ਪੰਜਾਬ ਯੂਨੀਵਰਸਿਟੀ ਪੁੱਜੇ ਦੀਪੇਂਦਰ ਹੁੱਡਾ, ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦਾ ਕੀਤਾ ਸਮਰਥਨ
Tuesday, Nov 04, 2025 - 12:55 PM (IST)
ਚੰਡੀਗੜ੍ਹ (ਸ਼ੀਨਾ) : ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਸਥਾਨ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਪਿਛਲੇ 6 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਜਨਰਲ ਸਕੱਤਰ ਅਭਿਸ਼ੇਕ ਡਾਗਰ ਨਾਲ ਮੁਲਾਕਾਤ ਕੀਤੀ ਅਤੇ ਵਿਦਿਆਰਥੀਆਂ ਦੀਆਂ ਮੰਗਾਂ ਦਾ ਪੂਰਾ ਸਮਰਥਨ ਕੀਤਾ। ਹੁੱਡਾ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਮੰਗਾਂ ਜਾਇਜ਼ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਤੋਂ ਹਲਫ਼ਨਾਮੇ ਮੰਗਣਾ ਗੈਰ-ਲੋਕਤੰਤਰੀ ਹੈ ਅਤੇ ਉਨ੍ਹਾਂ ਦਾ ਗਲਾ ਘੁੱਟਣ ਦੇ ਬਰਾਬਰ ਹੈ। ਵਿਦਿਆਰਥੀ ਅਧਿਕਾਰਾਂ ਦੀ ਉਲੰਘਣਾ ਅਤੇ ਯੂਨੀਵਰਸਿਟੀਆਂ ਦਾ ਭਗਵਾਂਕਰਨ ਅਸਵੀਕਾਰਯੋਗ ਹੈ।
ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਰੇਨੂ ਵਿਗ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵਿਦਿਆਰਥੀਆਂ ਨਾਲ ਗੱਲਬਾਤ ਰਾਹੀਂ ਇਸ ਮੁੱਦੇ ਨੂੰ ਹੱਲ ਕਰਨ ਦੀ ਅਪੀਲ ਕੀਤੀ। ਵਾਈਸ-ਚਾਂਸਲਰ ਨੇ ਵਿਦਿਆਰਥੀਆਂ ਨਾਲ ਗੱਲ ਕਰਨ ਤੋਂ ਬਾਅਦ ਕਾਨੂੰਨੀ ਰਾਏ ਲੈਣ ਤੋਂ ਬਾਅਦ ਉਨ੍ਹਾਂ ਨੂੰ ਸਕਾਰਾਤਮਕ ਹੱਲ ਦਾ ਭਰੋਸਾ ਦਿੱਤਾ। ਵੀ. ਸੀ. ਵਲੋਂ ਦੀਪੇਂਦਰ ਹੁੱਡਾ ਨੂੰ ਭਰੋਸਾ ਜਤਾਉਂਦੇ ਕਿਹਾ ਹੈ ਹਲਫਨਾਮੇ ਦੇ ਲਈ ਉਹ ਕੋਈ ਫ਼ੈਸਲਾ ਵਿਦਿਆਰਥੀਆਂ ਦੇ ਹੱਕ ਵਿੱਚ ਲੈ ਸਕਦੇ ਹਨ ਅਤੇ ਵਿਦਿਆਰਥੀ ਕੌਂਸਲ ਦੇ ਸਾਬਕਾ ਉਪ ਪ੍ਰਧਾਨ ਰਚਿਤ ਗਰਗ ਜੇਕਰ ਕੌਰਟ ਵਿੱਚ ਦਰਜ ਯਾਚਿਕਾ ਵੀ ਵਾਪਸ ਲੈ ਲੈਣਗੇ ਤਾਂ, ਉਹ ਹਲਫ਼ਨਾਮੇ ਵਿੱਚ ਕੁੱਝ ਬਦਲਾਅ ਕਰਕੇ ਵਾਪਸ ਲੈ ਸਕਦੇ ਹਨ।
ਹੁੱਡਾ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਅਜਿਹੀਆਂ ਕਾਰਵਾਈਆਂ ਜਾਰੀ ਰੱਖਦਾ ਹੈ ਤਾਂ ਉਹ ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਵਿੱਚ ਨਿੱਜੀ ਤੌਰ 'ਤੇ ਇਹ ਮੁੱਦਾ ਚੁੱਕਣਗੇ ਅਤੇ ਸੱਤਾਧਾਰੀ ਪਾਰਟੀ ਦੀਆਂ ਇੱਕ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਦਾ ਸਖ਼ਤ ਵਿਰੋਧ ਕਰਨਗੇ। ਵਿਦਿਆਰਥੀ ਜੱਥੇਬੰਦੀ ਵਲੋਂ ਧਰਨਾ ਪ੍ਰਦਰਸ਼ਨ ਮਾਰਚ ਕੱਢਦੇ ਹੋਏ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ-2 ਨੂੰ ਬੰਦ ਕਰ ਦਿੱਤਾ ਗਿਆ ਅਤੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਵਿਦਿਆਰਥੀਆਂ ਅਤੇ ਪੁਲਸ ਵਿੱਚ ਧੱਕਾ-ਮੁਕੀ ਵੀ ਹੋਈ ਪਰ ਵਿਦਿਆਰਥੀਆਂ ਨੇ ਇਸਦਾ ਵਿਰੋਧ ਕੀਤਾ ਅਤੇ ਗੇਟ ਨੂੰ ਬੰਦ ਕੀਤਾ। ਦੱਸਣਯੋਗ ਹੈ ਕਿ 6 ਦਿਨਾਂ ਤੋਂ ਅਭਿਸ਼ੇਕ ਡਾਗਰ ਵਲੋਂ ਭੁੱਖ-ਹੜਤਾਲ ਦਾ ਇਹ ਅੰਦੋਲਨ ਹੁਣ ਤੇਜ਼ ਹੋ ਗਿਆ ਹੈ। ਇਸ ਪ੍ਰਦਰਸ਼ਨ ਕਰਨ ਦੇ ਦੋ ਮੁੱਦੇ, ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਲਾਗੂ ਕੀਤਾ ਗਿਆ ਵਿਵਾਦਪੂਰਨ ਹਲਫ਼ਨਾਮਾ ਨਿਯਮ ਅਤੇ ਕੇਂਦਰ ਸਰਕਾਰ ਵਲੋਂ ਸੈਨੇਟ ਭੰਗ ਕਰਨ ਦਾ ਹਾਲੀਆ ਫ਼ੈਸਲਾ। ਵਿਦਿਆਰਥੀਆਂ ਨੇ ਇਨ੍ਹਾਂ ਕਾਰਵਾਈਆਂ ਦਾ ਸਖ਼ਤ ਵਿਰੋਧ ਕੀਤਾ ਹੈ ਅਤੇ ਇਸਨੂੰ ਗੈਰ-ਲੋਕਤੰਤਰੀ ਦੱਸਿਆ ਹੈ।
