਏ ਕਿਸਾਨਾਂ ਦੀ ਕੁਰਬਾਨੀ ਅਜਾਈਂ ਨਹੀ ਜਾਵੇਗੀ। ਇਸ ਮੌਕੇ ਸੀਨੀਅਰ ਆਗੂ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਤਿਆਗ ਕੇ ਖੇਤੀ ਸਬੰਧੀ ਕਾਲੇ ਕਾਨੂੰਨ ਤੁਰੰਤ ਰੱਦ ਕਰ ਦੇਣੇ ਚਾਹੀਦੇ ਹਨ, ਨਹੀਂ ਤਾਂ ਕਿਸਾਨ ਸੰਘਰਸ਼ ਨਰਿੰਦਰ ਮੋਦੀ ਸਰਕਾਰ ਲਈ ਕਫਨ ’ਚ ਕਿੱਲ ਸਾਬਤ ਹੋਵੇਗਾ। ਇਸ ਮੌਕੇ ਭਵਨਜੀਤ ਸਿੰਘ ਸਮਰਾਲਾ, ਦਲਬੀਰ ਸਿੰਘ ਮੱਲਮਾਜਰਾ, ਸਵਿੰਦਰ ਸਿੰਘ ਟਿਵਾਣਾ, ਸੁਖਮੰਦਰ ਸਿੰਘ, ਜਗਦੀਸ਼ ਸਿੰਘ ਪ੍ਰਧਾਨ, ਸਤਿਗੁਰ ਸਿੰਘ ਨਮੋਲ, ਸੋਹਣ ਸਿੰਘ ਬਾਬਾ,  ਬਲਵੰਤ ਸਿੰਘ ਸੋਨੂੰ, ਹਰਵਿੰਦਰ ਸਿੰਘ ਦੀਪ ਆਦਿ ਹਾਜ਼ਰ ਸਨ। 

PunjabKesari

ਦੱਸ ਦਈਏ ਕਿ ਭਗਵੰਤ ਨਗਰ ਚੌਕੜਾ ਫਾਰਮ ਜ਼ਿਲ੍ਹਾ ਲਖੀਮਪੁਰ ਉੱਤਰਪ੍ਰਦੇਸ਼ ਵਿਖੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਮੁੰਡੇ ਦੀ ਥਾਂਰ ਗੱਡੀ ਥੱਲੇ 19 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਅਤੇ ਪੱਤਰਕਾਰ ਰਾਮਕਸ਼ਯਪ ਨੂੰ ਮਾਰ ਦਿੱਤਾ ਗਿਆ ਸੀ। ਅੱਜ ਉਨ੍ਹਾਂ ਦੇ ਪਿਤਾ ਸਤਨਾਮ ਸਿੰਘ ਅਤੇ ਪੱਤਰਕਾਰ ਰਾਮਕਸ਼ਯਪ ਦੇ ਪਿਤਾ ਨੂੰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਵਫ਼ਦ ਮਿਲਿਆ, ਜਿਸ ’ਚ ਰਣਜੀਤ ਸਿੰਘ ਤਲਵੰਡੀ  ਦੇ ਨਾਲ, ਕਰਨੈਲ ਸਿੰਘ ਪੀਰਮੁਹੰਮਦ, ਰਣਧੀਰ ਸਿੰਘ ਰੱਖੜਾ ਅਤੇ ਮਨਪ੍ਰੀਤ ਸਿੰਘ ਤਲਵੰਡੀ ਨੇ ਡੂੰਘਾ ਦੁੱਖ ਸਾਂਝਾ ਕੀਤਾ। 
 


author

Anuradha

Content Editor

Related News