ਵੈਂਟਵਰਥ ਤੋਂ ਆਏ ਵਫਦ ਨੇ ਤਿਆਰ ਖਾਦ ਪਦਾਰਥਾਂ ''ਚ ਦਿਖਾਈ ਦਿਲਚਸਪੀ

Tuesday, Aug 27, 2024 - 07:31 PM (IST)

ਜੈਤੋ  ( ਰਘੂਨੰਦਨ ਪਰਾਸ਼ਰ ) : ਫਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਅੱਜ ਭਾਰਤ ਆਸਟ੍ਰੇਲੀਆਂ ਅਦਾਨ ਪ੍ਰਦਾਨ ਸਮਝੌਤੇ ਤਹਿਤ ਵੈਂਟਵਰਥ ਸ਼ਹਿਰ ਅਤੇ ਫਰੀਦਕੋਟ ਵਿੱਚ ਹੋਣ ਜਾ ਰਹੇ ਵਪਾਰਕ ਸਮਝੌਤਿਆਂ ਵਿੱਚ ਅਹਿਮ ਯੋਗਦਾਨ ਅਦਾ ਕਰਦਿਆਂ ਆਸਟ੍ਰੇਲੀਆ ਦੀ ਨੁੰਮਾਇੰਦਗੀ ਕਰ ਰਹੇ 6 ਮੈਂਬਰੀ ਵਫਦ ਨੂੰ ਸਥਾਨਕ ਕਿਸਾਨਾਂ, ਵਿਗਿਆਨੀਆਂ ਅਤੇ ਡਾਕਟਰਾਂ ਨਾਲ ਮਿਲਣੀ ਕਰਵਾਈ ।

ਇਸ ਮੌਕੇ ਬੋਲਦਿਆਂ ਉਨ੍ਹਾਂ ਦੁਹਰਾਇਆ ਕਿ ਆਸਟ੍ਰੇਲੀਆ ਦੇ ਸ਼ਹਿਰ ਵੈਂਟਵਰਥ ਵਿਚਕਾਰ ਸਿਸਟਰ ਸਿਟੀ ਟਵਿਨ ਟਾਊਨ ਪ੍ਰਾਜੈਕਟ ਤਹਿਤ ਸਮਝੌਤਾ ਹੋਣ ਜਾ ਰਿਹਾ ਹੈ, ਜਿਸ ਤਹਿਤ ਦੋਹਾਂ ਸ਼ਹਿਰਾਂ (ਵੈਂਟਵਰਥ ਅਤੇ ਫਰੀਦਕੋਟ) ਦੇ ਲੋਕ ਆਪਸ ਵਿਚ ਵਸਤਾਂ ਅਤੇ ਸੁਵਿਧਾਵਾਂ ਦਾ ਅਦਾਨ ਪ੍ਰਦਾਨ ਕਰ ਸਕਣਗੇ ।
ਅੱਜ ਦੀਆਂ ਮਿਲਣੀਆਂ ਦੌਰਾਨ ਵਿਧਾਇਕ ਸੇਖੋਂ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਮੁੱਖ ਖੇਤੀਬਾੜੀ ਅਫਸਰ ਨਾਲ ਵਫਦ ਨੂੰ ਰੂਬਰੂ ਕਰਵਾਇਆ । 6 ਮੈਂਬਰੀ ਵਫਦ ਨੂੰ ਜਿੱਥੇ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਇਸ ਇਲਾਕੇ ਦੇ ਅਤੇ ਆਸ ਪਾਸ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਖਾਸ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ ਗਈ, ਉੱਥੇ ਨਾਲ ਹੀ ਖੇਤੀਬਾੜੀ ਦੇ ਧੰਦੇ ਨਾਲ ਜੁੜੇ ਕਿਸਾਨਾਂ ਨੂੰ ਮਿਲਵਾਇਆ ਅਤੇ ਖੇਤੀਬਾੜੀ ਦਫਤਰ ਦਾ ਵੀ ਦੌਰਾ ਕਰਵਾਇਆ। ਮੁੱਖ ਖੇਤੀਬਾੜੀ ਅਫਸਰ ਸ. ਅਮਰੀਕ ਸਿੰਘ ਨੇ ਦੱਸਿਆ ਕਿ ਇਸ ਵਫਦ ਦੀ ਫਰੀਦਕੋਟ ਸ਼ਹਿਰ ਬਾਰੇ ਜਗਿਆਸਾ ਟਿੱਲਾ ਬਾਬਾ ਫਰੀਦ ਵਿਖੇ ਨਤਮਸਤਕ ਹੋਣ ਉਪਰੰਤ ਕਾਫੀ ਵਧੀ ਹੋਈ ਪ੍ਰਤੀਤ ਹੋਈ । ਉਨ੍ਹਾਂ ਦੱਸਿਆ ਕਿ ਨੁੰਮਾਇਦਿਆਂ ਵੱਲੋਂ ਕੀਤੇ ਹੋਏ ਸਾਰੇ ਹੀ ਸਵਾਲਾਂ ਦੇ ਤਸੱਲੀਬਖਸ਼ ਉੱਤਰ ਦਿੱਤੇ ਗਏ । ਉਨ੍ਹਾਂ ਦੱਸਿਆ ਕਿ ਇਸ ਵਫਦ ਨੇ ਖਾਸ ਕਰਕੇ ਫਰੀਦਕੋਟ ਵਿਖੇ ਚਲਾਏ ਜਾ ਰਹੇ ਮਸ਼ਹੂਰ ਗੁੜ੍ਹ, ਚੋਖੀ ਮਿਕਦਾਰ ਵਿੱਚ ਤਿਆਰ ਕੀਤੇ ਜਾ ਰਹੇ ਸ਼ਹਿਦ, ਚਟਕਾਰੇ ਲੈ ਕੇ ਖਾਣ ਵਾਲੇ ਆਚਾਰ,  ਹਰ ਮੌਸਮ ਵਿੱਚ ਵੱਖ ਵੱਖ ਫਲਾਂ ਦੇ ਰਸ ਤੋਂ ਤਿਆਰ ਕੀਤੇ ਗਏ ਡੱਬਾ ਬੰਦ ਤਰਲ ਪਦਾਰਥ ਅਤੇ ਖੇਤਾਂ ਦੀ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਇਜ਼ਾਫਾ ਕਰਨ ਵਾਲੀ ਗੰਡੋਆ ਖਾਦ ਵਿੱਚ ਖਾਸ ਦਿਲਚਸਪੀ ਜ਼ਾਹਰ ਕੀਤੀ ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਫਰੀਦਕੋਟ ਵਿਖੇ ਚੀਨੀ ਦੇ ਬਦਲ ਵਜੋਂ ਇਸਤੇਮਾਲ ਕੀਤੀ ਜਾ ਰਹੀ ਸ਼ੱਕਰ ਦੇ ਰੁਝਾਨ ਪ੍ਰਤੀ ਵੀ ਵਫਦ ਵਿੱਚ ਕਾਫੀ ਜਗਿਆਸਾ ਨਜ਼ਰ ਆਈ । ਉਨ੍ਹਾਂ ਵੱਲੋਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਮਹੀਨ ਕਾਰੀਗਰੀ ਦਾ ਪੰਜਾਬੀ ਜੁੱਤੀ ਬਣਾਉਣ ਵਿੱਚ ਜੋਹਰ ਦਿਖਾਉਣ ਵਾਲੇ ਕਾਰੀਗਰਾਂ ਬਾਰੇ ਵੀ ਭਰਪੂਰ ਜਾਣਕਾਰੀ ਇੱਕਤਰ ਕੀਤੀ ਗਈ । ਐਮ.ਐਲ.ਏ ਸੇਖੋਂ ਨੇ ਇਸ ਵਫਦ ਨੂੰ ਫਰੀਦਕੋਟ ਵਿਖੇ ਰਸ ਭਰਪੂਰ ਨਵੀਂ ਕਿਸਮ ਦੇ ਫਲਾਂ ਦੀ ਉਪਲਬਧਾ, ਵਿਕਰੀ ਅਤੇ ਅਗਾਂਹਵਧੂ ਕਿਸਾਨਾਂ ਵੱਲੋਂ ਇਨ੍ਹਾਂ ਨੂੰ ਉਗਾਉਣ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਗਈ। ਇਨ੍ਹਾਂ ਫਲਾਂ ਵਿੱਚ ਖਾਸ ਤੌਰ 'ਤੇ ਬਲੈਕ ਬੈਰੀ, ਐਵੋਕੈਡੋ, ਡਰੈਗਨ ਫਰੂਟ, ਲੈਮਨ ਗਰਾਸ, ਸਟੀਵੀਆ ਪੌਦਾ ਅਤੇ ਇਸ ਤਰ੍ਹਾਂ ਦੇ ਹੋਰ ਫਲਾਂ ਬਾਰੇ ਦੱਸ ਕੇ ਵਫਦ ਦੀ ਜਾਣਕਾਰੀ ਵਿੱਚ ਇਜ਼ਾਫਾ ਕੀਤਾ ਗਿਆ ।ਵਫਦ ਵੱਲੋਂ ਅਗਾਂਹਵਧੂ ਕਿਸਾਨਾਂ ਨਾਲ ਮਿਲਣੀ ਦੌਰਾਨ ਮਿੱਟੀ ਅਤੇ ਖਾਦ ਪਰਖ ਕੇਂਦਰਾਂ ਦੇ ਦੌਰੇ ਤੋਂ ਇਲਾਵਾ, ਖੇਤੀਬਾੜੀ ਵਿਭਾਗ ਵੱਲੋਂ ਲਗਾਏ ਟਰਾਇਲ ਫਾਰਮਾਂ ਵਿੱਚ ਉਗਾਈ ਗਈ ਕਪਾਹ ਅਤੇ ਗੰਨੇ ਦੀ ਫਸਲ ਬਾਰੇ ਵੀ ਜਾਣਕਾਰੀ ਇੱਕਤਰ ਕੀਤੀ।


Baljit Singh

Content Editor

Related News