ਦੀਪਕ ਕਤਲ ਕਾਂਡ ’ਚ ਮੁੱਖ ਦੋਸ਼ੀ ਦੀ ਪਤਨੀ ਤੇ ਧੀ ਸਣੇ ਤਿੰਨ ਹੋਰ ਗ੍ਰਿਫ਼ਤਾਰ
Sunday, Jul 11, 2021 - 02:46 PM (IST)
ਗੁਰਦਾਸਪੁਰ (ਸਰਬਜੀਤ) : ਸਥਾਨਕ ਤਿੱਬੜੀ ਰੋਡ ਬਾਈਪਾਸ ਚੌਂਕ ਸਥਿਤ ਗੁਰਦੁਆਰਾ ਸਾਹਿਬ ’ਚ ਚੋਰੀ ਕਰਨ ਦੇ ਦੋਸ਼ ਹੇਠ ਗਰਿੱਫ ਨਾਲ ਸਬੰਧਤ ਫੌਜੀ ਦੇ ਹੋਏ ਕਤਲ ਮਾਮਲੇ ’ਚ ਸ਼ਾਮਲ ਦੋਸ਼ੀਆਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਇਸ ਮਾਮਲੇ ’ਚ ਸਿਟੀ ਪੁਲਸ ਪਹਿਲਾਂ ਹੀ ਛੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਪਰ ਅੱਜ ਪੁਲਸ ਵੱਲੋਂ ਤਿੰਨ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ’ਚ ਇਕ ਔਰਤ, ਇਕ ਕੁੜੀ ਅਤੇ ਇਕ ਵਿਅਕਤੀ ਸ਼ਾਮਲ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਐੱਸ.ਐੱਸ.ਪੀ ਡਾ.ਨਾਨਕ ਸਿੰਘ ਨੇ ਦੱਸਿਆ ਕਿ ਦੀਪਕ ਹੱਤਿਆਕਾਂਡ ਨਾਲ ਸਬੰਧਿਤ ਇਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਹੈ ਜੋ ਕਿ ਇਸ ਕੇਸ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ’ਚ ਸ਼ਾਮਲ ਪਹਿਲਾਂ ਹੀ ਦੋਸ਼ੀ ਗੁਰਜੀਤ ਸਿੰਘ ਪੁੱਤਰ ਹਰਭਜਨ ਸਿੰਘ, ਹਰਜੀਤ ਕੌਰ ਪਤਨੀ ਗੁਰਜੀਤ ਸਿੰਘ, ਦਰਕੀਰਤ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀਅਨ ਤਿੱਬੜੀ ਰੋਡ ਗੁਰਦਾਸਪੁਰ ਅਤੇ ਦਲਜੀਤ ਪੁੱਤਰ ਹਰਭਜਨ ਸਿੰਘ ਵਾਸੀ ਪਾਹੜਾ, ਗੁਰਦੁਆਰੇ ਵਿਚ ਤਬਲਾਵਾਦਕ ਮੇਹਰਦੀਪ ਸਿੰਘ ਪੁੱਤਰ ਕੰਵਲਜੀਤ ਸਿੰਘ ਵਾਸੀ ਗੁਰੂ ਨਾਨਕ ਐਵੀਨਿਊ ਤਿੱਬੜੀ ਬਾਈਪਾਸ ਗੁਰਦਾਸਪੁਰ ਅਤੇ ਪਾਠੀ ਜਸਪਿੰਦਰ ਪਾਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਤਿੱਬੜ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਐੱਸ.ਐੱਸ.ਪੀ ਡਾ.ਨਾਨਕ ਸਿੰਘ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਇਸ ਕੇਸ ’ਚ ਅੱਜ ਤਿੰਨ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ’ਚ ਮੁੱਖ ਦੋਸ਼ੀ ਗੁਰਜੀਤ ਸਿੰਘ ਸੈਣੀ ਦੀ ਦੂਜੀ ਪਤਨੀ ਮਨਜੀਤ ਕੌਰ, ਉਸ ਦੀ ਲੜਕੀ ਹਰਵਿੰਦਰ ਕੌਰ ਅਤੇ ਗੁਰਦੁਆਰਾ ’ਚ ਲੇਬਰ ਦਾ ਕੰਮ ਕਰਦੇ ਹਰਜੀਤ ਰਾਜ ਪੁੱਤਰ ਹੰਸ ਰਾਜ ਨਿਵਾਸੀ ਗਾਜ਼ੀਕੋਟ ਪੁਰਾਣਾ ਸ਼ਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਲੈ ਕੇ ਇਸ ਕੇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ, ਜੋ ਕਿ ਹੋਰ ਦੋਸ਼ੀਆਂ ਇਸ ਕੇਸ ’ਚ ਪਾਇਆ ਗਿਆ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।